ਪ੍ਰਧਾਨ ਮੰਤਰੀ ਨੇ ਤਿੰਨੋਂ ਸੈਨਾਵਾਂ ਦੇ ਮੁਖੀਆਂ, ਸੀਡੀਐੱਸ ਅਤੇ ਡੋਵਾਲ ਨਾਲ ਕੀਤੀ ਮੀਟਿੰਗ ; ਪਾਕਿਸਤਾਨ ਨੇ ਜੰਮੂ ਕਸ਼ਮੀਰ, ਗੁਜਰਾਤ ਅਤੇ ਰਾਜਸਥਾਨ ’ਤੇ ਮੁੜ ਕੀਤੇ ਹਮਲੇ ;ਸਾਂਬਾ ਵਿੱਚ ਕੌਮਾਂਤਰੀ ਸਰਹੱਦ ’ਤੇ ਸੀਮਾ ਸੁਰੱਖਿਆ ਬਲ ਵੱਲੋਂ ਸੱਤ ਘੁਸਪੈਠੀਏ ਹਲਾਕ
ਨਵੀਂ ਦਿੱਲੀ, 9 ਮਈ :- ਪਾਕਿਸਤਾਨ ਨੇ ਵੀਰਵਾਰ ਰਾਤ ਭਾਰਤੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਤਹਿਤ ਲੇਹ ਤੋਂ ਸਰ ਕਰੀਕ ਤੱਕ 36 ਥਾਵਾਂ ’ਤੇ ਤੁਰਕੀ ਦੇ ਬਣੇ 300-400 ਡਰੋਨ ਦਾਗ਼ੇ ਸਨ। ਪਾਕਿਸਤਾਨ ਨੇ ਅੱਜ ਰਾਤ ਜੰਮੂ ਕਸ਼ਮੀਰ, ਸ੍ਰੀਨਗਰ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਦੇ ਕਈ ਇਲਾਕਿਆਂ ਵਿੱਚ ਮੁੜ ਡਰੋਨਾਂ ਨਾਲ ਹਮਲੇ ਕੀਤੇ, ਜਿਨ੍ਹਾਂ ਨੂੰ ਭਾਰਤੀ ਫੌਜ ਨੇ ਨਾਕਾਮ ਕਰ ਦਿੱਤਾ। ਸ੍ਰੀਨਗਰ ਵਿੱਚ ਵੀ ਹਵਾਈ ਅੱਡੇ ਕੋਲ 10 ਧਮਾਕੇ ਹੋਏ। ਸ੍ਰੀਨਗਰ ਹਵਾਈ ਅੱਡੇ ਅਤੇ ਅਵੰਤੀਪੋਰਾ ਏਅਰ ਬੇਸ ’ਤੇ ਡਰੋਨ ਹਮਲਿਆਂ ਨੂੰ ਨਾਕਾਮ ਬਣਾ ਦਿੱਤਾ ਗਿਆ। ਇਸ ਤੋਂ ਪਹਿਲਾਂ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਭਾਰਤੀ ਫੌਜ ਨੇ ਪਾਕਿਸਤਾਨ ਨੂੰ ਗਿਣੇ-ਮਿੱਥੇ ਅਤੇ ਢੁੱਕਵੇਂ ਢੰਗ ਨਾਲ ਜਵਾਬ ਦਿੱਤਾ ਅਤੇ ਡਰੋਨ ਹਵਾ ’ਚ ਹੀ ਫੁੰਡ ਦਿੱਤੇ। ਭਾਰਤ ਨੇ ਪਾਕਿਸਤਾਨ ਵਿੱਚ ਚਾਰ ਹਵਾਈ ਰੱਖਿਆ ਥਾਵਾਂ ’ਤੇ ਹਮਲੇ ਕੀਤੇ ਅਤੇ ਇੱਕ ਹਵਾਈ ਰੱਖਿਆ ਰਾਡਾਰ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਪਾਕਿਸਤਾਨ ਨੇ ਮਿਜ਼ਾਈਲਾਂ ਅਤੇ ਡਰੋਨ ਹਮਲਿਆਂ ਦੌਰਾਨ ਆਪਣੇ ਜਹਾਜ਼ਾਂ ਨੂੰ ਖ਼ਤਰੇ ’ਚ ਪਾਉਂਦਿਆਂ ‘ਢਾਲ’ ਵਜੋਂ ਵਰਤਿਆ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਦੀ ਜਵਾਬੀ ਕਾਰਵਾਈ ’ਚ ਪਾਕਿਸਤਾਨ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਮਿਸਰੀ ਨੇ ਕਿਹਾ ਕਿ ਪਾਕਿਸਤਾਨ ਨੇ ਖਾਸ ਮਕਸਦ ਤਹਿਤ ਧਾਰਮਿਕ ਅਸਥਾਨਾਂ ਨੂੰ ਨਿਸ਼ਾਨਾ ਬਣਾਇਆ ਅਤੇ ਉਹ ਹੇਠਲੇ ਪੱਧਰ ਤੱਕ ਡਿੱਗ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸੁਰੱਖਿਆ ਹਾਲਾਤ ਨੂੰ ਦੇਖਦਿਆਂ ਕਰਤਾਰਪੁਰ ਸਾਹਿਬ ਲਾਂਘੇ ਨੂੰ ਹਾਲ ਦੀ ਘੜੀ ਬੰਦ ਕਰ ਦਿੱਤਾ ਗਿਆ ਹੈ। ਉਧਰ ਜੰਮੂ ਦੇ ਸਾਂਬਾ ’ਚ ਕੌਮਾਂਤਰੀ ਸਰਹੱਦ ’ਤੇ ਬੀਐੱਸਐੱਫ਼ ਨੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਬਣਾਉਂਦਿਆਂ ਸੱਤ ਅਤਿਵਾਦੀਆਂ ਨੂੰ ਮਾਰ ਮੁਕਾਇਆ ਅਤੇ ਪਾਕਿਸਤਾਨੀ ਰੇਂਜਰਜ਼ ਦੀ ਢਾਂਡਰ ਚੌਕੀ ਤਬਾਹ ਕਰ ਦਿੱਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੋਂ ਸੈਨਾਵਾਂ ਦੇ ਮੁਖੀਆਂ, ਚੀਫ਼ ਆਫ਼ ਡਿਫੈਂਸ ਸਟਾਫ, ਰੱਖਿਆ ਮੰਤਰੀ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਹੋਰ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕਰਕੇ ਭਵਿੱਖ ਦੀ ਰਣਨੀਤੀ ਘੜੀ। ਉਨ੍ਹਾਂ ਸਾਬਕਾ ਫੌਜੀ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ। ਕੇਂਦਰ ਨੇ ਟੈਰੀਟੋਰੀਅਲ ਆਰਮੀ ਨੂੰ ਲੋੜ ਪੈਣ ’ਤੇ ਸੇਵਾਵਾਂ ਲਈ ਸੱਦੇ ਜਾਣ ਵਾਸਤੇ ਥਲ ਸੈਨਾ ਦੇ ਮੁਖੀ ਨੂੰ ਸਾਰੇ ਅਧਿਕਾਰ ਦੇ ਦਿੱਤੇ ਹਨ। ਵਿਦੇਸ਼ ਸਕੱਤਰ ਨੇ ਕਿਹਾ ਕਿ ਮੁੱਢਲੀਆਂ ਰਿਪੋਰਟਾਂ ਮੁਤਾਬਕ ਪਾਕਿਸਤਾਨ ਨੇ ਹਮਲਿਆਂ ਲਈ ਤੁਰਕੀ ਦੇ ਅਸਿਸਗਾਰਡ ਸੋਨਗਾਰ ਡਰੋਨਾਂ ਦੀ ਵਰਤੋਂ ਕੀਤੀ ਅਤੇ ਮਲਬਿਆਂ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਅਸਥਾਨਾਂ ’ਤੇ ਹਮਲਿਆਂ ਦੇ ਦੋਸ਼ ਭਾਰਤੀ ਫੌਜ ’ਤੇ ਲਗਾਉਣ ਦੀ ਕੋਸ਼ਿਸ਼ ਤੋਂ ਇਸਲਾਮਾਬਾਦ ਦੇ ਨਾਪਾਕ ਇਰਾਦਿਆਂ ਅਤੇ ਦੁਨੀਆ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਦਾ ਪਰਦਾਫਾਸ਼ ਹੋ ਗਿਆ ਹੈ। ਪਾਕਿਸਤਾਨ ਵੱਲੋਂ ਅੰਮ੍ਰਿਤਸਰ ’ਚ ਇਕ ਧਾਰਮਿਕ ਅਸਥਾਨ ’ਤੇ ਹਮਲੇ ਅਤੇ ਉਸ ਦਾ ਦੋਸ਼ ਭਾਰਤੀ ਫੌਜ ’ਤੇ ਮੜ੍ਹਨ ਦੀ ਕੋਸ਼ਿਸ਼ ਦਾ ਜ਼ਿਕਰ ਕਰਦਿਆਂ ਮਿਸਰੀ ਨੇ ਕਿਹਾ ਕਿ ਇਸਲਾਮਾਬਾਦ ਦਾ ਇਹ ਸੋਚਣਾ ਕਿ ਭਾਰਤ ਆਪਣੇ ਸ਼ਹਿਰਾਂ ’ਤੇ ਹਮਲਾ ਕਰੇਗਾ, ਇਕ ‘ਪਾਗਲਪਣ ਵਾਲੀ ਕਲਪਨਾ’ ਹੈ ਜੋ ਸਿਰਫ਼ ਪਾਕਿਸਤਾਨ ਹੀ ਸੋਚ ਸਕਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਭਾਰਤ ’ਚ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਤੋਂ ਇਨਕਾਰ ਨਾਲ ਉਸ ਦਾ ਦੋਗਲਾ ਚਿਹਰਾ ਨੰਗਾ ਹੋ ਗਿਆ ਹੈ। ਵਿਦੇਸ਼ ਸਕੱਤਰ ਨੇ ਪਾਕਿਸਤਾਨ ਵੱਲੋਂ ਮੌਜੂਦਾ ਹਾਲਾਤ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕਰਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਪਾਕਿਸਤਾਨ ਨੇ ਖੁਦ ਪੁਣਛ ’ਚ ਇਕ ਗੁਰਦੁਆਰੇ ਅਤੇ ਅੰਮ੍ਰਿਤਸਰ ’ਚ ਇਕ ਹੋਰ ਧਾਰਮਿਕ ਅਸਥਾਨ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਨਨਕਾਣਾ ਸਾਹਿਬ ਗੁਰਦੁਆਰੇ ਨੂੰ ਡਰੋਨ ਰਾਹੀਂ ਨਿਸ਼ਾਨਾ ਬਣਾਉਣ ਦੇ ਪਾਕਿਸਤਾਨ ਵੱਲੋਂ ਭਾਰਤ ’ਤੇ ਲਾਏ ਗਏ ਦੋਸ਼ਾਂ ਨੂੰ ‘ਕੋਰਾ ਝੂਠ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਪਾਕਿਸਤਾਨ ਦੀ ਕੂੜ ਪ੍ਰਚਾਰ ਮੁਹਿੰਮ ਹੈ ਜੋ ਪਹਿਲਗਾਮ ਹਮਲੇ ਸਮੇਂ ਵੀ ਨਜ਼ਰ ਆਈ ਸੀ ਅਤੇ ਹੁਣ ਉਹ ਦੁਬਾਰਾ ਹਾਲਾਤ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਿੰਗ ਕਮਾਂਡਰ ਵਯੋਮਿਕਾ ਸਿੰਘ ਅਤੇ ਕਰਨਲ ਸੋਫ਼ੀਆ ਕੁਰੈਸ਼ੀ ਨੇ ਦੱਸਿਆ ਕਿ ਪਾਕਿਸਤਾਨ ਨੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਕੀਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਹੱਦਾਂ ਅਤੇ ਦੇਸ਼ ਦੇ ਹਵਾਈ ਅੱਡਿਆਂ ਦੇ ਹਾਲਾਤ ਦੀ ਨਜ਼ਰਸਾਨੀ ਕੀਤੀ।





















