ਨਵੀਂ ਦਿੱਲੀ

ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) 19 ਮਾਰਚ ਨੂੰ ਹੋਣ ਵਾਲੀ ਆਪਣੀ ਮੀਟਿੰਗ ਵਿੱਚ ਲੋਕ ਸਭਾ ਚੋਣਾਂ ਲਈ ਪਾਰਟੀ ਦੇ ਚੋਣ ਮੈਨੀਫੈਸਟੋ ਬਾਰੇ ਚਰਚਾ ਕਰੇਗੀ ਅਤੇ ਇਸ ਨੂੰ ਅੰਤਿਮ ਰੂਪ ਦੇਵੇਗੀ। ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਪ੍ਰਧਾਨਗੀ ਹੇਠ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (ਸੀਈਸੀ) ਦੀ ਮੀਟਿੰਗ ਵੀ 19 ਤੋਂ 20 ਮਾਰਚ ਨੂੰ ਹੋਣ ਦੀ ਸੰਭਾਵਨਾ ਹੈ ਜਿਸ ਵਿੱਚ 19 ਅਪਰੈਲ ਤੋਂ ਸ਼ੁਰੂ ਹੋਣ ਵਾਲੀਆਂ ਸੱਤ ਗੇੜਾਂ ਵਾਲੀਆਂ ਲੋਕ ਸਭਾ ਚੋਣਾਂ ਵਾਸਤੇ ਪਾਰਟੀ ਦੇ ਬਾਕੀ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਸੂਤਰਾਂ ਨੇ ਕਿਹਾ ਕਿ ਸੀਈਸੀ ਪਾਰਟੀ ਦੇ ਹੋਰ ਉਮੀਦਵਾਰਾਂ ਬਾਰੇ ਚਰਚਾ ਕਰ ਕੇ ਉਨ੍ਹਾਂ ਦੇ ਨਾਵਾਂ ਬਾਰੇ ਵੀ ਆਖਰੀ ਫ਼ੈਸਲਾ ਲਵੇਗੀ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਪਾਰਟੀ ਦੀ ਫੈਸਲੇ ਲੈਣ ਵਾਲੀ ਸਿਖ਼ਰਲੀ ਇਕਾਈ ਸੀਡਬਲਿਊਸੀ 19 ਮਾਰਚ ਨੂੰ ਮੀਟਿੰਗ ਕਰੇਗੀ ਅਤੇ ਚੋਣ ਮੈਨੀਫੈਸਟੋ ਦੇ ਖਰੜੇ ਨੂੰ ਆਪਣੀ ਮਨਜ਼ੂਰੀ ਦੇਵੇਗੀ, ਜਿਸ ਵਿੱਚ ਨਿਆਂ ਵਾਸਤੇ ਪੰਜ ਗਾਰੰਟੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਾਰਟੀ ਪੰਜ ਨਿਆਂ-‘ਭਾਗੀਦਾਰੀ ਨਿਆਏ, ਕਿਸਾਨ ਨਿਆਏ, ਨਾਰੀ ਨਿਆਏ, ਸ਼੍ਰਮਿਕ ਨਿਆਏ ਅਤੇ ਯੁਵਾ ਨਿਆਏ ਦੇ ਮੁੱਦੇ ’ਤੇ ਚੋਣਾਂ ਲੜੇਗੀ। ਇਨ੍ਹਾਂ ਵਿੱਚ 25 ਗਾਰੰਟੀਆਂ ਹੋਣਗੀਆਂ ਜਿਨ੍ਹਾਂ ਦਾ ਐਲਾਨ ਕਾਂਗਰਸ ਪ੍ਰਧਾਨ ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਪਹਿਲਾਂ ਹੀ ਕਰ ਚੁੱਕੇ ਹਨ। ਉਨ੍ਹਾਂ ‘ਮੋਦੀ ਦੀ ਗਾਰੰਟੀ’ ਦਾ ਦਾਅਵਾ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਨਜ਼ ਕੱਸਦਿਆਂ ਕਿਹਾ, ‘‘ਇਹ ਗਾਰੰਟੀਆਂ ਕਾਂਗਰਸ ਦੀਆਂ ਹਨ, ਕਿਸੇ ਇਕ ਵਿਅਕਤੀ ਦੀਆਂ ਨਹੀਂ।’’ ਸੂਤਰਾਂ ਨੇ ਕਿਹਾ ਕਿ ਸੀਈਸੀ ਪਾਰਟੀ ਉਮੀਦਵਾਰਾਂ ਦੇ ਨਾਵਾਂ ਬਾਰੇ ਵੀ ਆਖਰੀ ਫ਼ੈਸਲਾ ਲਵੇਗੀ। -ਪੀਟੀਆਈ





















