ਪੁਲੀਸ ਮਾਮਲੇ ਦੀ ਜਾਂਚ ਵਿੱਚ ਜੁਟੀ
ਇੱਥੋਂ ਦੀ ਭੁੱਚੋ ਕੈਂਚੀਆਂ ਰੋਡ ’ਤੇ ਸਥਿਤ ਫਲਿੱਪਕਾਰਟ ਕੰਪਨੀ ਦੇ ਗੋਦਾਮ ਵਿੱਚੋਂ ਚੋਰ ਸ਼ਟਰ ਦਾ ਤਾਲਾ ਤੋੜ ਕੇ ਲਗਭਗ 4 ਕਰੋੜ 57 ਲੱਖ ਰੁਪਏ ਦੇ ਸੈਮਸੰਗ ਕੰਪਨੀ ਦੇ ਲਗਭਗ 980 ਕੀਮਤੀ ਮੋਬਾਈਲ ਫ਼ੋਨ ਚੋਰੀ ਕਰਕੇ ਲੈ ਗਏ। ਚੋਰ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਏ। ਚੋਰੀ ਦੀ ਇਸ ਵੱਡੀ ਘਟਨਾ ਦੀ ਜਾਂਚ ਲਈ ਸਾਈਬਰ ਕਰਾਈਮ ਵਿਭਾਗ ਦੇ ਡੀਐੱਸਪੀ ਸਰਬਜੀਤ ਸਿੰਘ, ਡੀਐੱਸਪੀ (ਡੀ) ਸੰਦੀਪ ਸਿੰਘ ਭਾਟੀ, ਸੀਆਈਏ ਟੀਮ ਅਤੇ ਮੋਬਾਈਲ ਫ਼ੋਰੈਂਸਿਕ ਲੈਬ ਦੇ ਅਧਿਕਾਰੀ ਘਟਨਾ ਸਥਾਨ ’ਤੇ ਪਹੁੰਚੇ। ਉਨ੍ਹਾਂ ਕੰਪਨੀ ਦੇ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ। ਉਨ੍ਹਾਂ ਦੱਸਿਆ ਕਿ ਫਲਿੱਪਕਾਰਟ ਕੰਪਨੀ ਦੇ ਲੀਗਲ ਅਧਿਕਾਰੀਆਂ ਦੀ ਟੀਮ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਇਸ ਮੌਕੇ ਸਾਈਬਰ ਕਰਾਈਮ ਵਿਭਾਗ ਦੇ ਡੀਐੱਸਪੀ ਸਰਬਜੀਤ ਸਿੰਘ ਵੱਲੋਂ ਇਸ ਗੋਦਾਮ ਦੇ ਇੰਚਾਰਜ ਪ੍ਰਕਾਸ਼ ਚੰਦ ਤੋਂ ਕੀਤੀ ਗਈ ਪੁੱਛਗਿੱਛ ਅਨੁਸਾਰ ਕੰਪਨੀ ਨੇ ਇਹ ਗੋਦਾਮ ਕੁਝ ਸਮਾਂ ਪਹਿਲਾਂ ਹੀ ਖੋਲ੍ਹਿਆ ਸੀ। ਉਨ੍ਹਾਂ ਦੱਸਿਆ ਕਿ ਕੰਪਨੀ ਦੇ ਮੁਲਾਜ਼ਮ ਰਾਤੀਂ ਗੋਦਾਮ ਵਿੱਚ ਨਵਾਂ ਆਇਆ ਮਾਲ ਉਤਾਰ ਕੇ ਦੋ ਕੁ ਵਜੇ ਗੋਦਾਮ ਬੰਦ ਕਰਕੇ ਗਏ ਸਨ ਅਤੇ ਤਿੰਨ ਕੁ ਘੰਟਿਆਂ ਬਾਅਦ ਸਵੇਰੇ ਜਦੋਂ ਗੋਦਾਮ ਖੋਲ੍ਹਣ ਲਈ ਆਏ, ਤਾਂ ਗੋਦਾਮ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਸ਼ਟਰ ਅੱਧਾ ਉੱਪਰ ਚੁੱਕਿਆ ਹੋਇਆ ਸੀ।
ਚੋਰਾਂ ਨੇ ਇਸ ਸਮੇਂ ਦੌਰਾਨ ਹੀ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਚੋਰ ਗੋਦਾਮ ਵਿੱਚੋਂ ਲਗਭਗ 980 ਕੀਮਤੀ ਮੋਬਾਈਲ ਫ਼ੋਨ ਚੋਰੀ ਕਰਕੇ ਲੈ ਗਏ। ਪੁਲੀਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਵਿੱਚ ਜੁਟੀ ਹੋਈ ਸੀ। ਜਾਣਕਾਰੀ ਹਾਸਲ ਕਰਨ ਲਈ ਜਦੋਂ ਗੋਦਾਮ ਦੇ ਮੈਨੇਜਰ ਲਵਪ੍ਰੀਤ ਸਿੰਘ, ਟੀਐੱਲ ਬਲਜਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਨਾਲ ਸੰਪਰਕ ਕਰਨਾ ਚਾਹਿਆ, ਤਾਂ ਉਨ੍ਹਾਂ ਦੇ ਮੋਬਾਈਲ ਫ਼ੋਨ ਸਵਿੱਚ ਆਫ਼ ਆ ਰਹੇ ਸਨ।




















