Code Of Ethics

Download app

Subscribe To Print Edition

Satnam Singh Sandhu ਨੇ ਪੰਜਾਬ ਵਿੱਚ ਹੜ੍ਹਾਂ ਦੇ ਸੰਕਟ ਦਾ ਮੁੱਦਾ Rajya Sabha ਵਿੱਚ ਚੁੱਕਿਆ

ਸੰਸਦ ਮੈਂਬਰ ਵੱਲੋਂ ਕੇਂਦਰ ਸਰਕਾਰ ਤੋਂ ਹੜ੍ਹ ਰੋਕਣ ਲਈ ਵਿਸ਼ੇਸ਼ ਜਲ ਪ੍ਰਬੰਧਨ ਯੋਜਨਾ ਲਾਗੂ ਕਰਨ ਦੀ ਮੰਗ

featured-img

ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਅੱਜ ਰਾਜ ਸਭਾ ਵਿੱਚ ਪੰਜਾਬ ਵਿੱਚ ਹੜ੍ਹਾਂ ਕਾਰਨ ਪੈਦਾ ਹੋਏ ਗੰਭੀਰ ਸੰਕਟ ਦਾ ਮੁੱਦਾ ਚੁੱਕਿਆ। ਸੰਸਦ ਦੇ ਸਿਫ਼ਰ ਕਾਲ ਦੌਰਾਨ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਮਾਂ ਰਹਿੰਦੇ ਪੰਜਾਬ ਦੇ ਜਲ ਪ੍ਰਬੰਧਨ ਵਿੱਚ ਸੁਧਾਰ ਨਾ ਕੀਤੇ ਗਏ ਤਾਂ ਆਉਣ ਵਾਲੇ ਕੁਝ ਸਾਲਾਂ ਵਿੱਚ ਇਹ ਕੁਦਰਤੀ ਆਫ਼ਤ ਇੱਕ ਅਜਿਹੀ ਭਿਆਨਕ ਤਬਾਹੀ ਦਾ ਰੂਪ ਧਾਰ ਲਵੇਗੀ ਜਿਸ ਨੂੰ ਰੋਕਣਾ ਮੁਸ਼ਕਲ ਹੋ ਜਾਵੇਗਾ। ਸੂਬੇ ਵਿੱਚ ਹੜ੍ਹਾਂ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਸੰਸਦ ਮੈਂਬਰ ਸੰਧੂ ਨੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਹੜ੍ਹ ਰੋਕਣ ਲਈ ਇੱਕ ਵਿਆਪਕ ਪੰਜਾਬ ਫਲੱਡ ਰੈਜ਼ੀਲੀਐਂਸ ਐਂਡ ਵਾਟਰ ਸਕਿਉਰਟੀ ਪਲਾਨ ਤਿਆਰ ਕੀਤਾ ਜਾਣਾ ਚਾਹੀਦਾ ਹੈ। ਇਸ ਯੋਜਨਾ ਤਹਿਤ ਹੜ੍ਹ ਰੋਕੂ ਡੈਮਾਂ ਅਤੇ ਛੋਟੇ ਪਾਣੀ ਦੇ ਭੰਡਾਰਾਂ ਦਾ ਨਿਰਮਾਣ ਕੀਤਾ ਜਾਵੇ ਅਤੇ ਮੌਜੂਦਾ ਡੈਮਾਂ ਨੂੰ ਆਰ.ਸੀ.ਸੀ. ਲਾਈਨਿੰਗ ਜਾਂ ਭਾਰੀ ਸ਼ੀਟ ਪ੍ਰੋਟੈਕਸ਼ਨ ਰਾਹੀਂ ਵਧੇਰੇ ਮਜ਼ਬੂਤ ਅਤੇ ਪਾਏਦਾਰ ਬਣਾਇਆ ਜਾਵੇ।

ਸ੍ਰੀ ਸੰਧੂ ਨੇ ਕਿਹਾ ਕਿ ਬੀਤੇ ਸਾਲ ਦੌਰਾਨ ਪੰਜਾਬ ਨੇ ਹਾਲ ਹੀ ਦੇ ਦਹਾਕਿਆਂ ਦੀ ਸਭ ਤੋਂ ਭਿਆਨਕ ਤਬਾਹੀ ਦੇਖੀ ਹੈ। ਸਾਲ 2023 ਤੋਂ 2025 ਦੇ ਹੜ੍ਹਾਂ ਕਾਰਨ ਪੰਜਾਬ ਵਿੱਚ 80 ਤੋਂ ਵੱਧ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ ਅਤੇ ਲਗਪਗ 3 ਲੱਖ ਤੋਂ ਜ਼ਿਆਦਾ ਪਸ਼ੂ ਮਾਰੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਲੱਖਾਂ ਏਕੜ ਉਪਜਾਊ ਖੇਤੀਬਾੜੀ ਵਾਲੀ ਜ਼ਮੀਨ ਬਰਬਾਦ ਹੋ ਚੁੱਕੀ ਹੈ ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ। ਐਮ.ਪੀ. ਸੰਧੂ ਨੇ ਚਿੰਤਾ ਪ੍ਰਗਟਾਈ ਕਿ ਜੋ ਅਨੁਮਾਨ ਸਾਹਮਣੇ ਆ ਰਹੇ ਹਨ ਉਹ ਹੋਰ ਵੀ ਡਰਾਉਣੇ ਹਨ ਕਿਉਂਕਿ ਹੁਣ ਅੱਗੇ ਆਉਣ ਵਾਲਾ ਹੜ੍ਹ ਇਸ ਤੋਂ ਵੀ ਵੱਧ ਗੰਭੀਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਕੁਦਰਤੀ ਆਫ਼ਤ ਨਹੀਂ ਸਗੋਂ ਇੱਕ ਅਜਿਹੀ ਤਬਾਹੀ ਹੈ ਜਿਸ ਦਾ ਅੰਦਾਜ਼ਾ ਪਹਿਲਾਂ ਹੀ ਹੈ, ਇਸ ਲਈ ਜੇਕਰ ਇਸ ਨੂੰ ਸਮਾਂ ਰਹਿੰਦੇ ਨਾ ਰੋਕਿਆ ਗਿਆ ਤਾਂ ਇਹ ਹਰ ਸਾਲ ਹੋਰ ਖ਼ਤਰਨਾਕ ਹੁੰਦੀ ਰਹੇਗੀ। ਉਨ੍ਹਾਂ ਯਾਦ ਕਰਵਾਇਆ ਕਿ ਪਿਛਲੇ ਹੜ੍ਹਾਂ ਦੀ ਤਰਾਸਦੀ ਨੂੰ ਛੇ ਮਹੀਨੇ ਬੀਤ ਚੁੱਕੇ ਹਨ ਅਤੇ ਅਗਲੇ ਹੜ੍ਹ ਦੇ ਸੀਜ਼ਨ ਵਿੱਚ ਹੁਣ ਸਿਰਫ਼ 4 ਮਹੀਨੇ ਬਾਕੀ ਬਚੇ ਹਨ।

ਭਾਖੜਾ ਡੈਮ ਦੀ ਮੌਜੂਦਾ ਸਥਿਤੀ ‘ਤੇ ਚਿੰਤਾ ਪ੍ਰਗਟ ਕਰਦਿਆਂ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਡੈਮਾਂ ਵਿੱਚ ਵਧਦੀ ਗਾਰ ਸਾਡੀ ਜਲ ਪ੍ਰਬੰਧਨ ਪ੍ਰਣਾਲੀ ਲਈ ਸਭ ਤੋਂ ਵੱਡਾ ਖ਼ਤਰਾ ਬਣ ਗਈ ਹੈ। ਭਾਖੜਾ ਡੈਮ ਦੀ ਕੁੱਲ 9 ਬਿਲੀਅਨ ਕਿਊਬਿਕ ਮੀਟਰ ਸਮਰੱਥਾ ਵਿੱਚੋਂ ਲਗਪਗ 2 ਬਿਲੀਅਨ ਕਿਊਬਿਕ ਮੀਟਰ ਸਮਰੱਥਾ ਗਾਰ ਜਮਾਂ ਹੋਣ ਕਾਰਨ ਖ਼ਤਮ ਹੋ ਚੁੱਕੀ ਹੈ ਅਤੇ ਗੋਬਿੰਦ ਸਾਗਰ ਝੀਲ ਵਿੱਚ ਵੀ 100 ਤੋਂ 200 ਫੁੱਟ ਤੱਕ ਗਾਰ ਜਮਾਂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਡੈਮਾਂ ਦੀ ਸਫ਼ਾਈ ਅਤੇ ਪਾਣੀ ਸਟੋਰ ਕਰਨ ਦੀ ਸਮਰੱਥਾ ਨੂੰ ਨਾ ਸੁਧਾਰਿਆ ਗਿਆ ਤਾਂ ਮਾਮੂਲੀ ਬਾਰਿਸ਼ ਵੀ ਹੜ੍ਹ ਦਾ ਰੂਪ ਲੈ ਲਵੇਗੀ। ਉਨ੍ਹਾਂ ਨਦੀਆਂ ਦੇ ਰਸਤੇ ਵਿੱਚ ਹੋ ਰਹੇ ਨਾਜਾਇਜ਼ ਕਬਜ਼ਿਆਂ ਅਤੇ ਗੈਰ-ਕਾਨੂੰਨੀ ਮਾਈਨਿੰਗ ਨੂੰ ਵੀ ਹੜ੍ਹਾਂ ਦਾ ਮੁੱਖ ਕਾਰਨ ਦੱਸਦਿਆਂ ਕਿਹਾ ਕਿ ਨਦੀਆਂ ਦੀ ਬਦਲ ਰਹੀ ਬਣਤਰ ਕਾਰਨ ਪਾਣੀ ਦਾ ਕੁਦਰਤੀ ਵਹਾਅ ਰੁਕ ਰਿਹਾ ਹੈ।

ਉਨ੍ਹਾਂ ਸੁਝਾਅ ਦਿੱਤਾ ਕਿ ਹੜ੍ਹਾਂ ਦੀ ਅਗਾਊਂ ਭਵਿੱਖਬਾਣੀ ਲਈ ਸੈਟੇਲਾਈਟ ਮੈਪਿੰਗ, ਏ.ਆਈ. ਆਧਾਰਿਤ ਰੇਨਫ਼ਾਲ ਮਾਡਲਿੰਗ ਅਤੇ ਡਿਜੀਟਲ ਫਲੱਡ ਅਲਰਟ ਪ੍ਰਣਾਲੀ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਇਸ ਦੇ ਨਾਲ ਹੀ ਵੈੱਟਲੈਂਡਜ਼ ਨੂੰ ਇੱਕ ਕੁਦਰਤੀ ਹੜ੍ਹ ਰੋਕੂ ਬਫ਼ਰ ਵਜੋਂ ਮੁੜ ਸੁਰਜੀਤ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਇੱਕ ਏਕੀਕ੍ਰਿਤ ਰਿਵਰ ਹੈਲਥ ਇੰਡੈਕਸ ਅਤੇ ਓਪਨ ਡਾਟਾ ਰਿਕਾਰਡ ਸਥਾਪਤ ਕਰਨ ਦੀ ਵੀ ਵਕਾਲਤ ਕੀਤੀ ਤਾਂ ਕਿ ਦਰਿਆਈ ਪਾਣੀ ਦੀ ਗੁਣਵੱਤਾ ਦੀ ਰਿਪੋਰਟ ਹਰ ਤਿੰਨ ਮਹੀਨਿਆਂ ਬਾਅਦ ਪਾਰਦਰਸ਼ੀ ਤਰੀਕੇ ਨਾਲ ਜਨਤਾ ਸਾਹਮਣੇ ਰੱਖੀ ਜਾ ਸਕੇ।

Advertisment

You May Like This