Code Of Ethics

Download app

Subscribe To Print Edition

1984 Sikh Justice: ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਿਆ: ਸੋਨੀਆ ਗਾਂਧੀ

ਆਪਣੀ ਸਵੈ-ਜੀਵਨੀ ਵਿੱਚ ਕਾਂਗਰਸੀ ਆਗੂਆਂ ’ਤੇ ਵੀ ਹਿੰਸਾ ਭੜਕਾਉਣ ਦੇ ਦੋਸ਼ਾਂ ਨੂੰ ਮੰਨਿਆ; ਦਿੱਲੀ ਵਿੱਚ 2,000 ਤੋਂ ਵੱਧ ਸਿੱਖ ਮਾਰੇ ਗਏ; ਫ਼ੌਜ ਤਾਇਨਾਤ ਕਰਨ ਵਿੱਚ ਹੋਈ ਦੇਰੀ ਦਾ ਵੀ ਕੀਤਾ ਜ਼ਿਕਰ

featured-img

1984 Sikh Justice: ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਨੇ 1984 ਦੇ ਸਿੱਖ ਕਤਲੇਆਮ ਦੇ ਚਾਰ ਦਹਾਕਿਆਂ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਪੀੜਤਾਂ ਨੂੰ ਇਨਸਾਫ਼ ਨਾ ਮਿਲਣ ਦੀ ਗੱਲ ਸਵੀਕਾਰ ਕੀਤੀ ਹੈ। ਉਨ੍ਹਾਂ ਆਪਣੀ ਨਵੀਂ ਸਵੈ-ਜੀਵਨੀ ‘ਬਿਲੌਂਗਿੰਗ: ਏ ਜਰਨੀ ਆਫ਼ ਲਵ’ ਵਿੱਚ ਮੰਨਿਆ ਹੈ ਕਿ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਈ ਹਿੰਸਾ ਭੜਕਾਉਣ ਅਤੇ ਇਸ ਦੀ ਅਗਵਾਈ ਕਰਨ ਦੇ ਦੋਸ਼ਾਂ ਹੇਠ ਕਾਂਗਰਸ ਦੇ ਕਈ ਵਰਕਰਾਂ ਵਿਰੁੱਧ ਵੀ ਅਪਰਾਧਿਕ ਮਾਮਲੇ ਦਰਜ ਹੋਏ ਸਨ। ਉਨ੍ਹਾਂ ਮੁਤਾਬਕ ਚਾਰ ਕਮਿਸ਼ਨਾਂ, ਨੌਂ ਕਮੇਟੀਆਂ ਅਤੇ ਦੋ ਵਿਸ਼ੇਸ਼ ਜਾਂਚ ਟੀਮਾਂ ਬਣਨ ਦੇ ਬਾਵਜੂਦ ਪੀੜਤਾਂ ਨੂੰ ਇਨਸਾਫ਼ ਮਿਲਣ ਵਿਚ ਅੜਿੱਕੇ ਆਏ।

ਸੋਨੀਆ ਨੇ ਅੱਜ ਜਾਰੀ ਹੋਈ 544 ਸਫ਼ਿਆਂ ਦੀ ਇਸ ਪੁਸਤਕ ਵਿੱਚ ਦਿੱਲੀ ਵਿੱਚ 2,000 ਤੋਂ ਵੱਧ ਸਿੱਖਾਂ ਦੇ ਕਤਲ, ਪ੍ਰਸ਼ਾਸਨ ਦੀ ਨਾਕਾਮੀ ਅਤੇ ਫ਼ੌਜ ਤਾਇਨਾਤ ਕਰਨ ਵਿੱਚ ਹੋਈ ਦੇਰੀ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਅਨੁਸਾਰ ਸੈਂਕੜੇ ਐੱਫਆਈਆਰ ਦਰਜ ਹੋਣ ਦੇ ਬਾਵਜੂਦ ਸਿਰਫ਼ ਚਾਰ-ਪੰਜ ਮਾਮਲਿਆਂ ਵਿੱਚ ਹੀ ਕਾਂਗਰਸੀ ਵਰਕਰਾਂ ਦੀ ਗ੍ਰਿਫ਼ਤਾਰੀ ਹੋਈ। ਉਨ੍ਹਾਂ ਕਿਹਾ ਕਿ ਕਤਲੇਆਮ ਵਿੱਚ ਸ਼ਾਮਲ ਆਰਐੱਸਐੱਸ ਮੈਂਬਰਾਂ ਵਿਰੁੱਧ ਵੀ ਮਾਮਲੇ ਦਰਜ ਕੀਤੇ ਗਏ ਸਨ। ਕਈ ਮਾਮਲੇ ਸਾਲਾਂ ਤੱਕ ਅਦਾਲਤਾਂ ਵਿੱਚ ਲਟਕਦੇ ਰਹੇ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣਾ ਪ੍ਰਣਾਲੀ ਦੀ ਵੱਡੀ ਸਮੱਸਿਆ ਰਹੀ ਹੈ।

ਫ਼ੌਜ ਤਾਇਨਾਤ ਕਰਨ ਵਿੱਚ ਦੇਰੀ ਦਾ ਜ਼ਿਕਰ

ਸੋਨੀਆ ਨੇ ਲਿਖਿਆ ਕਿ ਇੰਦਰਾ ਗਾਂਧੀ ਦੀ ਹੱਤਿਆ ਵਾਲੀ ਰਾਤ ਫ਼ੌਜ ਮੁਖੀ ਜਨਰਲ ਏ ਐੱਸ ਵੈਦਿਆ ਨੂੰ ਹੁਕਮ ਮਿਲ ਗਏ ਸਨ ਪਰ ਪਰਿਵਾਰ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਨੇੜਲੀਆਂ ਫ਼ੌਜੀ ਟੁਕੜੀਆਂ ਨੂੰ ਤੁਰੰਤ ਨਹੀਂ ਭੇਜਿਆ ਗਿਆ ਕਿਉਂਕਿ ਉਨ੍ਹਾਂ ਵਿੱਚ ਸਿੱਖ ਜਵਾਨ ਤਾਇਨਾਤ ਸਨ। ਇਸ ਦੀ ਬਜਾਏ ਦੇਹਰਾਦੂਨ ਤੋਂ ਫ਼ੌਜੀ ਟੁਕੜੀਆਂ ਭੇਜੀਆਂ ਗਈਆਂ। ਉਨ੍ਹਾਂ ਮੁਤਾਬਕ ਫ਼ੌਜ 1 ਨਵੰਬਰ ਦੀ ਰਾਤ ਦਿੱਲੀ ਪਹੁੰਚਣੀ ਸ਼ੁਰੂ ਹੋਈ ਅਤੇ 2 ਨਵੰਬਰ ਦੁਪਹਿਰ ਤੱਕ ਪ੍ਰਭਾਵਿਤ ਇਲਾਕਿਆਂ ਵਿੱਚ ਤਾਇਨਾਤ ਹੋਈ। ਇਸ ਦੌਰਾਨ ਪੁਲੀਸ ਹਿੰਸਕ ਭੀੜਾਂ ਨੂੰ ਕਾਬੂ ਕਰਨ ਵਿੱਚ ਅਸਫਲ ਰਹੀ। ਕੁਝ ਅਧਿਕਾਰੀਆਂ ਵੱਲੋਂ ਅੱਖਾਂ ਬੰਦ ਕਰਨ ਅਤੇ ਕੁਝ ਵੱਲੋਂ ਹਿੰਸਾ ਨੂੰ ਹੱਲਾਸ਼ੇਰੀ ਦੇਣ ਦਾ ਵੀ ਉਨ੍ਹਾਂ ਜ਼ਿਕਰ ਕੀਤਾ ਹੈ।

ਉਨ੍ਹਾਂ ਲਿਖਿਆ ਕਿ ਰਾਜੀਵ ਗਾਂਧੀ ਨੇ 31 ਅਕਤੂਬਰ ਦੀ ਰਾਤ ਟੈਲੀਵਿਜ਼ਨ ਰਾਹੀਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਸੀ। ਉਨ੍ਹਾਂ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਆਪਣੇ ਸਿੱਖ ਮੁਲਾਜ਼ਮਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵੀ ਕਿਹਾ। ਪਹਿਲੀ ਨਵੰਬਰ ਨੂੰ ਉਨ੍ਹਾਂ ਲੋਕਾਂ ਨੂੰ ਬਦਲਾ ਨਾ ਲੈਣ ਦੀ ਅਪੀਲ ਕੀਤੀ ਅਤੇ ਅਗਲੇ ਦਿਨ ਅਗਜ਼ਨੀ, ਲੁੱਟਮਾਰ ਤੇ ਕਤਲਾਂ ਦੀ ਨਿਖੇਧੀ ਕੀਤੀ।

ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਰੋਕਣਾ ਚਾਹੁੰਦੀ ਸੀ ਸੋਨੀਆ

ਸੋਨੀਆ ਨੇ ਆਪਣੀ ਪੁਸਤਕ ਵਿੱਚ ਖੁਲਾਸਾ ਕੀਤਾ ਕਿ 24 ਅਕਤੂਬਰ 1984 ਨੂੰ ਦੀਵਾਲੀ ਦੇ ਜਸ਼ਨਾਂ ਦੌਰਾਨ ਗਾਂਧੀ ਪਰਿਵਾਰ ਨੂੰ ਖ਼ਤਮ ਕਰਨ ਦੀ ਕਥਿਤ ਸਾਜ਼ਿਸ਼ ਰਚੀ ਗਈ ਸੀ। ਪਰਿਵਾਰ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਘਰ ਦੀ ਰਸੋਈ ਨਾਲ ਲੱਗਦੇ ਕਮਰੇ ਵਿੱਚ ਗਰਨੇਡ ਲੁਕਾਏ ਗਏ ਸਨ। ਇਸ ਜਸ਼ਨ ਵਿੱਚ ਇੰਦਰਾ, ਰਾਜੀਵ, ਸੋਨੀਆ, ਰਾਹੁਲ ਅਤੇ ਪ੍ਰਿਯੰਕਾ ਸਮੇਤ ਰਿਸ਼ਤੇਦਾਰ ਤੇ ਦੋਸਤ ਸ਼ਾਮਲ ਸਨ। ਉਨ੍ਹਾਂ ਮੁਤਾਬਕ ਇਹ ਸਾਜ਼ਿਸ਼ ਆਖਰੀ ਸਮੇਂ ਕਿਉਂ ਰੋਕੀ ਗਈ, ਇਸ ਦਾ ਪਤਾ ਨਹੀਂ ਲੱਗ ਸਕਿਆ।

ਉਨ੍ਹਾਂ ਦੱਸਿਆ ਕਿ 30 ਅਕਤੂਬਰ ਨੂੰ ਰਾਹੁਲ ਅਤੇ ਪ੍ਰਿਯੰਕਾ ਨੂੰ ਸਕੂਲ ਤੋਂ ਲਿਆ ਰਹੀ ਜੀਪ ਨਾਲ ਇਕ ਕਾਰ ਟਕਰਾ ਗਈ ਸੀ। ਇੰਦਰਾ ਨੇ ਇਸ ਨੂੰ ਜਾਣਬੁੱਝ ਕੇ ਕੀਤਾ ਹਾਦਸਾ ਮੰਨਿਆ ਸੀ। ਸਾਬਕਾ ਖ਼ੁਫ਼ੀਆ ਮੁਖੀ ਆਰ ਐੱਨ ਕਾਓ ਨੇ ਵੀ ਇੰਦਰਾ ਨੂੰ ਪੋਤੇ-ਪੋਤੀ ਨੂੰ ਅਗਵਾ ਕਰਨ ਦੀਆਂ ਧਮਕੀਆਂ ਬਾਰੇ ਸੁਚੇਤ ਕੀਤਾ ਸੀ। ਇਸ ਕਾਰਨ ਦੋਵਾਂ ਨੂੰ ਬੋਰਡਿੰਗ ਸਕੂਲਾਂ ਤੋਂ ਵਾਪਸ ਦਿੱਲੀ ਬੁਲਾ ਲਿਆ ਗਿਆ ਸੀ।

ਸੋਨੀਆ ਨੇ ਲਿਖਿਆ ਕਿ ਇੰਦਰਾ ਦੀ ਹੱਤਿਆ ਤੋਂ ਬਾਅਦ ਜਦੋਂ ਰਾਜੀਵ ਨੂੰ ਪ੍ਰਧਾਨ ਮੰਤਰੀ ਬਣਨ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਰਾਜੀਵ ਨੂੰ ਇਹ ਅਹੁਦਾ ਸਵੀਕਾਰ ਨਾ ਕਰਨ ਦੀ ਬੇਨਤੀ ਕੀਤੀ ਸੀ। ਉਨ੍ਹਾਂ ਨੂੰ ਡਰ ਸੀ ਕਿ ਇੰਦਰਾ ਵਾਂਗ ਰਾਜੀਵ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਰਾਜੀਵ ਨੇ ਜਵਾਬ ਦਿੱਤਾ ਸੀ, “ਉਹ ਮੈਨੂੰ ਵੀ ਮਾਰ ਦੇਣਗੇ।” ਇਸ ਦੇ ਬਾਵਜੂਦ ਰਾਜੀਵ ਨੇ ਉਸੇ ਦਿਨ ਸ਼ਾਮ ਸਾਢੇ ਛੇ ਵਜੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ।

ਸੋਨੀਆ ਨੇ ਇੰਦਰਾ ਦੀ ਹੱਤਿਆ ਵਾਲੇ ਦਿਨ ਦੇ ਘਟਨਾਕ੍ਰਮ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਗੋਲੀਆਂ ਚੱਲਣ ਮਗਰੋਂ ਉਹ ਬਾਗ਼ ਵੱਲ ਦੌੜੀ ਅਤੇ ਇੰਦਰਾ ਨੂੰ ਐਂਬੂਲੈਂਸ ਦੀ ਬਜਾਏ ਚਿੱਟੀ ਅੰਬੈਸਡਰ ਕਾਰ ਵਿੱਚ ਹਸਪਤਾਲ ਲਿਜਾਂਦਿਆਂ ਦੇਖਿਆ। ਆਵਾਜਾਈ ਕਾਰਨ ਹਸਪਤਾਲ ਪਹੁੰਚਣ ਵਿੱਚ ਵੀ ਦੇਰੀ ਹੋਈ। ਇੰਦਰਾ ਨੂੰ ਦੁਪਹਿਰ ਦੋ ਵਜੇ ਮ੍ਰਿਤਕ ਐਲਾਨ ਦਿੱਤਾ ਗਿਆ।

ਉਨ੍ਹਾਂ 1989 ਵਿੱਚ ਬਿਹਾਰ ਦੇ ਭਾਗਲਪੁਰ ਦੌਰੇ ਦਾ ਵੀ ਜ਼ਿਕਰ ਕੀਤਾ, ਜਿੱਥੇ ਫ਼ਿਰਕੂ ਹਿੰਸਾ ਦੇ ਪੀੜਤਾਂ ਨੂੰ ਮਿਲ ਕੇ ਉਨ੍ਹਾਂ ਨੂੰ ਪਹਿਲੀ ਵਾਰ ਇਸ ਤਬਾਹੀ ਦੀ ਡੂੰਘਾਈ ਦਾ ਅਹਿਸਾਸ ਹੋਇਆ। ਹਸਪਤਾਲ ਵਿੱਚ ਜ਼ਖ਼ਮੀ ਔਰਤਾਂ ਅਤੇ ਬੱਚੇ ਫਰਸ਼ ’ਤੇ ਪਏ ਸਨ ਅਤੇ ਕਈ ਔਰਤਾਂ ਆਪਣੇ ਲਾਪਤਾ ਪਰਿਵਾਰਕ ਮੈਂਬਰਾਂ ਬਾਰੇ ਪੁੱਛ ਰਹੀਆਂ ਸਨ। ਸੋਨੀਆ ਨੇ ਲਿਖਿਆ ਕਿ ਇਸ ਦ੍ਰਿਸ਼ ਨੇ ਉਨ੍ਹਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ।

 

Leave a Comment

Advertisment

You May Like This