Code Of Ethics

Download app

Subscribe To Print Edition

ਪਾਕਿਸਤਾਨ ਨੇ ਚਨਾਬ ਵਿੱਚ ਪਾਣੀ ਛੱਡਣ ਦੇ ਮਾਮਲੇ ’ਤੇ ਭਾਰਤ ਤੋਂ ਸਪੱਸ਼ਟੀਕਰਨ ਮੰਗਿਆ

ਭਾਰਤ ’ਤੇ ਬਿਨਾਂ ਸੂਚਨਾ ਦਿੱਤੇ ਪਾਣੀ ਛੱਡਣ ਦੇ ਦੋਸ਼ ਲਾਏ

featured-img

ਪਾਕਿਸਤਾਨ ਨੇ ਚਨਾਬ ਦੇ ਵਹਾਅ ਵਿੱਚ ਇਕਦਮ ਹੋਏ ਬਦਲਾਅ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਉਸ ਨੇ ਭਾਰਤ ਨੂੰ ਇੱਕ ਪੱਤਰ ਲਿਖ ਕੇ ਸਪੱਸ਼ਟੀਕਰਨ ਮੰਗਿਆ ਹੈ। ਪਾਕਿਸਤਾਨ ਨੇ ਕਿਹਾ ਹੈ ਕਿ ਭਾਰਤ ਨੇ ਚਨਾਬ ਵਿਚ ਬਿਨਾਂ ਕੋਈ ਸੂਚਨਾ ਦਿੱਤੇ ਪਾਣੀ ਛੱਡ ਦਿੱਤਾ ਹੈ।

ਵਿਦੇਸ਼ ਦਫ਼ਤਰ ਦੇ ਬੁਲਾਰੇ ਤਾਹਿਰ ਅੰਦਰਾਬੀ ਨੇ ਹਫਤਾਵਾਰੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਿਹਾ, ‘ਸਾਡੇ ਜਲ ਕਮਿਸ਼ਨਰ ਨੇ ਆਪਣੇ ਭਾਰਤੀ ਹਮਰੁਤਬਾ ਨੂੰ ਪੱਤਰ ਲਿਖ ਕੇ ਸਿੰਧੂ ਜਲ ਸੰਧੀ ਵਿੱਚ ਦਰਜ ਪ੍ਰਕਿਰਿਆਵਾਂ ਦਾ ਪਾਲਣ ਕਰਨ ਦੇ ਮਾਮਲੇ ’ਤੇ ਸਪੱਸ਼ਟੀਕਰਨ ਮੰਗਿਆ ਹੈ। ਅਸੀਂ ਭਾਰਤ ਨੂੰ ਪਾਕਿਸਤਾਨੀ ਸਿੰਧੂ ਜਲ ਕਮਿਸ਼ਨਰ ਵਲੋਂ ਚੁੱਕੇ ਗਏ ਸਵਾਲਾਂ ਦਾ ਜਵਾਬ ਦੇਣ, ਦਰਿਆ ਦੇ ਵਹਾਅ ਵਿੱਚ ਆਈ ਤਬਦੀਲੀ ਅਤੇ ਸਿੰਧੂ ਜਲ ਸੰਧੀ ਦੇ ਉਪਬੰਧਾਂ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੀ ਅਪੀਲ ਕਰਦੇ ਹਾਂ।’ ਦੱਸਣਾ ਬਣਦਾ ਹੈ ਕਿ 22 ਅਪਰੈਲ ਨੂੰ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਇੱਕ ਦਿਨ ਬਾਅਦ ਭਾਰਤ ਨੇ ਪਾਕਿਸਤਾਨ ਨਾਲ 1960 ਦੀ ਸਿੰਧੂ ਜਲ ਸੰਧੀ ਨੂੰ ਮੁਲਤਵੀ ਕਰ ਦਿੱਤਾ ਸੀ। ਦੂਜੇ ਪਾਸੇ ਪਾਕਿਸਤਾਨ ਦੀ ਟਿੱਪਣ ਤੋਂ ਬਾਅਦ ਭਾਰਤ ਵਲੋਂ ਫੌਰੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ ਨੂੰ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦੇ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਸੀ। ਪਾਕਿਸਤਾਨ ਨੇ ਕਿਹਾ ਸੀ ਕਿ 1960 ਦੀ ਸੰਧੀ ਰਾਹੀਂ ਨਿਯੰਤ੍ਰਿਤ ਕੀਤੇ ਜਾ ਰਹੇ ਪਾਣੀ ’ਤੇ ਦੇਸ਼ ਦੇ ਕਰੋੜਾਂ ਲੋਕ ਨਿਰਭਰ ਹਨ। ਭਾਰਤ ਨੇ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਇਕ ਦਿਨ ਬਾਅਦ 23 ਅਪਰੈਲ ਨੂੰ ਸੁਰੱਖਿਆ ਬਾਰੇ ਕੈਬਨਿਟ ਕਮੇਟੀ (ਸੀਸੀਐਸ) ਦੇ ਫੈਸਲੇ ਦੇ ਆਧਾਰ ’ਤੇ ਸੰਧੀ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਹਮਲੇ ਵਿਚ 26 ਭਾਰਤੀ ਮਾਰੇ ਗਏ ਸਨ।

Advertisment