Code Of Ethics

Download app

Subscribe To Print Edition

7 ਮਈ ਤੋਂ 14 ਮਈ ਤੱਕ ਉਮੀਦਵਾਰ ਨਾਮਜ਼ਦਗੀ ਪੱਤਰ ਭਰ ਸਕਣਗੇ

ਗੁਰਦਾਸਪੁਰ, 7 ਮਈ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ੍ਰੀ  ਸਿਬਿਨ ਸੀ ਵੱਲੋਂ ਬੀਤੀ ਸ਼ਾਮ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਸੂਬੇ ਲਈ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ, 001 ਲੋਕ ਸਭਾ ਹਲਕਾ ਗੁਰਦਾਸਪੁਰ ਸ੍ਰੀ ਵਿਸ਼ੇਸ਼ ਸਾਰੰਗਲ ਨੇ  ਦੱਸਿਆ ਕਿ ਚੋਣਾਂ ਲਈ ਗਜ਼ਟ ਨੋਟੀਫ਼ਿਕੇਸ਼ਨ ਅੱਜ 7 ਮਈ, 2024 ਨੂੰ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੀ ਪ੍ਰੀਕ੍ਰਿਆ ਅੱਜ 7 ਮਈ ਤੋਂ ਸ਼ੁਰੂ ਹੋ ਗਈ ਹੈ ਅਤੇ ਨਾਮਜ਼ਦਗੀਆਂ ਭਰਨ ਦੀ ਆਖ਼ਰੀ ਮਿਤੀ 14 ਮਈ, 2024 (ਮੰਗਲਵਾਰ) ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਦੀ ਪੜਤਾਲ 15 ਮਈ (ਬੁੱਧਵਾਰ) ਨੂੰ ਹੋਵੇਗੀ। ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਉਮੀਦਵਾਰ 17 ਮਈ, 2024 (ਸ਼ੁੱਕਰਵਾਰ) ਤੱਕ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਵਿੱਚ 1 ਜੂਨ, 2024 (ਸ਼ਨੀਵਾਰ) ਨੂੰ ਵੋਟਾਂ ਪੈਣਗੀਆਂ ਅਤੇ ਪੰਜਾਬ ਸਮੇਤ ਦੇਸ਼ ਵਿੱਚ ਪਈਆਂ ਵੋਟਾਂ ਦੀ ਗਿਣਤੀ 4 ਜੂਨ, 2024 (ਮੰਗਲਵਾਰ) ਨੂੰ ਕੀਤੀ ਜਾਵੇਗੀ।  ਉਨ੍ਹਾਂ ਕਿਹਾ ਕਿ ਚੋਣਾਂ ਦੇ ਮੁਕੰਮਲ ਹੋਣ ਦੀ ਅੰਤਿਮ ਮਿਤੀ 6 ਜੂਨ, 2024 (ਵੀਰਵਾਰ) ਹੈ। ਉਨ੍ਹਾਂ ਦੱਸਿਆ ਕਿ ਵੋਟਾਂ ਪੈਣ ਦਾ ਸਮਾਂ ਸਵੇਰੇ 7:00 ਵਜੇ ਤੋਂ ਸ਼ਾਮ 6:00 ਵਜੇ ਤੱਕ ਹੋਵੇਗਾ।

ਰਿਟਰਨਿੰਗ ਅਫ਼ਸਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਅੱਗੇ ਦੱਸਿਆ ਕਿ ਲੋਕ ਸਭਾ ਹਲਕਾ 01-ਗੁਰਦਾਸਪੁਰ ਲਈ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ, 01 ਗੁਰਦਾਸਪੁਰ ਲੋਕ ਸਭਾ ਹਲਕਾ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਜਾਂ ਸ੍ਰੀ ਕਰਮਜੀਤ ਸਿੰਘ, ਪੀ.ਸੀ.ਐੱਸ., ਉਪ ਮੰਡਲ ਮੈਜਿਸਟ੍ਰੇਟ ਗੁਰਦਾਸਪੁਰ-ਕਮ-ਸਹਾਇਕ ਰਿਟਰਨਿੰਗ ਅਫ਼ਸਰ ਵੱਲੋਂ ਉਮੀਦਵਾਰ ਜਾਂ ਉਸ ਦੇ ਕਿਸੇ ਤਜਵੀਜ਼ਕਾਰ ਦੁਆਰਾ ਅਦਾਲਤ ਡਿਪਟੀ ਕਮਿਸ਼ਨਰ-ਕਮ-ਰਿਟਰਨਿੰਗ ਅਫ਼ਸਰ, ਗੁਰਦਾਸਪੁਰ ਦੇ ਕਮਰਾ ਨੰਬਰ 213, ਪਹਿਲੀ ਮੰਜ਼ਿਲ, ਬਲਾਕ ਬੀ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ 7 ਮਈ ਤੋਂ 14 ਮਈ 2024 (ਸਰਕਾਰੀ ਛੁੱਟੀ ਤੋਂ ਬਿਨਾਂ) ਸਵੇਰੇ 11:00 ਵਜੇ ਤੋਂ ਬਾਅਦ ਦੁਪਹਿਰ 3:00 ਵਜੇ ਦਰਮਿਆਨ ਲਏ ਜਾਣਗੇ।

ਰਿਟਰਨਿੰਗ ਅਫ਼ਸਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ 7 ਮਈ 2024 ਤੋਂ 14 ਮਈ, 2024 ਤੱਕ ਜਨਤਕ ਛੁੱਟੀ ਤੋਂ ਇਲਾਵਾ ਬਾਕੀ ਸਾਰੇ ਨਿਰਧਾਰਿਤ ਦਿਨਾਂ ਦੌਰਾਨ ਸਵੇਰੇ 11.00 ਵਜੇ ਤੋਂ ਸ਼ਾਮ 3.00 ਵਜੇ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਦੇ ਹਨ। ਦੱਸਣਯੋਗ ਹੈ ਕਿ  ਨਾਮਜ਼ਦਗੀ ਪੱਤਰ ਫਾਰਮ 2A ਵਿੱਚ ਭਰੇ ਜਾਣੇ ਹਨ। ਜ਼ਿਕਰਯੋਗ ਹੈ ਕਿ ਖ਼ਾਲੀ ਫਾਰਮ ਸਬੰਧਿਤ ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਲ ਉਪਲਬਧ ਹਨ। ਟਾਈਪ ਕੀਤੇ ਨਾਮਜ਼ਦਗੀ ਪੱਤਰ ਵੀ ਸਵੀਕਾਰ ਕੀਤੇ ਜਾਣਗੇ ਬਸ਼ਰਤੇ ਉਹ ਮੁੱਖ ਚੋਣ ਦਫ਼ਤਰ ਦੀ ਵੈੱਬਸਾਈਟ (https://www.ceopunjab.gov.in) ‘ਤੇ ਦਰਸਾਏ ਗਏ ਨਿਰਧਾਰਿਤ ਫਾਰਮੈਟ ਵਿੱਚ ਹੋਣ।

ਉਨ੍ਹਾਂ ਕਿਹਾ ਕਿ ਭਗਵਾਨ ਪਰਸ਼ੂਰਾਮ ਜਯੰਤੀ (10 ਮਈ, 2024) ਵਾਲੇ ਦਿਨ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਤਹਿਤ ਛੁੱਟੀ ਨਹੀਂ ਹੈ। ਇਸ ਲਈ 10 ਮਈ, 2024 ਨੂੰ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ ਕੋਲ  ਭਰੇ ਜਾ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ 11 ਮਈ, 2024 ਨੂੰ ਦੂਜਾ ਸ਼ਨੀਵਾਰ ਅਤੇ 12 ਮਈ, 2024 ਨੂੰ ਐਤਵਾਰ ਹੋਣ ਕਰਕੇ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਤਹਿਤ ਛੁੱਟੀ ਹੋਵੇਗੀ। ਇਸ ਲਈ ਇਨ੍ਹਾਂ ਦੋਵੇਂ ਦਿਨਾਂ ਦੌਰਾਨ ਨਾਮਜ਼ਦਗੀ ਪੱਤਰ ਨਹੀਂ ਭਰੇ ਜਾ ਸਕਣਗੇ।

ਰਿਟਰਨਿੰਗ ਅਫ਼ਸਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਚੋਣਾਂ ਦੇ ਐਲਾਨ ਦੀ ਮਿਤੀ 16 ਮਾਰਚ, 2024 ਤੋਂ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਸੀ ਜੋ ਚੋਣ ਪ੍ਰਕਿਰਿਆ ਦੇ ਮੁਕੰਮਲ ਹੋਣ ਅਰਥਾਤ 06.06.2024 ਤੱਕ ਲਾਗੂ ਰਹੇਗਾ।

2 attachments • Scanned by Gmail

Advertisment