ਸੇਵਾਵਾਂ ਨਿਯਮਤ ਕਰਨ ਤੇ ਮੁਲਾਜ਼ਮਾਂ ਦੀ ਬਹਾਲੀ ਨੂੰ ਲੈ ਕੇ ਪਰਿਵਾਰਾਂ ਸਣੇ ਪਾਵਰਕੌਮ ਦਫ਼ਤਰ ਅੱਗੇ ਲਾਏ ਸਨ ਡੇਰੇ
ਪਟਿਆਲਾ, 29 ਮਈ :- ਪਾਵਰਕੌਮ ਅਤੇ ਟਰਾਂਸਕੋ ਕੰਟਰੈਕਟ ਕਰਮਚਾਰੀ ਯੂਨੀਅਨ ਦੇ ਵਰਕਰਾਂ ਨੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਸੂਬਾ ਪ੍ਰਧਾਨ ਬਲਿਹਾਰ ਸਿੰਘ ਦੀ ਅਗਵਾਈ ਹੇਠਾਂ ਇਥੇ ਪਾਵਰਕੌਮ ਦੇ ਮੁੱਖ ਦਫਤਰ ਮੂਹਰੇ ਅੱਜ ਦੂਜੇ ਦਿਨ ਵੀ ਸੂਬਾਈ ਧਰਨਾ ਦਿੱਤਾ। ਉਹ ਸੇਵਾਵਾਂ ਨੂੰ ਨਿਯਮਤ ਕਰਨ, ਛਾਂਟੀ ਕੀਤੇ ਕਰਮਚਾਰੀਆਂ ਦੀ ਬਹਾਲੀ ਅਤੇ ਤਨਖਾਹਾਂ ਵਿੱਚ ਵਾਧੇ ਦੀ ਮੰਗ ਕਰ ਰਹੇ ਸਨ। ਇਨ੍ਹਾਂ ਪ੍ਰਦਰਸ਼ਨਕਾਰੀਆਂ ਦੇ ਆਗੂਆਂ ਦੀ ਅੱਜ ਵਿੱਤ ਮੰਤਰੀ ਹਰਪਾਲ ਚੀਮਾ ਨਾਲ਼ ਮੀਟਿੰਗ ਵੀ ਹੋਈ ਜਿਸ ਦੌਰਾਨ ਮੰਗਾਂ ਦੀ ਪੂਰਤੀ ਦੇ ਮਿਲੇ ਭਰੋਸੇ ਮਗਰੋਂ ਯੂਨੀਅਨ ਪ੍ਰਧਾਨ ਬਲਿਹਾਰ ਸਿੰਘ ਨੇ ਦੇਰ ਸ਼ਾਮ ਨੂੰ ਇਹ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ।
ਇਸ ਤੋਂ ਪਹਿਲਾਂ ਇਨ੍ਹਾਂ ਕਾਮਿਆਂ ਨੇ ਗਰਮੀ ਦੀ ਤਪਸ਼ ਵਿਚ ਆਪਣੇ ਪਰਿਵਾਰਾਂ ਤੇ ਬੱਚਿਆਂ ਸਮੇਤ ਸੜਕ ਕਿਨਾਰੇ ਤੰਬੂ ਵਿਚ ਦਿਨ ਤੇ ਰਾਤ ਬਿਤਾਈ। ਯੂਨੀਅਨ ਆਗੂਆਂ ਨੇ ਮੰਗਾਂ ਦੀ ਪੂਰਤੀ ਨਾ ਹੋਣ ’ਤੇ ਮੁੜ ਤੋਂ ਸੰਘਰਸ਼ ਵਿੱਢਣ ਦੀ ਚਿਤਾਵਨੀ ਵੀ ਦਿੱਤੀ। ਜ਼ਿਕਰਯੋਗ ਹੈ ਕਿ 28 ਮਈ ਨੂੰ ਸ਼ੁਰੂ ਹੋਏ ਇਸ ਧਰਨੇ ਵਿਚ ਇਨ੍ਹਾਂ ਮੁਲਾਜ਼ਮਾਂ ਦੇ ਬੱਚੇ ਅਤੇ ਪਰਿਵਾਰਕ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ ਸੀ ਜਿਸ ਦੌਰਾਨ ਮਾਲ ਰੋਡ ਦੇ ਇੱਕ ਪਾਸੇ ਦੀ ਆਵਜਾਈ ਠੱਪ ਰਹੀ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਮਾਲ ਰੋਡ ਪਟਿਆਲਾ ਦੇ ਨੇੜੇ ਬੈਂਕ ਸਟਰੀਟ, ਟੀਬੀ ਹਸਪਤਾਲ ਰੋਡ ਅਤੇ ਸ਼ੇਰਾਂ ਵਾਲਾ ਗੇਟ ਆਦਿ ਖੇਤਰਾਂ ਵਿਚੋਂ ਦੀ ਹੁੰਦੇ ਹੋਏ ਰੋਸ ਮਾਰਚ ਵੀ ਕੀਤਾ।





















