ਗੁਰਦਾਸਪੁਰ 16-9-2025 :- ਸਤੰਬਰ ਤਿੰਨ ਮਹੀਨਿਆਂ ਤੋਂ ਤਨਖਾਹਾਂ ਅਤੇ ਮਾਣ ਭੱਤੇ ਦੀ ਉਡੀਕ ਕਰ ਰਹੀਆਂ ਆਸ਼ਾ ਵਰਕਰਾਂ ਦੇ ਸਬਰ ਦਾ ਪਿਆਲਾ ਨੱਕੋ ਨੱਕ ਭਰ ਗਿਆ ਹੈ। ਹੜ੍ਹ ਅਤੇ ਬਾਰਸ਼ਾਂ ਦੀ ਮਾਰ ਝੱਲ ਰਹੀਆਂ ਵਰਕਰਾਂ ਲਈ ਸਿਹਤ ਵਿਭਾਗ ਵੱਲੋਂ ਕੋਈ ਆਰਥਕ ਸਹਾਇਤਾ ਨਾ ਕਰਨ ਦੇ ਰੋਸ ਵਜੋਂ ਅੱਜ ਡੈਮੋਕ੍ਰੇਟਿਕ ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਗੁਰਦਾਸਪੁਰ ਵਲੋਂ ਸਥਾਨਕ ਗੁਰੂ ਨਾਨਕ ਪਾਰਕ ਵਿਖੇ ਰੋਸ਼ ਰੈਲੀ ਕੀਤੀ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਐਸ ਡੀ ਐਮ ਗੁਰਦਾਸਪੁਰ ਰਾਂਹੀ ਮੰਗ ਪੱਤਰ ਭੇਜਿਆ। ਹਾਜ਼ਰ ਵਰਕਰਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸਲਾਹਕਾਰ ਅਮਰਜੀਤ ਸ਼ਾਸਤਰੀ ਨੇ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਸਭ ਤੋਂ ਵੱਧ ਪਿੰਡ ਹੜ੍ਹ ਪ੍ਰਭਾਵਿਤ ਹਨ। ਜਿਨ੍ਹਾਂ ਵਿੱਚ ਬਹੁਤ ਸਾਰੀਆਂ ਵਰਕਰਾਂ ਦੇ ਘਰਾਂ ਵਿੱਚ ਪਾਣੀ ਆਉਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਉਧਰ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੱਦਦ ਕਰਵਾਉਣ ਦੀ ਬਜਾਏ ਉਨ੍ਹਾਂ ਦੀਆਂ ਡਿਊਟੀਆਂ ਹੜ੍ਹ ਰਾਹਤ ਕੈਂਪ ਵਿੱਚ ਲਗਾਈਆ ਗਈਆਂ ਸਨ। ਹੁਣ ਵਿਭਾਗ ਵੱਲੋਂ ਉਨ੍ਹਾਂ ਦੀਆਂ ਡਿਊਟੀਆਂ ਬਗੈਰ ਕਿਸੇ ਮਾਣ ਭੱਤਾ ਦਿੱਤਿਆਂ ਬਣਦੀ ਡਿਊਟੀ ਦੇ ਉਲਟ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਦਵਾਈਆਂ ਵੰਡਣ ਉਪਰ ਲਗਾ ਦਿੱਤੀਆਂ ਹਨ।

ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਸਿਹਤ ਸਹੂਲਤਾਂ ਦਾ ਦਾਅਵੇ ਉਸ ਸਮੇਂ ਖੋਖਲੇ ਸਾਬਤ ਹੋ ਰਹੇ ਹਨ ਜਦੋਂ ਆਸ਼ਾ ਵਰਕਰਾਂ ਨੂੰ ਮਲੇਰੀਆ ਅਤੇ ਡੇਗੂ, ਚਮੜੀ ਰੋਗਾਂ ਦੀ ਦਵਾਈ ਵੰਡਣ ਤੇ ਲਗਾਇਆ ਹੋਇਆ ਹੈ ਜੋ ਕਿ ਉਨ੍ਹਾਂ ਦੇ ਹੈਲਥ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੈ।। ਹਾਜ਼ਰ ਵਰਕਰਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਕੌਰ ਅਲੀਸ਼ੇਰ ਅਤੇ ਜਨਰਲ ਸਕੱਤਰ ਗੁਰਵਿੰਦਰ ਕੌਰ ਬਹਿਰਾਮਪੁਰ ਨੇ ਕਿਹਾ ਕਿ ਸਰਕਾਰ ਸਾਡੇ ਸਬਰ ਦੀ ਪ੍ਰੀਖਿਆ ਨਾ ਲਵੇ ਕਿਉਂਕਿ ਤਿੰਨ ਮਹੀਨਿਆਂ ਤੋਂ ਤਨਖਾਹਾਂ ਤੋਂ ਬਿਨਾਂ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ ਕਿਉਂਕਿ ਸਰਕਾਰ ਆਸ਼ਾ ਵਰਕਰਾਂ ਨੂੰ ਸਿਰਫ 2500 ਰੁਪਏ ਮਹੀਨਾ ਤਨਖਾਹ ਅਤੇ ਕੰਮ ਆਧਾਰਤ ਮਾਣ ਭੱਤਾ ਦਿੰਦੀ ਹੈ। ਨਿਯਮਾਂ ਦੇ ਉਲਟ ਆਸ਼ਾ ਵਰਕਰਾਂ ਨੂੰ ਵਾਧੂ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਿਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਇੱਕ ਹਫ਼ਤੇ ਅੰਦਰ ਤਨਖਾਹਾਂ ਜਾਰੀ ਨਾ ਕੀਤੀਆਂ ਤਾਂ ਵਰਕਰਾਂ ਵੱਲੋਂ ਸਿਵਲ ਸਰਜਨ ਦਫ਼ਤਰ ਅੱਗੇ ਪੱਕਾ ਧਰਨਾ ਲਗਾ ਦਿੱਤਾ ਜਾਵੇਗਾ । ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਡਿਊਟੀ ਦਾ ਬਾਈਕਾਟ ਕੀਤਾ ਜਾਵੇਗਾ।





















