Explainer: ਭਾਰਤੀ ਖੇਤੀਬਾੜੀ ਦੇ ਇਤਿਹਾਸ ਵਿੱਚ ਅੱਜ ਦਾ ਦਿਨ ਇੱਕ ਵੱਡੀ ਤਕਨੀਕੀ ਤਬਦੀਲੀ ਵਜੋਂ ਦਰਜ ਹੋਣ ਜਾ ਰਿਹਾ ਹੈ। ਅਕਸਰ ਖ਼ਰਾਬ ਮੌਸਮ ਅਤੇ ਜਾਣਕਾਰੀ ਦੀ ਘਾਟ ਕਾਰਨ ਨੁਕਸਾਨ ਝੱਲਣ ਵਾਲਾ ‘ਅੰਨਦਾਤਾ’ ਹੁਣ ਮਨਸੂਈ ਬੌਧਿਕਤਾ (ਏ ਆਈ) ਦੇ ਸੁਰੱਖਿਆ ਕਵਚ ਨਾਲ…
Explainer: ਭਾਰਤੀ ਖੇਤੀਬਾੜੀ ਦੇ ਇਤਿਹਾਸ ਵਿੱਚ ਅੱਜ ਦਾ ਦਿਨ ਇੱਕ ਵੱਡੀ ਤਕਨੀਕੀ ਤਬਦੀਲੀ ਵਜੋਂ ਦਰਜ ਹੋਣ ਜਾ ਰਿਹਾ ਹੈ। ਅਕਸਰ ਖ਼ਰਾਬ ਮੌਸਮ ਅਤੇ ਜਾਣਕਾਰੀ ਦੀ ਘਾਟ ਕਾਰਨ ਨੁਕਸਾਨ ਝੱਲਣ ਵਾਲਾ ‘ਅੰਨਦਾਤਾ’ ਹੁਣ ਮਨਸੂਈ ਬੌਧਿਕਤਾ (ਏ ਆਈ) ਦੇ ਸੁਰੱਖਿਆ ਕਵਚ ਨਾਲ ਲੈਸ ਹੋਵੇਗਾ। ਆਈ ਆਈ ਟੀ (IIT) ਰੋਪੜ ਵਿੱਚ ਬਣੇ ANNAM.AI (ਖੇਤੀਬਾੜੀ ਲਈ ਏ ਆਈ ਦਾ ਸੈਂਟਰ ਆਫ ਐਕਸੀਲੈਂਸ) ਨੇ ਕੇਂਦਰ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਸਹਿਯੋਗ ਨਾਲ ਇੱਕ ਅਜਿਹੀ ਡਿਜੀਟਲ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਹੈ, ਜੋ ਸਿੱਧੀ ਖੇਤ ਦੀ ਮਿੱਟੀ ਅਤੇ ਕਿਸਾਨ ਦੀ ਜੇਬ ਨਾਲ ਜੁੜੀ ਹੋਈ ਹੈ।
ਰੋਪੜ ਵਿੱਚ ਹੋਏ ‘ਸਮਾਰਟ ਐਗਰੀ ਸਮਿਟ 2026’ ਦੌਰਾਨ ਮਾਹਰਾਂ ਨੇ ਸਪਸ਼ਟ ਕਰ ਦਿੱਤਾ ਕਿ ਹੁਣ ਖੇਤੀ ਸਿਰਫ਼ ਤਜ਼ਰਬੇ ਦੇ ਭਰੋਸੇ ਨਹੀਂ, ਸਗੋਂ ਸਹੀ ਵਿਗਿਆਨਕ ਅੰਕੜਿਆਂ ਦੇ ਆਧਾਰ ‘ਤੇ ਕੀਤੀ ਜਾਵੇਗੀ। ਆਓ ਸਮਝਦੇ ਹਾਂ ਕਿ ਇਹ ਤਕਨੀਕ ਕਿਵੇਂ ਕੰਮ ਕਰੇਗੀ ਅਤੇ ਕਿਸਾਨ ਨੂੰ ਇਸ ਦਾ ਕੀ ਫਾਇਦਾ ਹੋਵੇਗਾ।
ਕਿਸਾਨਾਂ ਲਈ ਮੌਸਮ ਅਪਡੇਟ
ਭਾਰਤੀ ਖੇਤੀ ਦੀ ਸਭ ਤੋਂ ਵੱਡੀ ਸਮੱਸਿਆ ਮੌਸਮ ਦਾ ਅਨਿਸ਼ਚਿਤ ਹੋਣਾ ਹੈ। ਹੁਣ ਤੱਕ ਮੌਸਮ ਦੀ ਜੋ ਜਾਣਕਾਰੀ ਮਿਲਦੀ ਹੈ,ਉਹ ਜ਼ਿਲ੍ਹਾ ਜਾਂ ਬਲਾਕ ਪੱਧਰ ਦੀ ਹੁੰਦੀ ਹੈ, ਜੋ ਕਈ ਵਾਰ ਸਹੀ ਸਾਬਤ ਨਹੀਂ ਹੁੰਦੀ। ANNAM.AI ਨੇ ਇਸੇ ਚੁਣੌਤੀ ਨੂੰ ਹੱਲ ਕਰਦੇ ਹੋਏ 100 ਆਧੁਨਿਕ ਏ ਆਈ-ਅਧਾਰਿਤ ਮੌਸਮ ਸਟੇਸ਼ਨ ਲਗਾਉਣੇ ਸ਼ੁਰੂ ਕੀਤੇ ਹਨ।
ਤਕਨੀਕ ਦਾ ਸਟੀਕ ਨਿਸ਼ਾਨਾ
ਇਹ ਸਟੇਸ਼ਨ ਆਮ ਮੌਸਮ ਸਟੇਸ਼ਨਾਂ ਨਾਲੋਂ ਕਿਤੇ ਜ਼ਿਆਦਾ ਆਧੁਨਿਕ ਹਨ। ਇਨ੍ਹਾਂ ਦੀ ਸਭ ਤੋਂ ਵੱਡੀ ਖੂਬੀ ਇਨ੍ਹਾਂ ਦਾ ‘ਹਾਇਪਰਲੋਕਲ’ (ਬਹੁਤ ਹੀ ਸਥਾਨਕ ਪੱਧਰ ਦੀ ਜਾਣਕਾਰੀ ਦੇਣ ਵਾਲਾ) ਹੋਣਾ ਹੈ।
ਤਕਨੀਕ ਦੇ ਫਾਇਦੇ:
ਪੰਜਾਬ ਤੋਂ ਸ਼ੁਰੂਆਤ: ਇਸ ਵੱਡੇ ਪ੍ਰੋਜੈਕਟ ਲਈ ਪੰਜਾਬ ਨੂੰ ਸਭ ਤੋਂ ਪਹਿਲਾਂ ਚੁਣਿਆ ਗਿਆ ਹੈ।
ਬਿਲਕੁਲ ਮੁਫ਼ਤ: ਖ਼ਾਸ ਗੱਲ ਇਹ ਹੈ ਕਿ ਇਹ ਹਾਈ-ਟੈਕ ਸਟੇਸ਼ਨ ਕਿਸਾਨਾਂ ਨੂੰ ਮੁਫ਼ਤ ਉਪਲਬਧ ਕਰਵਾਏ ਰਹੇ ਹਨ।
ਸਹੀ ਜਾਣਕਾਰੀ: ਹੁਣ ਕਿਸਾਨਾਂ ਨੂੰ ਮੌਸਮ ਦੇ ਨਾਲ-ਨਾਲ ਮੋਬਾਈਲ ‘ਤੇ ਇਹ ਵੀ ਸਹੀ ਜਾਣਕਾਰੀ ਮਿਲੇਗੀ ਕਿ ਖੇਤ ਨੂੰ ਪਾਣੀ ਦੀ ਲੋੜ ਹੈ ਜਾਂ ਨਹੀਂ। ਤਕਨੀਕ ਇਹ ਵੀ ਦੱਸੇਗੀ ਕਿ ਕੀਟਨਾਸ਼ਕਾਂ ਦਾ ਛਿੜਕਾਅ ਕਦੋਂ ਕਰਨਾ ਫਾਇਦੇਮੰਦ ਰਹੇਗਾ। ਇਸ ਨਾਲ ਫ਼ਸਲ ਵੀ ਬਚੇਗੀ ਅਤੇ ਖਾਦਾਂ-ਦਵਾਈਆਂ ‘ਤੇ ਹੋਣ ਵਾਲਾ ਫ਼ਾਲਤੂ ਖ਼ਰਚ ਵੀ ਘਟੇਗਾ।
10 ਹਜ਼ਾਰ ‘ਡਿਜੀਟਲ ਸਾਰਥੀ’ ਤਿਆਰ ਕਰਨ ਦਾ ਵੱਡਾ ਮਿਸ਼ਨ
ਆਈ ਆਈ ਟੀ ਰੋਪੜ ਦਾ ਮੰਨਣਾ ਹੈ ਕਿ ਸਿਰਫ਼ ਮਸ਼ੀਨਾਂ ਲਗਾਉਣ ਨਾਲ ਤਬਦੀਲੀ ਨਹੀਂ ਆਵੇਗੀ, ਸਗੋਂ ਪਿੰਡਾਂ ਵਿੱਚ ਮਾਹਰ ਨੌਜਵਾਨ ਤਿਆਰ ਕਰਨੇ ਪੈਣਗੇ। ਇਸੇ ਲਈ ANNAM.AI ਨੇ 10,000 ਵਿਦਿਆਰਥੀਆਂ ਅਤੇ ਪੇਂਡੂ ਨੌਜਵਾਨਾਂ ਲਈ ਮੁਫ਼ਤ ਏ ਆਈ ਸਿਖਲਾਈ ਪ੍ਰੋਗਰਾਮ ਦਾ ਐਲਾਨ ਕੀਤਾ ਹੈ।
ਪਿੰਡ-ਪਿੰਡ ਤਿਆਰ ਹੋਵੇਗੀ ‘ਏ ਆਈ-ਆਰਮੀ’
ਇਸ ਪ੍ਰੋਗਰਾਮ ਵਿੱਚ ਨੌਜਵਾਨਾਂ ਨੂੰ ਏ ਆਈ ਟੂਲ ਚਲਾਉਣ, ਡਾਟਾ ਸਮਝਣ ਅਤੇ ਸਮਾਰਟ ਸਿੰਚਾਈ ਪ੍ਰਣਾਲੀਆਂ ਦੀ ਸਾਂਭ-ਸੰਭਾਲ ਦੀ ਸਿਖਲਾਈ ਦਿੱਤੀ ਜਾਵੇਗੀ। ਇਸ ਨਾਲ ਖੇਤੀ ਸਮਾਰਟ ਹੋਵੇਗੀ ਅਤੇ ਨੌਜਵਾਨਾਂ ਲਈ ਪਿੰਡਾਂ ਵਿੱਚ ਹੀ ਰੁਜ਼ਗਾਰ ਦੇ ਨਵੇਂ ਰਾਹ ਖੁੱਲ੍ਹਣਗੇ।
ਹਰਿਆਣਾ-ਯੂਪੀ ਸਮੇਤ 8 ਸੂਬਿਆਂ ਵਿੱਚ ਹੋਵੇਗਾ ਵਿਸਥਾਰ
ਆਈ ਆਈ ਟੀ ਰੋਪੜ ਦੀ ਇਸ ਪਹਿਲ ਦਾ ਪੰਜਾਬ ਤੋਂ ਬਾਅਦ ਹਰਿਆਣਾ, ਉੱਤਰ ਪ੍ਰਦੇਸ਼, ਕੇਰਲ, ਓਡੀਸ਼ਾ, ਬਿਹਾਰ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਵੀ ਵਿਸਥਾਰ ਕੀਤਾ ਜਾਵੇਗਾ।
ਮਾਹਰਾਂ ਦਾ ਨਜ਼ਰੀਆ
ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਇਸ ਨੂੰ ਇਤਿਹਾਸਕ ਕਦਮ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮੌਸਮ ਦੇ ਬਦਲਦੇ ਹਾਲਾਤ ਵਿੱਚ ਖੇਤੀ ਦੇ ਪੁਰਾਣੇ ਗਿਆਨ ਨੂੰ ਨਵੀਂ ਤਕਨੀਕ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ANNAM.AI ਦੇ ਡਾਇਰੈਕਟਰ ਡਾ. ਪੁਸ਼ਪੇਂਦਰ ਸਿੰਘ ਨੇ ਕਿਹਾ ਕਿ ਜਦੋਂ ਲੈਬ ਦੀ ਖੋਜ ਸਿੱਧੀ ਖੇਤ ਤੱਕ ਪਹੁੰਚੇਗੀ ਤਾਂ ਖੇਤੀ ਵਧੇਰੇ ਲਾਹੇਵੰਦ ਅਤੇ ਸੁਰੱਖਿਅਤ ਹੋਵੇਗੀ।
ਕੀ ਇਹ ਹਰ ਸਮੱਸਿਆ ਦਾ ਹੱਲ ਹੈ?
ਅੰਕੜੇ ਦੱਸਦੇ ਹਨ ਕਿ ਜੇਕਰ ਕਿਸਾਨ ਨੂੰ ਸਮੇਂ ਸਿਰ ਸਹੀ ਜਾਣਕਾਰੀ ਮਿਲੇ ਤਾਂ ਫ਼ਸਲ ਦਾ ਨੁਕਸਾਨ 25 ਫ਼ੀਸਦੀ ਤੋਂ ਫ਼ੀਸਦੀ ਤੱਕ ਘਟਾਇਆ ਜਾ ਸਕਦਾ ਹੈ। ਜੇਕਰ 10,000 ਸਿਖਲਾਈ ਪ੍ਰਾਪਤ ਨੌਜਵਾਨ ਪਿੰਡਾਂ ਵਿੱਚ ਕੰਮ ਕਰਨਗੇ, ਤਾਂ ਇਹ ਭਾਰਤੀ ਖੇਤੀਬਾੜੀ ਦੀ ਸਭ ਤੋਂ ਵੱਡੀ ਕਾਮਯਾਬੀ ਹੋਵੇਗੀ।




















