
ਲੁਧਿਆਣਾ (ਗਗਨਦੀਪ ਅਰੋੜਾ)
ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਇਮਤਿਹਾਨਾਂ ’ਚ ਫੇਲ੍ਹ ਹੋਣ ਮਗਰੋਂ ਜਾਅਲੀ ਸਰਟੀਫਿਕੇਟ ਬਣਵਾ ਕੇ ਵਕੀਲ ਬਣਨਾ ਆਮ ਆਦਮੀ ਪਾਰਟੀ ਦੇ ਆਗੂ ਨੂੰ ਮਹਿੰਗਾ ਪੈ ਗਿਆ ਹੈ। ਜਾਅਲੀ ਡਿਗਰੀ ਬਣਵਾਉਣ ਅਤੇ ਗ਼ਲਤ ਦਸਤਾਵੇਜ਼ ਲਾ ਕੇ ਵਕੀਲ ਦੀ ਡਿਗਰੀ ਦਿਵਾਉਣ ਦੀ ਸ਼ਿਕਾਇਤ ਕਰਨ ਦੇ ਮਾਮਲੇ ਵਿੱਚ ‘ਆਪ’ ਦਾ ਜ਼ਿਲ੍ਹਾ ਯੂਥ ਵਰਕਿੰਗ ਪ੍ਰਧਾਨ ਪਰਮਿੰਦਰ ਸਿੰਘ ਸੰਧੂ ਖੁਦ ਹੀ ਫਸ ਗਿਆ ਹੈ। ਉਲਟਾ ਉਸ ਖ਼ਿਲਾਫ਼ ਹੋਈ ਸ਼ਿਕਾਇਤ ਮਗਰੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਕੌਂਸਲ ਦੀ ਸਿਫ਼ਾਰਸ਼ ’ਤੇ ਜਾਂਚ ਦੇ ਹੁਕਮ ਦਿੱਤੇ ਗਏ। ਇਸ ਦੌਰਾਨ ਪਤਾ ਚੱਲਿਆ ਕਿ 12ਵੀਂ ’ਚੋਂ ਫੇਲ੍ਹ ‘ਆਪ’ ਆਗੂ ਜਾਅਲੀ ਸਰਟੀਫਿਕੇਟ ਲਾ ਕੇ ਵਕੀਲ ਬਣਿਆ ਹੈ। ਸ਼ਿਕਾਇਤਕਰਤਾ ਵਕੀਲ ਡੇਵਿਡ ਗਿੱਲ ਨੇ ਇਸਦੀ ਸ਼ਿਕਾਇਤ ਜਦੋਂ ਚੋਣ ਕਮਿਸ਼ਨ ਨੂੰ ਕੀਤੀ ਤਾਂ ਚੋਣ ਕਮਿਸ਼ਨ ਨੇ ਪਰਮਿੰਦਰ ਸਿੰਘ ਸੰਧੂ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਦਿੱਤੇ। ਥਾਣਾ ਡਿਵੀਜ਼ਨ ਨੰ. 5 ਦੀ ਪੁਲੀਸ ਨੇ ਇਸ ਮਾਮਲੇ ਵਿੱਚ ਪਹਿਲਾਂ ਤੋਂ ਦਰਜ ਐੱਫਆਈਆਰ ਵਿੱਚ ਪਰਮਿੰਦਰ ਸੰਧੂ ਦਾ ਨਾਮ ਵੀ ਨਾਮਜ਼ਦ ਕਰ ਲਿਆ ਹੈ। ਉਧਰ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ ਨੇ ਕਿਹਾ ਕਿ ਪਾਰਟੀ ਦਾ ਅਕਸ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ। ਉਹ ਇਹ ਮਾਮਲਾ ਹਾਈਕਮਾਂਡ ਦੇ ਧਿਆਨ ’ਚ ਲਿਆਉਣਗੇ।





















