Ghost FIR Case: ਫਰੀਦਕੋਟ ਦੇ ਦੋ ਪਿੰਡਾਂ ਵਿਚ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਤੇ ਮੋਘਿਆਂ ਦਾ ਰਸਤਾ ਬਦਲਣ ਦਾ ਮਾਮਲਾ
Dead Accused FIR:ਫਰੀਦਕੋਟ ਵਿੱਚ ਪੁਲੀਸ ਨੇ ਝੋਨੇ ਦੀ ਫਸਲ ਦੀ ਸਿੰਚਾਈ ਲਈ ਨਹਿਰੀ ਮੋਘਿਆਂ ਨਾਲ ਛੇੜਛਾੜ ਕਰਨ ਅਤੇ ਪਾਣੀ ਚੋਰੀ ਕਰਨ ਦੇ ਦੋਸ਼ ਹੇਠ ਦੋ ਪਿੰਡਾਂ ਦੇ 43 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਹਾਲਾਂਕਿ, ਇਸ ਮਾਮਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਵਿੱਚੋਂ ਘੱਟੋ-ਘੱਟ ਸੱਤ ਵਿਅਕਤੀਆਂ ਦੀ ਇੱਕ ਦਹਾਕਾ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਹ ਐਫ.ਆਈ.ਆਰ. ਜਲ ਸਰੋਤ ਵਿਭਾਗ ਫਿਰੋਜ਼ਪੁਰ ਦੇ ਹਰੀਕੇ ਨਹਿਰ ਡਿਵੀਜ਼ਨ ਦੇ ਕਾਰਜਕਾਰੀ ਇੰਜਨੀਅਰ ਦੀ ਸ਼ਿਕਾਇਤ ‘ਤੇ ਦਰਜ ਕੀਤੀ ਗਈ ਹੈ।
ਨਹਿਰੀ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਚੈਕਿੰਗ ਦੌਰਾਨ ਪਤਾ ਲੱਗਿਆ ਕਿ ਪਿੰਡ ਸੁੱਖਣਵਾਲਾ ਅਤੇ ਕਿਲਾ ਨੌਂ ਦੇ ਕਈ ਵਾਸੀਆਂ ਨੇ ਮੁਦਕੀ ਡਿਸਟ੍ਰੀਬਿਊਟਰੀ ਨਾਲ ਲੱਗਦੇ ਨਹਿਰੀ ਮੋਘਿਆਂ ਦੇ ਅਧਿਕਾਰਤ ਡਿਜ਼ਾਈਨ ਨਾਲ ਵਾਰ-ਵਾਰ ਛੇੜਛਾੜ ਕੀਤੀ ਸੀ। ਉਨ੍ਹਾਂ ਨੇ ਇੱਟਾਂ ਪੁੱਟ ਕੇ ਅਤੇ ਮੋਘਿਆਂ ਦਾ ਰਸਤਾ ਬਦਲ ਕੇ ਕਾਨੂੰਨਨ ਤੈਅ ਮਾਤਰਾ ਤੋਂ ਵੱਧ ਪਾਣੀ ਨਾਜਾਇਜ਼ ਸਿੰਚਾਈ ਲਈ ਮੋੜਿਆ, ਜਿਸ ਨਾਲ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਅਤੇ ਵਾਤਾਵਰਨ ਦੇ ਨਿਯਮਾਂ ਦੀ ਉਲੰਘਣਾ ਹੋਈ।
ਪੁਲੀਸ ਨੇ ਇਸ ਸਬੰਧੀ ਬੀ.ਐਨ.ਐਸ., ਵਾਤਾਵਰਨ ਸੁਰੱਖਿਆ ਐਕਟ 1986 ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀ ਰੋਕਥਾਮ ਸਬੰਧੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਰਾਣੇ ਰਿਕਾਰਡ ਦੇ ਭਰੋਸੇ ਰਿਹਾ ਨਹਿਰੀ ਵਿਭਾਗ, ਪੁਲੀਸ ਹੁਣ ਅਸਲ ਮੁਲਜ਼ਮਾਂ ਦੀ ਪਛਾਣ ਲਈ ਕਰੇਗੀ ਜਾਂਚ
ਪੁਲੀਸ ਸ਼ਿਕਾਇਤ ਵਿੱਚ ਮਰ ਚੁੱਕੇ ਵਿਅਕਤੀਆਂ ਦੇ ਨਾਮ ਸ਼ਾਮਲ ਕੀਤੇ ਜਾਣ ਬਾਰੇ ਨਹਿਰੀ ਵਿਭਾਗ ਦੇ ਸਬੰਧਤ ਐਸ.ਡੀ.ਓ. ਗੁਰਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਕੋਲ ਅਧਿਕਾਰਤ ਸ਼ਿਕਾਇਤ ਮਾਲ ਰਿਕਾਰਡ ਵਿੱਚ ਦਰਜ ਪਾਣੀ ਚੋਰੀ ਦੇ ਕਥਿਤ ਲਾਭਪਾਤਰੀਆਂ ਦੇ ਨਾਵਾਂ ਦੇ ਆਧਾਰ ‘ਤੇ ਹੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਪੁਲੀਸ ਦੀ ਜਾਂਚ ਦਾ ਵਿਸ਼ਾ ਹੈ ਕਿ ਜ਼ਮੀਨੀ ਪੱਧਰ ‘ਤੇ ਅਸਲ ਗੁਨਾਹਗਾਰ ਅਤੇ ਫਾਇਦਾ ਲੈਣ ਵਾਲੇ ਕੌਣ ਹਨ।
ਦੂਜੇ ਪਾਸੇ, ਵਿਭਾਗੀ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਇਹ ਕੋਈ ਇਕੋ ਇਕ ਘਟਨਾ ਨਹੀਂ ਹੈ। ਅਧਿਕਾਰੀਆਂ ਨੇ ਦੋਸ਼ ਲਾਇਆ ਕਿ ਅਜਿਹੀਆਂ ਘਟਨਾਵਾਂ ਵਾਰ-ਵਾਰ ਵਾਪਰਦੀਆਂ ਹਨ, ਜਿੱਥੇ ਗੈਰ-ਕਾਨੂੰਨੀ ਤੌਰ ‘ਤੇ ਮੋਘੇ ਦਾ ਆਕਾਰ ਵਧਾਉਣ ਅਤੇ ਮਨਜ਼ੂਰਸ਼ੁਦਾ ਮਾਤਰਾ ਤੋਂ ਵੱਧ ਪਾਣੀ ਲੈਣ ਲਈ ਨਹਿਰੀ ਮੋਘੇ ਦੇ ਇੱਕ ਹਿੱਸੇ ਨੂੰ ਅਕਸਰ ਤੋੜ ਦਿੱਤਾ ਜਾਂਦਾ ਹੈ।
ਸੁੱਖਣਵਾਲਾ ਪਿੰਡ ਦੇ ਇੱਕ ਨਿਵਾਸੀ ਨੇ ਟਿੱਪਣੀ ਕਰਦਿਆਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਵਿਭਾਗ ਨੇ ਮੌਜੂਦਾ ਜ਼ਮੀਨੀ ਹਕੀਕਤਾਂ ਦੀ ਪੜਤਾਲ ਕੀਤੇ ਬਿਨਾਂ ਜ਼ਮੀਨ ਮਾਲਕਾਂ ਦੀ ਕਈ ਦਹਾਕੇ ਪੁਰਾਣੀ ਰਜਿਸਟਰੀ ਦੀ ਵਰਤੋਂ ਕਰ ਲਈ ਹੈ। ਉਨ੍ਹਾਂ ਕਿਹਾ ਕਿ ਤਾਜ਼ਾ ਪਾਣੀ ਚੋਰੀ ਦੇ ਮਾਮਲੇ ਵਿੱਚ ਜਿਨ੍ਹਾਂ ਲੋਕਾਂ ‘ਤੇ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਸੱਤ ਜਣੇ ਪਿਛਲੇ ਦਸ ਤੋਂ ਬਾਰਾਂ ਸਾਲਾਂ ਹੀ ਰੱਬ ਨੂੰ ਪਿਆਰੇ ਹੋ ਚੁੱਕੇ ਹਨ।
ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਐਫ.ਆਈ.ਆਰ. ਨਹਿਰੀ ਵਿਭਾਗ ਦੀ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤੀ ਗਈ ਹੈ ਅਤੇ ਅਸਲ ਮੁਲਜ਼ਮਾਂ ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ।




















