Code Of Ethics

Download app

Subscribe To Print Edition

Lahore ਦਾ ਇਤਿਹਾਸਕ ਗੁਰਦੁਆਰਾ 79 ਸਾਲਾਂ ਤੋਂ ਬਾਅਦ ਮੁੜ ਖੁੱਲ੍ਹਿਆ

1947 ਦੀ ਵੰਡ ਤੋਂ ਬੰਦ ਪਿਆ ਸੀ ਛੇਵੀਂ ਪਾਤਸ਼ਾਹੀ ਦਾ ਗੁਰਦੁਆਰਾ; ਸਿੱਖ ਧਾਰਮਿਕ ਰਵਾਇਤਾਂ ਵਾਲੇ ਸਮਾਗਮ ’ਚ ਭਾਈਚਾਰੇ ਦੇ ਲੋਕ ਸ਼ਾਮਲ ਹੋਏ

featured-img

ਇਥੋਂ ਦਾ ਇਤਿਹਾਸਕ ‘ਗੁਰਦੁਆਰਾ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ’ ਐਤਵਾਰ ਨੂੰ ਮੁੜ ਖੋਲ੍ਹ ਦਿੱਤਾ ਗਿਆ। ਇਹ ਗੁਰਦੁਆਰਾ 1947 ਵਿੱਚ ਵੰਡ ਮਗਰੋਂ ਪਿਛਲੇ 79 ਸਾਲਾਂ ਤੋਂ ਬੰਦ ਪਿਆ ਸੀ। ਗੁਰਦੁਆਰੇ ਨੂੰ ਮੁੜ ਖੋਲ੍ਹਣ ਮੌਕੇ ਸਿੱਖ ਧਾਰਮਿਕ ਰਵਾਇਤਾਂ ਅਨੁਸਾਰ ਸਮਾਗਮ ਕੀਤਾ ਗਿਆ, ਜਿਸ ਵਿੱਚ ਸਿੱਖ ਭਾਈਚਾਰੇ ਦੇ ਲੋਕ ਸ਼ਾਮਲ ਹੋਏ। ਇਥੇ ਟੈਂਪਲ ਰੋਡ ਸਥਿਤ ਇਹ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ (1595-1644) ਦੀ ਲਾਹੌਰ ਫੇਰੀ ਨਾਲ ਜੁੜਿਆ ਹੋਇਆ ਹੈ।

 

ਐਤਵਾਰ ਨੂੰ ਹੋਏ ਸਮਾਗਮ ਵਿੱਚ ਲਹਿੰਦੇ ਪੰਜਾਬ ਸੂਬੇ ਦੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ, ਔਕਾਫ ਟਰੱਸਟ ਪ੍ਰਾਪਰਟੀ ਬੋਰਡ (ਈ ਟੀ ਪੀ ਬੀ) ਦੇ ਸਕੱਤਰ ਨਾਸਿਰ ਮੁਸ਼ਤਾਕ ਅਤੇ ਹੋਰ ਅਧਿਕਾਰੀ ਸ਼ਾਮਲ ਹੋਏ। ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਇਤਿਹਾਸਕ ਅਸਥਾਨ ਦੀ ਬਹਾਲੀ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਹੁਣ ਇਹ ਸਿੱਖ ਭਾਈਚਾਰੇ ਲਈ ਧਾਰਮਿਕ ਅਕੀਦਤ ਵਾਸਤੇ ਖੁੱਲ੍ਹ ਗਿਆ ਹੈ। ਸਿੱਖ ਧਾਰਮਿਕ ਵਿਰਸੇ ਨੂੰ ਸੰਭਾਲਣ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਕੀਤੇ ਯਤਨਾਂ ਦੀ ਕੜੀ ਵਜੋਂ ਦੇਸ਼ ਭਰ ਵਿੱਚ 50 ਤੋਂ ਵੱਧ ਗੁਰਦੁਆਰਿਆਂ ਦੀ ਮੁਰੰਮਤ ਅਤੇ ਨਵੀਨੀਕਰਨ ਦਾ ਕੰਮ ਜਾਰੀ ਹੈ।

ਇਤਿਹਾਸਕ ਬਿਰਤਾਂਤ ਅਨੁਸਾਰ, ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਥਾਨਕ ਸਿੱਖ ਸੰਗਤ ਦਾ ਸੱਦਾ ਸਵੀਕਾਰ ਕੀਤਾ ਅਤੇ ਲਾਹੌਰ ਵਿੱਚ ਭਾਈ ਜੀਵਨ ਨਾਮਕ ਸ਼ਰਧਾਲੂ ਦੇ ਘਰ ਤਿੰਨ ਦਿਨਾਂ ਲਈ ਠਹਿਰੇ। ਭਾਈ ਜੀਵਨ ਨੇ ਮਗਰੋਂ ਘਰ ਨੂੰ ਗੁਰਦੁਆਰੇ ਦਾ ਰੂਪ ਦੇ ਦਿੱਤਾ। ਇਹ ਗੁਰਦੁਆਰਾ ਭਾਈ ਬਿਧੀ ਚੰਦ ਜੀ ਨਾਲ ਵੀ ਜੁੜਿਆ ਹੈ। ਉਹ ਉਦੋਂ ਮੁਗਲ ਗਵਰਨਰ ਵੱਲੋਂ ਜ਼ਬਤ ਕੀਤੇ ਗਏ ਘੋੜਿਆਂ ਨੂੰ ਵਾਪਸ ਲਿਆਉਣ ਲਈ ਲਾਹੌਰ ਦੀਆਂ ਆਪਣੀਆਂ ਦੋ ਫੇਰੀਆਂ ਦੌਰਾਨ ਇੱਥੇ ਠਹਿਰੇ ਸਨ। ਇਹ ਘੋੜੇ ਸ਼ਰਧਾਲੂਆਂ ਵੱਲੋਂ ਗੁਰੂ ਹਰਿਗੋਬਿੰਦ ਸਾਹਿਬ ਲਈ ਭੇਟ ਵਜੋਂ ਲਿਆਂਦੇ ਗਏ ਸਨ।

 

Leave a Comment

Advertisment

You May Like This