ਆਈ ਜੀ ਫ਼ਰੀਦਕੋਟ ਰੇਂਜ ਨੇ ਜਾਰੀ ਕੀਤੇ ਹੁਕਮ
ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤੀ ਮਹਿਲਾ ਪੁਲੀਸ ਇੰਸਪੈਕਟਰ ਸੁਨੀਤਾ ਬਾਵਾ ਨੂੰ ਅੱਜ ਪੰਜਾਬ ਸਰਕਾਰ ਨੇ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਇਸ ਸਬੰਧੀ ਹੁਕਮ ਫ਼ਰੀਦਕੋਟ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲੀਸ ਸ੍ਰੀਮਤੀ ਨੀਲਮਬਾਰੀ ਜਗਦਾਲੇ ਵੱਲੋਂ ਜਾਰੀ ਕੀਤੇ ਗਏ।
ਆਪਣੇ ਪੱਤਰ ਨੰਬਰ 1130-33 ਵਿੱਚ ਆਈ ਜੀ ਫ਼ਰੀਦਕੋਟ ਰੇਂਜ ਨੇ ਦੱਸਿਆ ਕਿ ਉਕਤ ਮਹਿਲਾ ਇੰਸਪੈਕਟਰ ਸੁਨੀਤਾ ਬਾਵਾ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਫ਼ਿਰੋਜ਼ਪੁਰ ਵਿਖੇ ਮਾਮਲਾ ਦਰਜ ਕਰਨ ਤੋਂ ਬਾਅਦ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਇੱਥੇ ਦੱਸਣਯੋਗ ਹੈ ਕਿ ਉਕਤ ਮਹਿਲਾ ਇੰਸਪੈਕਟਰ ਥਾਣਾ ਕੋਟ ਇਸੇ ਖਾਂ ਵਿਖੇ ਤਾਇਨਾਤ ਸੀ ਅਤੇ 26 ਸਤੰਬਰ ਦੀ ਦੇਰ ਸ਼ਾਮ ਉਸ ਨੂੰ ਵਿਜੀਲੈਂਸ ਬਿਊਰੋ ਵੱਲੋਂ ਆਪਣੇ ਗੰਨਮੈਨ ਹੋਮਗਾਰਡ ਦੇ ਜਵਾਨ ਸਮੇਤ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ।
ਦੋਸ਼ ਹੈ ਕਿ ਬਰਖ਼ਾਸਤ ਕੀਤੀ ਇਸ ਮਹਿਲਾ ਇੰਸਪੈਕਟਰ ਨੇ ਪਿੰਡ ਨੂਰਪੁਰ ਹਕੀਮਾਂ ਦੇ ਰਾਜਵਿੰਦਰ ਸਿੰਘ ਨਾਮੀ ਨੌਜਵਾਨ ਨੂੰ ਨਸ਼ਿਆਂ ਦੇ ਇੱਕ ਮਾਮਲੇ ਵਿੱਚ ਨਾਮਜ਼ਦ ਕਰਨ ਦਾ ਡਰਾਵਾ ਦੇ ਕੇ ਰਿਸ਼ਵਤ ਹਾਸਲ ਕੀਤੀ ਸੀ। ਗ੍ਰਿਫ਼ਤਾਰੀ ਤੋਂ ਬਾਅਦ ਇਹ ਮਹਿਲਾ ਇੰਸਪੈਕਟਰ ਉਸ ਵੇਲੇ ਚਰਚਾ ਵਿੱਚ ਆਈ ਸੀ ਜਦੋਂ ਆਪਣੀ ਅਦਾਲਤੀ ਪੇਸ਼ੀ ਦੌਰਾਨ ਉਸ ਨੇ ‘ਆਲ ਇਜ਼ ਵੈੱਲ’ ਅਤੇ ‘ਜੇਲ੍ਹ ਦਾ ਨਵਾਂ ਸਫ਼ਰ ਸ਼ੁਰੂ ਹੋਣ’ ਜਿਹੇ ਸ਼ਬਦਾਂ ਦੀ ਵਰਤੋਂ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਉਕਤ ਮਹਿਲਾ ਇੰਸਪੈਕਟਰ ਦੀ ਸਮੁੱਚੀ ਪੁਲੀਸ ਸੇਵਾ ਦੀ ਵੀ ਜਾਂਚ ਆਰੰਭੀ ਹੋਈ ਹੈ।




















