ਪੰਜ ਸਾਲਾਂ ’ਚ ਸਭ ਤੋਂ ਪ੍ਰਦੂਸ਼ਿਤ ਦੀਵਾਲੀ; ਹਵਾ ਗੁਣਵੱਤਾ ਸੂਚਕ ਅੰਕ ‘ਬਹੁਤ ਖ਼ਰਾਬ’ ਤੋਂ ‘ਗੰਭੀਰ’ ਸ਼੍ਰੇਣੀ ’ਚ ਪੁੱਜਾ; ਪਟਾਕੇ ਚਲਾਉਣ ਸਬੰਧੀ ਸੁਪਰੀਮ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉੱਡੀਆਂ; ਅੱਧੀ ਰਾਤ ਨੂੰ ਕਈ ਨਿਗਰਾਨੀ ਕੇਂਦਰ ਬੰਦ ਹੋਏ; ਹਵਾ ਗੁਣਵੱਤਾ ਸਬੰਧੀ ਡੇਟਾ ’ਤੇ ਸਵਾਲ ਉੱਠੇ
ਦੀਵਾਲੀ ਤੋਂ ਇਕ ਦਿਨ ਮਗਰੋਂ ਕੌਮੀ ਰਾਜਧਾਨੀ ਦਾ ਅਸਮਾਨ ਸੰਘਣੀ ਸਲੇਟੀ ਧੁੰਦ ਨਾਲ ਢਕਿਆ ਗਿਆ। ਸੜਕਾਂ ’ਤੇ ਦਿਸਣ ਹੱਦ ਘਟ ਗਈ। ਲੋਕਾਂ ਨੂੰ ਅੱਖਾਂ ਤੇ ਗਲੇ ਵਿੱਚ ਜਲਣ ਮਹਿਸੂਸ ਹੋਈ। ਐਤਵਾਰ ਰਾਤੀਂ ਦਿੱਲੀ ਵਿੱਚ ਸੁਪਰੀਮ ਕੋਰਟ ਦੇ ਪਾਬੰਦੀ ਸਬੰਧੀ ਹੁਕਮਾਂ ਦੀਆਂ ਧੱਜੀਆਂ ਉਡਾਉਂਦਿਆਂ ਨਿਰਧਾਰਿਤ ਸਮੇਂ ਨਾਲੋਂ ਕਾਫ਼ੀ ਦੇਰ ਬਾਅਦ ਤੱਕ ਪਟਾਕੇ ਚਲਦੇ ਰਹੇ, ਜਿਸ ਕਰ ਕੇ ਸੋਮਵਾਰ ਸਵੇਰੇ ਰਾਜਧਾਨੀ ਵਿੱਚ ਪ੍ਰਦੂਸ਼ਣ ਦਾ ਪੱਧਰ ਖ਼ਤਰਨਾਕ ਹੱਦ ਨੂੰ ਪਹੁੰਚ ਗਿਆ। ਰਾਜਧਾਨੀ ਦਾ ਹਵਾ ਗੁਣਵੱਤਾ ਸੂਚਕ ਅੰਕ 370 ਨਾਲ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਰਿਹਾ ਅਤੇ ਦਿਨ ਚੜ੍ਹਨ ਨਾਲ ਇਹ ਹੋਰ ਵਿਗੜ ਕੇ ‘ਗੰਭੀਰ’ ਸ਼੍ਰੇਣੀ ਵਿੱਚ ਪਹੁੰਚ ਗਿਆ।
ਦਿੱਲੀ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਸਭ ਤੋਂ ਵੱਧ ਪ੍ਰਦੂਸ਼ਿਤ ਦੀਵਾਲੀ ਰਹੀ; ਹਾਲਾਂਕਿ ਇਸ ਦੀ ਗੰਭੀਰਤਾ ਸ਼ਾਇਦ ਸਰਕਾਰੀ ਅੰਕੜਿਆਂ ਵਿੱਚ ਦਿਖਾਈ ਗਈ ਤੀਬਰਤਾ ਨਾਲੋਂ ਕਿਤੇ ਵੱਧ ਸੀ। ਇਸ ਦੀ ਮੁੱਖ ਵਜ੍ਹਾ ਸ਼ਾਇਦ ਇਹ ਸੀ ਕਿ ਐਤਵਾਰ ਰਾਤੀਂ ਜਦੋਂ ਰਾਜਧਾਨੀ ਵਿੱਚ ਪਟਾਕਿਆਂ ਦੀ ਵਰਤੋਂ ਸਿਖਰ ’ਤੇ ਸੀ, ਤਾਂ ਉਦੋਂ 20 ਤੋਂ ਵੱਧ ਨਿਗਰਾਨੀ ਕੇਂਦਰ ਬੰਦ ਹੋ ਗਏ। ਇਸ ਕਰ ਕੇ ਹਵਾ ਗੁਣਵੱਤਾ ਮਾਪਣ ਦੇ ਅਮਲ ਦੀ ਭਰੋਸੇਯੋਗਤਾ ’ਤੇ ਹੀ ਸਵਾਲ ਖੜ੍ਹੇ ਹੋ ਗਏ।
ਡੀ ਟੀ ਯੂ ਅਤੇ ਬੁਰਾੜੀ ਕ੍ਰਾਸਿੰਗ ਨਿਗਰਾਨੀ ਕੇਂਦਰਾਂ ਨੇ ਸਭ ਤੋਂ ਖਰਾਬ ਹਵਾ ਦੀ ਗੁਣਵੱਤਾ ਦਰਜ ਕੀਤੀ, ਜਿੱਥੇ ਏ ਕਿਊ ਆਈ 437 ਰਿਹਾ। ਚਾਰ ਹੋਰ ਕੇਂਦਰਾਂ ਨੇ ‘ਖਰਾਬ’ ਹਵਾ ਦੀ ਗੁਣਵੱਤਾ ਦਰਜ ਕੀਤੀ, ਬਾਕੀ ਕੇਂਦਰ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਰਹੇ। ਬਵਾਨਾ, ਬੁਰਾੜੀ, ਜਹਾਂਗੀਰਪੁਰੀ, ਸੋਨੀਆ ਵਿਹਾਰ, ਪੰਜਾਬੀ ਬਾਗ, ਓਖਲਾ ਅਤੇ ਰੋਹਿਣੀ ਸਮੇਤ ਕਈ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ ‘ਗੰਭੀਰ’ ਬਣੀ ਰਹੀ। ਓਪਨ-ਸੋਰਸ ਪਲੈਟਫਾਰਮ ਏ ਕਿਊ ਆਈ ਡਾਟ ਇਨ ਮੁਤਾਬਕ ਦੀਵਾਲੀ ਮਗਰੋਂ ਦਿੱਲੀ ਦਾ ਹਵਾ ਗੁਣਵੱਤਾ ਸੂਚਕ ਅੰਕ 2,283 ਤੱਕ ਪਹੁੰਚ ਗਿਆ ਸੀ। ਸੋਮਵਾਰ ਸਵੇਰੇ ਇਹ 637 ਦਰਜ ਕੀਤਾ ਗਿਆ, ਜਿਸ ਨੂੰ ਇਸ ਪਲੈਟਫਾਰਮ ਨੇ ‘ਖ਼ਤਰਨਾਕ’ ਸ਼੍ਰੇਣੀ ਵਿੱਚ ਰੱਖਿਆ ਹੈ। ਅਣਸੁਖਾਵੇਂ ਮੌਸਮੀ ਹਾਲਾਤ, ਵਾਹਨਾਂ ਤੋਂ ਨਿਕਲਣ ਵਾਲਾ ਧੂੰਆਂ ਅਤੇ ਗੁਆਂਢੀ ਰਾਜਾਂ ਵਿੱਚ ਪਰਾਲੀ ਨੂੰ ਅੱਗ ਨਾਲ ਹਾਲਾਤ ਹੋਰ ਵਿਗੜੇ ਹਨ। ਦੀਵਾਲੀ ਦੀ ਰਾਤ ਨੂੰ ਪਟਾਕੇ ਚਲਾਉਣ ’ਤੇ ਪਾਬੰਦੀਆਂ ਦੇ ਬਾਵਜੂਦ ਰਾਜਧਾਨੀ ਭਰ ਵਿੱਚ ਪਟਾਕੇ ਚੱਲੇ। ਸੁਪਰੀਮ ਕੋਰਟ ਨੇ ਪਿਛਲੇ ਦਿਨੀਂ ਰਵਾਇਤੀ ਪਟਾਕਿਆਂ ’ਤੇ ਪਾਬੰਦੀਆਂ ਲਾਉਂਦਿਆਂ ਕੌਮੀ ਰਾਜਧਾਨੀ ਵਿੱਚ (ਗ੍ਰੀਨ) ਪਟਾਕੇ ਚਲਾਉਣ ਲਈ ਰਾਤ 8 ਤੋਂ 10 ਵਜੇ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ, ਪਰ ਐਤਵਾਰ ਸ਼ਾਮੀਂ 5-6 ਵਜੇ ਹੀ ਪਟਾਕੇ ਚੱਲਣੇ ਸ਼ੁਰੂ ਹੋ ਗਏ, ਜਿਸ ਵਿੱਚ ਪੀਤਮਪੁਰਾ, ਬੁਰਾੜੀ, ਮਯੂਰ ਵਿਹਾਰ ਅਤੇ ਲੁਟੀਅਨਜ਼ ਦਿੱਲੀ ਦੇ ਕੁਝ ਹਿੱਸੇ ਸ਼ਾਮਲ ਸਨ। ਜਿਵੇਂ-ਜਿਵੇਂ ਦੀਵਾਲੀ ਦੇ ਜਸ਼ਨਾਂ ਨੇ ਜ਼ੋਰ ਫੜਿਆ, ਸੜਕਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਧੂੰਆਂ ਜਮ੍ਹਾਂ ਹੋ ਗਿਆ।




















