ਭਾਈ ਮਨਦੀਪ ਸਿੰਘ ਖਾਲਸਾ ਵੱਲੋਂ ਸਿੱਖ ਤੇ ਕਿਸਾਨ ਜਥੇਬੰਦੀਆਂ ਨੂੰ ਇਕੱਠੇ ਹੋਣ ਦੀ ਅਪੀਲ
ਸਰਕਾਰਾਂ ਦੇ ਵਾਅਦਿਆਂ ‘ਤੇ ਸਵਾਲ, ਬੇਅਦਬੀ ਮਾਮਲੇ ‘ਚ ਅਜੇ ਤੱਕ ਇਨਸਾਫ਼ ਨਹੀਂ

ਅੰਮ੍ਰਿਤਸਰ :-
ਭਾਈ ਮਨਦੀਪ ਸਿੰਘ ਖਾਲਸਾ ਨੇ ਅੰਮ੍ਰਿਤਸਰ ਦੇ ਪ੍ਰੈੱਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਵੀਰ ਗੁਰਜੀਤ ਸਿੰਘ ਵੱਲੋਂ ਸਮਾਣਾ ਵਿਖੇ ਟਾਵਰ ‘ਤੇ ਬੈਠ ਕੇ ਕੀਤਾ ਜਾ ਰਿਹਾ ਸੰਘਰਸ਼ ਪਿਛਲੇ 15 ਮਹੀਨਿਆਂ ਤੋਂ ਜਾਰੀ ਹੈ। ਉਨ੍ਹਾਂ ਦੱਸਿਆ ਕਿ ਵੀਰ ਗੁਰਜੀਤ ਸਿੰਘ ਕਿਸੇ ਨਿੱਜੀ ਸਵਾਰਥ ਲਈ ਨਹੀਂ, ਸਗੋਂ ਗੁਰੂ ਸਾਹਿਬ ਦੀ ਬੇਅਦਬੀ ਦੇ ਖ਼ਿਲਾਫ਼ ਇਨਸਾਫ਼ ਦੀ ਮੰਗ ਲਈ ਇਹ ਕਦਮ ਚੁੱਕਿਆ ਹੈ। ਇਸ ਦੌਰਾਨ ਉਨ੍ਹਾਂ ਦੀ ਸਿਹਤ ਕਾਫ਼ੀ ਖਰਾਬ ਹੋ ਚੁੱਕੀ ਹੈ, ਜੋ ਬਹੁਤ ਚਿੰਤਾ ਦਾ ਵਿਸ਼ਾ ਹੈ।
ਭਾਈ ਮਨਦੀਪ ਸਿੰਘ ਨੇ ਸਰਕਾਰਾਂ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਚਾਹੇ ਪਿਛਲੀਆਂ ਸਰਕਾਰਾਂ ਹੋਣ ਜਾਂ ਮੌਜੂਦਾ ਸਰਕਾਰ, ਸਾਰਿਆਂ ਨੇ ਬੇਅਦਬੀ ਮਾਮਲਿਆਂ ‘ਚ ਸਖ਼ਤ ਕਾਨੂੰਨ ਬਣਾਉਣ, ਬੰਦੀ ਸਿੰਘਾਂ ਦੀ ਰਿਹਾਈ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਰਗੇ ਵਾਅਦੇ ਕੀਤੇ, ਪਰ ਅਮਲ ਵਿੱਚ ਕੁਝ ਵੀ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਇਹ ਸਰਕਾਰਾਂ ਦੀ ਵੱਡੀ ਨਾਕਾਮੀ ਹੈ ਕਿ ਅਜੇ ਤੱਕ ਕੋਈ ਠੋਸ ਹੱਲ ਨਹੀਂ ਨਿਕਲਿਆ।
ਇਸ ਮਸਲੇ ਨੂੰ ਲੈ ਕੇ 1 ਤਰੀਖ਼ ਤੋਂ ਸਮਾਣਾ ਟਾਵਰ ਤੋਂ ਪੈਦਲ ਵਹੀਰ ਸ਼ੁਰੂ ਕੀਤੀ ਜਾ ਰਹੀ ਹੈ, ਜੋ ਪਟਿਆਲਾ, ਲੁਧਿਆਣਾ, ਫਗਵਾੜਾ, ਜਲੰਧਰ ਅਤੇ ਬਿਆਸ ਵਰਗੇ ਸ਼ਹਿਰਾਂ ਤੋਂ ਹੁੰਦੀ ਹੋਈ 15 ਤਰੀਖ਼ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਮਾਪਤ ਹੋਵੇਗੀ। ਵਹੀਰ ਸਵੇਰੇ 11 ਵਜੇ ਸਮਾਣਾ ਤੋਂ ਰਵਾਨਾ ਹੋਏਗੀ।
ਭਾਈ ਮਨਦੀਪ ਸਿੰਘ ਖਾਲਸਾ ਨੇ ਸਾਰੀਆਂ ਸਿੱਖ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਧਾਰਮਿਕ ਸੰਸਥਾਵਾਂ ਅਤੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਵਹੀਰ ਵਿੱਚ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਜੇ ਸਾਰੇ ਸਿੱਖ ਇਕ ਨਿਸ਼ਾਨ ਸਾਹਿਬ ਹੇਠ ਇਕੱਠੇ ਹੋਣ, ਤਾਂ ਹੀ ਇਹ ਮਸਲਾ ਹੱਲ ਹੋ ਸਕਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਸਿਰਫ਼ ਸੋਸ਼ਲ ਮੀਡੀਆ ‘ਤੇ ਟਿੱਪਣੀਆਂ ਕਰਨ ਨਾਲ ਨਹੀਂ, ਸਗੋਂ ਮੈਦਾਨ ਵਿੱਚ ਉਤਰ ਕੇ ਹੀ ਸੰਘਰਸ਼ ਨੂੰ ਸਫਲ ਬਣਾਇਆ ਜਾ ਸਕਦਾ ਹੈ।
ਭਾਈ ਮਨਦੀਪ ਸਿੰਘ ਨੇ ਆਖ਼ਰ ‘ਚ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਸਿਰਫ਼ ਇੱਕ ਵਿਅਕਤੀ ਦਾ ਨਹੀਂ, ਸਗੋਂ ਸਾਰੇ ਸਿੱਖ ਪੰਥ ਦਾ ਸਾਂਝਾ ਮਸਲਾ ਹੈ ਅਤੇ ਇਸ ਲਈ ਸਾਰਿਆਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੋਣਾ ਚਾਹੀਦਾ ਹੈ।





















