Code Of Ethics

Download app

Subscribe To Print Edition

Punjab Weather Update: ਅੰਮ੍ਰਿਤਸਰ ਵਿੱਚ ਮੀਂਹ; ਭਿੱਖੀਵਿੰਡ ਤੇ ਹੋਰ ਖੇਤਰਾਂ ਵਿਚ ਗੜੇਮਾਰੀ

ਬੇਮੌਸਮੇ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾਈ; ਫ਼ਸਲਾਂ ਦਾ ਨੁਕਸਾਨ, ਮੰਡੀਆਂ ਵਿੱਚ ਝੋਨੇ ਦੀ ਚੁਕਾਈ ਮੁੜ ਪ੍ਰਭਾਵਿਤ ਹੋਣ ਦੇ ਆਸਾਰ

featured-img

Punjab Weather Update: ਅੰਮ੍ਰਿਤਸਰ ਵਿੱਚ ਅੱਜ ਸ਼ਾਮ ਵੇਲੇ ਮੀਂਹ ਪਿਆ ਜਦਕਿ ਭਿੱਖੀਵਿੰਡ ਵਿਚ ਅੱਜ ਸ਼ਨਿਚਰਵਾਰ ਸ਼ਾਮ ਨੂੰ ਗੜੇਮਾਰੀ ਹੋਈ ਜਿਸ ਨੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ।

ਮੌਸਮ ਵਿੱਚ ਆਏ ਅਚਾਨਕ ਬਦਲਾਅ ਕਾਰਨ ਜਿੱਥੇ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਦੇ ਨੁਕਸਾਨ ਦਾ ਖ਼ਦਸ਼ਾ ਵਧ ਗਿਆ ਹੈ, ਉੱਥੇ ਹੀ ਮੰਡੀਆਂ ਵਿੱਚ ਪਈ ਝੋਨੇ ਦੀ ਫ਼ਸਲ ਦੀ ਚੁਕਾਈ ਦਾ ਕੰਮ ਵੀ ਮੁੜ ਪ੍ਰਭਾਵਿਤ ਹੋਣ ਦੇ ਆਸਾਰ ਬਣ ਗਏ ਹਨ।

ਪਹਿਲਾਂ ਹੀ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਹੇ ਕਿਸਾਨਾਂ ਲਈ ਕੁਦਰਤ ਦੀ ਇਹ ਮਾਰ ਨਵੀਂ ਮੁਸੀਬਤ ਬਣ ਕੇ ਸਾਹਮਣੇ ਆਈ ਹੈ।

ਜਾਣਕਾਰੀ ਅਨੁਸਾਰ ਸ਼ਨਿਚਰਵਾਰ ਸ਼ਾਮ ਨੂੰ ਭਿੱਖੀਵਿੰਡ ਵਿਚ ਭਾਰੀ ਮੀਂਹ ਅਤੇ ਗੜੇਮਾਰੀ ਹੋਈ ਜਿਸ ਕਾਰਨ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੌਸਮ ਦੀ ਇਸ ਅਚਾਨਕ ਤਬਦੀਲੀ ਨੇ ਉਨ੍ਹਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਸਾਲ ਭਰ ਦੀ ਮਿਹਨਤ ਅਤੇ ਫ਼ਸਲ ਉੱਤੇ ਲਾਇਆ ਪੈਸਾ ਦਾਅ ’ਤੇ ਲੱਗਿਆ ਹੋਇਆ ਹੈ, ਜਦਕਿ ਮੀਂਹ ਅਤੇ ਗੜਿਆਂ ਕਾਰਨ ਪੈਦਾ ਹੋਏ ਹਾਲਾਤ ਨੇ ਕਿਸਾਨਾਂ ਨੂੰ ਫ਼ਸਲਾਂ ਦੀ ਸੰਭਾਲ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ।

ਕਿਸਾਨ ਰੇਸ਼ਮ ਸਿੰਘ, ਪਿਸ਼ੌਰਾ ਸਿੰਘ, ਚਾਨਣ ਸਿੰਘ ਅਤੇ ਹਰਦੇਵ ਸਿੰਘ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਖੇਤੀਬਾੜੀ ਨਾਲ ਜੁੜੀਆਂ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਵਿੱਚ ਬੇਮੌਸਮੀ ਮੀਂਹ ਅਤੇ ਗੜੇਮਾਰੀ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਫ਼ਸਲ ਦੀ ਪੈਦਾਵਾਰ ਲਈ ਕਿਸਾਨਾਂ ਨੂੰ ਬੀਜਾਂ, ਖਾਦਾਂ, ਕੀਟਨਾਸ਼ਕਾਂ, ਡੀਜ਼ਲ ਅਤੇ ਮਜ਼ਦੂਰੀ ਉੱਤੇ ਭਾਰੀ ਖ਼ਰਚ ਕਰਨਾ ਪੈਂਦਾ ਹੈ। ਜੇਕਰ ਫ਼ਸਲ ਨੂੰ ਮੌਸਮ ਦੀ ਮਾਰ ਪੈਂਦੀ ਹੈ ਤਾਂ ਕਿਸਾਨਾਂ ਦੀ ਆਮਦਨ ਉੱਤੇ ਸਿੱਧਾ ਅਸਰ ਪੈਂਦਾ ਹੈ ਅਤੇ ਉਨ੍ਹਾਂ ਲਈ ਖੇਤੀ ਦੇ ਖ਼ਰਚੇ ਪੂਰੇ ਕਰਨੇ ਵੀ ਔਖੇ ਹੋ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਬਾਰਿਸ਼ ਕਾਰਨ ਮੰਡੀਆਂ ਵਿੱਚ ਪਏ ਝੋਨੇ ਦੀ ਸੰਭਾਲ ਅਤੇ ਚੁਕਾਈ ਦਾ ਮਸਲਾ ਵੀ ਗੰਭੀਰ ਹੋ ਸਕਦਾ ਹੈ। ਜੇਕਰ ਮੰਡੀਆਂ ਵਿੱਚ ਪਿਆ ਝੋਨਾ ਮੀਂਹ ਦੀ ਲਪੇਟ ਵਿੱਚ ਆਉਂਦਾ ਹੈ ਤਾਂ ਉਸ ਦੀ ਗੁਣਵੱਤਾ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਰਹਿੰਦਾ ਹੈ। ਇਸ ਦੇ ਨਾਲ ਹੀ ਜੇਕਰ ਮੀਂਹ ਕਾਰਨ ਖ਼ਰੀਦ ਅਤੇ ਚੁਕਾਈ ਦਾ ਕੰਮ ਰੁਕਦਾ ਹੈ ਤਾਂ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਹੋਰ ਉਡੀਕ ਕਰਨੀ ਪੈ ਸਕਦੀ ਹੈ। ਮੰਡੀਆਂ ਵਿੱਚ ਪਹਿਲਾਂ ਹੀ ਫ਼ਸਲ ਦੀ ਚੁਕਾਈ ਨੂੰ ਲੈ ਕੇ ਬਣੇ ਹਾਲਾਤ ਦਰਮਿਆਨ ਮੌਸਮ ਦੀ ਖ਼ਰਾਬੀ ਨੇ ਕਿਸਾਨਾਂ ਦੀਆਂ ਚਿੰਤਾਵਾਂ ਹੋਰ ਵਧਾ ਦਿੱਤੀਆਂ ਹਨ।

ਕਿਸਾਨਾਂ ਨੇ ਮੰਗ ਕੀਤੀ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਪ੍ਰਭਾਵਿਤ ਖੇਤਾਂ ਦਾ ਜਾਇਜ਼ਾ ਲਿਆ ਜਾਵੇ ਅਤੇ ਨੁਕਸਾਨ ਦਾ ਸਹੀ ਮੁਲਾਂਕਣ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਫ਼ਸਲਾਂ ਦਾ ਨੁਕਸਾਨ ਹੋਇਆ ਹੈ ਤਾਂ ਪ੍ਰਭਾਵਿਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਮੰਡੀਆਂ ਵਿੱਚ ਪਏ ਝੋਨੇ ਨੂੰ ਮੀਂਹ ਤੋਂ ਬਚਾਉਣ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ ਅਤੇ ਫ਼ਸਲ ਦੀ ਚੁਕਾਈ ਵਿੱਚ ਤੇਜ਼ੀ ਲਿਆਂਦੀ ਜਾਵੇ।

ਮਾਨਸਾ ਵਿੱਚ ਗੜੇਮਾਰੀ; ਮੰਡੀਆਂ ਵਿੱਚ ਝੋਨਾ ਭਿੱਜਿਆ

ਜੋਗਿੰਦਰ ਸਿੰਘ ਮਾਨ

ਮਾਨਸਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸ਼ਨਿੱਚਰਵਾਰ ਦੇਰ ਸ਼ਾਮ ਮੀਂਹ ਦੇ ਨਾਲ ਗੜੇ ਪਏ, ਜਿਸ ਕਾਰਨ ਮੌਸਮ ਨੇ ਅਚਾਨਕ ਕਰਵਟ ਲੈ ਲਈ। ਮੀਂਹ ਪੈਣ ਨਾਲ ਮੰਡੀਆਂ ਵਿੱਚ ਵਿਕਰੀ ਲਈ ਲਿਆਂਦਾ ਗਿਆ ਝੋਨਾ ਭਿੱਜ ਗਿਆ, ਜਿਸ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਧਣ ਦਾ ਖ਼ਦਸ਼ਾ ਹੈ। ਇਸ ਮੀਂਹ ਕਾਰਨ ਐਤਵਾਰ ਨੂੰ ਖੇਤਾਂ ਵਿੱਚ ਝੋਨੇ ਦੀ ਵਾਢੀ ਦਾ ਕੰਮ ਵੀ ਪ੍ਰਭਾਵਿਤ ਹੋ ਸਕਦਾ ਹੈ।

ਮੀਂਹ ਅਤੇ ਗੜਿਆਂ ਕਾਰਨ ਮੰਡੀਆਂ ਵਿੱਚ ਪਈ ਝੋਨੇ ਦੀ ਫ਼ਸਲ ਦੇ ਭਿੱਜਣ ਨਾਲ ਕਿਸਾਨਾਂ ਨੂੰ ਫ਼ਸਲ ਸੁਕਾਉਣ ਲਈ ਵਾਧੂ ਮਿਹਨਤ ਕਰਨੀ ਪੈ ਸਕਦੀ ਹੈ। ਜੇਕਰ ਮੌਸਮ ਸਾਫ਼ ਹੋਣ ਵਿੱਚ ਦੇਰੀ ਹੁੰਦੀ ਹੈ ਤਾਂ ਖ਼ਰੀਦ ਅਤੇ ਲਿਫ਼ਟਿੰਗ ਦੇ ਕੰਮ ’ਤੇ ਵੀ ਅਸਰ ਪੈਣ ਦਾ ਖ਼ਦਸ਼ਾ ਹੈ। ਕਿਸਾਨਾਂ ਲਈ ਪਹਿਲਾਂ ਹੀ ਝੋਨੇ ਦੀ ਕਟਾਈ, ਢੋਆ-ਢੁਆਈ ਅਤੇ ਮੰਡੀ ਵਿੱਚ ਫ਼ਸਲ ਲਿਆਉਣ ਦਾ ਕੰਮ ਅਹਿਮ ਹੈ। ਅਜਿਹੇ ਵਿੱਚ ਮੀਂਹ ਕਾਰਨ ਫ਼ਸਲ ਦੀ ਨਮੀ ਵਧਣ ਨਾਲ ਵਿਕਰੀ ਵਿੱਚ ਦੇਰੀ ਹੋ ਸਕਦੀ ਹੈ।

ਮੀਂਹ ਦੇ ਨਾਲ ਗੜੇ ਪੈਣ ਕਾਰਨ ਇਲਾਕੇ ਵਿੱਚ ਹਲਕੀ ਠੰਢ ਹੋਣ ਦੇ ਆਸਾਰ ਹਨ। ਕਿਸਾਨਾਂ ਨੂੰ ਵੀ ਮੌਸਮ ਸਾਫ਼ ਹੋਣ ਦੀ ਉਡੀਕ ਕਰਨੀ ਪਵੇਗੀ, ਤਾਂ ਜੋ ਖੇਤਾਂ ਵਿੱਚ ਖੜ੍ਹੀ ਫ਼ਸਲ ਦੀ ਕਟਾਈ ਮੁੜ ਸ਼ੁਰੂ ਕੀਤੀ ਜਾ ਸਕੇ। ਜੇਕਰ ਆਉਣ ਵਾਲੇ ਦਿਨਾਂ ਵਿੱਚ ਮੁੜ ਮੀਂਹ ਪੈਂਦਾ ਹੈ ਤਾਂ ਵਾਢੀ ਅਤੇ ਮੰਡੀਆਂ ਵਿੱਚ ਝੋਨੇ ਦੀ ਸੰਭਾਲ ਦਾ ਕੰਮ ਹੋਰ ਪ੍ਰਭਾਵਿਤ ਹੋ ਸਕਦਾ ਹੈ।

 

Leave a Comment

Advertisment