ਮੁੱਖ ਮੰਤਰੀ ਅਤੇ ਡੀ ਜੀ ਪੀ ਦੇ ਅਸਤੀਫ਼ੇ ’ਤੇ ਪੇਚ ਫਸਿਆ
ਪੰਜਾਬ ਸਰਕਾਰ ਵੱਲੋਂ ਗਠਿਤ ਕੀਤੀ ਕਮੇਟੀ ਨਾਲ ਐਕਸ਼ਨ ਕਮੇਟੀ ਦੀ ਅੱਜ ਤੀਜੀ ਵਾਰ ਹੋਈ ਮੀਟਿੰਗ ਵੀ ਉਲਝੇ ਹੋਏ ਮਸਲੇ ਨੂੰ ਸੁਲਝਾਉਣ ਵਿੱਚ ਅਸਫਲ ਰਹੀ। ਇਸ ਮੀਟਿੰਗ ਵਿੱਚ ਐਕਸ਼ਨ ਕਮੇਟੀ ਵੱਲੋਂ ਰੱਖੀਆਂ ਮੰਗਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ ਜੀ ਪੀ ਗੌਰਵ ਯਾਦਵ ਦੇ ਅਸਤੀਫ਼ੇ ’ਤੇ ਪੇਚ ਫਸ ਗਿਆ। ਐਕਸ਼ਨ ਕਮੇਟੀ ਵੱਲੋਂ ਵੀਰਵਾਰ ਨੂੰ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਅੱਜ ਹੋਈ ਮੀਟਿੰਗ ਵਿੱਚ ਭਾਵੇਂ ਸੁਖਾਵਾਂ ਮਾਹੌਲ ਬਣਿਆ ਰਿਹਾ, ਪਰ ਅਸਤੀਫ਼ਿਆਂ ਵਾਲੀ ਮੰਗ ’ਤੇ ਕੋਈ ਗੱਲਬਾਤ ਅੱਗੇ ਨਾ ਵੱਧ ਸਕੀ।
ਇਸ ਮੀਟਿੰਗ ਵਿੱਚ ਐਕਸ਼ਨ ਕਮੇਟੀ ਵੱਲੋਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਸਾਹਮਣੇ ਰੱਖੀਆਂ ਮੰਗਾਂ ਦੀ ਸਹਿਮਤੀ ਬਾਰੇ ਲਿਖਤੀ ਰੂਪ ਵਿੱਚ ਜਾਣਕਾਰੀ ਮੰਗੀ ਗਈ। ਅਧਿਕਾਰੀਆਂ ਵੱਲੋਂ ਆਨਾ-ਕਾਨੀ ਕਰਨ ਤੋਂ ਬਾਅਦ ਜਾਣਕਾਰੀ ਦਿੱਤੀ ਗਈ, ਪਰ ਫਿਰ ਵੀ ਪੋਸਟਮਾਰਟਮ ਉਤੇ ਲਗਾਤਾਰ 11 ਦਿਨਾਂ ਤੋਂ ਬਾਅਦ ਕੋਈ ਸਹਿਮਤੀ ਨਾ ਬਣ ਸਕੀ। ਪਰਵਿੰਦਰ ਸਿੰਘ ਝੋਟਾ ਦੀ ਪਤਨੀ ਮਨਪ੍ਰੀਤ ਕੌਰ ਨੇ ਸਾਫ਼ ਕਿਹਾ ਕਿ ਐਕਸ਼ਨ ਕਮੇਟੀ ਵੱਲੋਂ ਰੱਖੀਆਂ ਗਈਆਂ ਮੰਗਾਂ ਤੋਂ ਬਿਨਾਂ ਕਿਸੇ ਗੱਲ ’ਤੇ ਸਮਝੌਤਾ ਨਹੀਂ ਕੀਤਾ ਜਾ ਸਕਦਾ।
ਪਰਿਵਾਰ ਵੱਲੋਂ ਸਿਆਸਤ ’ਚ ਆਉਣ ਤੋਂ ਇਨਕਾਰ
ਅਰਬਾ-ਖਰਬਾ ਤਰਨਾ ਦਲ ਦੇ ਮੁਖੀ ਬਾਬਾ ਰਾਜਾ ਰਾਜ ਸਿੰਘ ਵੱਲੋਂ ਪਰਵਿੰਦਰ ਸਿੰਘ ਝੋਟਾ ਦੀ ਪਤਨੀ ਮਨਪ੍ਰੀਤ ਕੌਰ ਨੂੰ ਵਿਧਾਨ ਸਭਾ ਚੋਣਾਂ ਲੜਾਉਣ ਦੀ ਕੀਤੀ ਅਪੀਲ ਤੋਂ ਬਾਅਦ ਅੱਜ ਪਰਿਵਾਰ ਦੇ ਮੁਖੀ ਭੀਮ ਸਿੰਘ ਫੌਜੀ ਨੇ ਸਿਆਸਤ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸੇ ਦੌਰਾਨ ਕਤਲ ਦੇ ਮਾਮਲੇ ਵਿੱਚ ਐਕਸ਼ਨ ਕਮੇਟੀ ਨੇ ਆਪਣਾ ਰੁਖ਼ ਹੋਰ ਸਖ਼ਤ ਕਰਦਿਆਂ ਕਿਹਾ ਕਿ 25 ਅਕਤੂਬਰ ਨੂੰ ਪੰਜਾਬ ਭਰ ਵਿੱਚ ਝਾੜੂ ਫੂਕ ਕੇ ਰੋਸ ਜ਼ਾਹਰ ਕੀਤਾ ਜਾਵੇਗਾ। ਉਨ੍ਹਾਂ ਵੱਖ-ਵੱਖ ਜਥੇਬੰਦੀਆਂ ਸਮੇਤ ਪੰਚਾਇਤਾਂ ਤੋਂ ਨਸ਼ਿਆਂ ਦੇ ਮੁੱਦੇ ’ਤੇ ਮਤੇ ਪਾਸ ਕਰਨ ਦੀ ਅਪੀਲ ਕੀਤੀ ਹੈ।




















