Code Of Ethics

Download app

Subscribe To Print Edition

ਮੀਂਹ ਕਾਰਨ ਸੜਕਾਂ ਨੇ ਝੀਲਾਂ ਦਾ ਰੂਪ ਧਾਰਿਆ

ਅੰਮ੍ਰਿਤਸਰ, 9 ਜੁਲਾਈ
ਇੱਥੇ ਗੁਰੂ ਨਗਰੀ ਵਿਚ ਤੀਜੇ ਦਿਨ ਵੀ ਲਗਾਤਾਰ ਬਾਰਿਸ਼ ਦਾ ਸਿਲਸਿਲਾ ਜਾਰੀ ਰਿਹਾ ਹੈ, ਜਿਸ ਨਾਲ ਆਮ ਜਨ-ਜੀਵਨ ਪ੍ਰਭਾਵਿਤ ਹੋਇਆ। ਅੱਜ ਸਵੇਰੇ ਲਗਭਗ 6 ਵਜੇ ਮੀਂਹ ਪੈਣਾ ਸ਼ੁਰੂ ਹੋਇਆ ਸੀ, ਜੋ ਸ਼ਾਮ ਤੱਕ ਜਾਰੀ ਰਿਹਾ। ਲਗਭਗ 12 ਘੰਟੇ ਦੌਰਾਨ ਬਾਰਿਸ਼ ਨਿਰੰਤਰ ਜਾਰੀ ਰਹੀ। ਇਸ ਨਾਲ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ। ਬਾਰਿਸ਼ ਦੇ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਅਤੇ ਇਸ ਨੇ ਆਮ ਜਨ-ਜੀਵਨ ’ਤੇ ਅਸਰ ਪਾਇਆ ਹੈ। ਲਗਾਤਾਰ ਪੈ ਰਹੇ ਮੀਂਹ ਕਾਰਨ ਲੋਕਾਂ ਦਾ ਕੰਮਕਾਜ ਵੀ ਠੱਪ ਰਿਹਾ ਅਤੇ ਖਾਸ ਕਰ ਕੇ ਦਿਹਾੜੀਦਾਰ ਲੋਕਾਂ ਨੂੰ ਕੰਮ ਨਾ ਮਿਲਣ ਕਾਰਨ ਵਧੇਰੇ ਮੁਸ਼ਕਿਲ ਪੇਸ਼ ਆਈ ਹੈ। ਇਸ ਦੌਰਾਨ ਲਗਾਤਾਰ ਬਾਰਿਸ਼ ਕਾਰਨ ਸਬਜ਼ੀਆਂ ਦੇ ਰੇਟ ਵੀ ਅਸਮਾਨ ’ਤੇ ਚੜ੍ਹ ਗਏ ਹਨ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਘੱਟੋ-ਘੱਟ ਤਾਪਮਾਨ 23 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਵਲੋਂ ਕੀਤੀ ਗਈ ਪੇਸ਼ੀਨਗੋਈ ਦੇ ਮੁਤਾਬਕ ਅੱਜ ਰਾਤ ਅਤੇ ਭਲਕੇ 9 ਜੁਲਾਈ ਨੂੰ ਵੀ ਸਾਰਾ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ।
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਇਲਾਕੇ ਵਿਚ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨਾਲ ਲੋਕਾਂ ਦੀਆਂ ਸਮੱਸਿਆਵਾਂ ਵਿਚ ਵਾਧਾ ਹੋ ਗਿਆ। ਪਹਾੜਾਂ ਵਿਚ ਪੈ ਰਹੇ ਮੀਂਹ ਕਾਰਨ ਦਰਿਆ ਸਤਲੁਜ ਅਤੇ ਚਿੱਟੀ ਵੇਈਂ ਵਿਚ ਵੀ ਪਾਣੀ ਦਾ ਪੱਧਰ ਵਧ ਚੁੱਕਾ ਹੈ। ਦਰਿਆ ਅਤੇ ਵੇਈਂ ਵਿਚ ਪਾਣੀ ਦੇ ਵਹਾਅ ਦੇ ਤੇਜ਼ ਹੋਣ ਕਾਰਨ ਲੋਕ ਕਾਫੀ ਚਿੰਤਤ ਹਨ। ਦਰਿਆ ਕਿਨਾਰੇ ਵਸੇ ਵਸਨੀਕਾਂ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਇਸੇ ਤਰ੍ਹਾਂ ਮੀਂਹ ਪੈਂਦਾ ਰਿਹਾ ਤਾਂ ਉਹ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਵੱਡਾ ਕਾਰਨ ਵੀ ਬਣ ਸਕਦਾ ਹੈ। ਲਗਾਤਾਰ ਮੀਂਹ ਪੈਣ ਨਾਲ ਇਲਾਕੇ ਦੀਆਂ ਨੀਵੀਆਂ ਥਾਵਾਂ ਪਾਣੀ ਨਾਲ ਭਰ ਗਈਆਂ ਹਨ, ਜਿਸ ਕਾਰਨ ਦੋ ਪਹੀਆਂ ਵਾਹਨ ਚਾਲਕਾਂ ਤੇ ਪੈਦਲ ਜਾਣ ਵਾਲਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸ਼ਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦੀਆਂ ਨੀਵੀਆਂ ਫਸਲਾਂ ਵਿਚ ਪਾਣੀ ਵਿਚ ਡੁੱਬ ਗਈਆਂ ਹਨ।
ਤਰਨ ਤਾਰਨ (ਗੁਰਬਖਸ਼ਪੁਰੀ): ਝਬਾਲ ਕਸਬੇ ’ਚੋਂ ਲੰਘਦੀ ਡਰੇਨ ਦੀ ਸਮੇਂ ਸਿਰ ਸਫਾਈ ਨਾ ਹੋਣ ਕਾਰਨ ਇਲਾਕੇ ਦੇ ਕਈ ਪਿੰਡਾਂ ਦੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ, ਜਿਸ ਕਾਰਨ ਕਿਸਾਨਾਂ ਵਿੱਚ ਕਾਫੀ ਰੋਸ ਹੈ। ਅੱਜ ਝਬਾਲ ਇਲਾਕੇ ਦੇ ਪਿੰਡਾਂ ਦਾ ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਦੌਰਾ ਕੀਤਾ| ਡੀਸੀ ਨੇ ਡਰੇਨ ਦੀ ਸਫਾਈ ਕਰਨ ਵਿੱਚ ਵਰਤੀ ਅਣਗਹਿਲੀ ਲਈ ਕਸੂਰਵਾਰ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ| ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਦਿਵਾਇਆ ਕਿ ਉਹ ਕਿਸਾਨਾਂ ਨੂੰ ਉੱਚਿਤ ਮੁਆਵਜ਼ਾ ਦੇਣ ਲਈ ਸਿਫਾਰਿਸ਼ ਕਰਨਗੇ| Punjabi Akhar

Advertisment