Code Of Ethics

Download app

Subscribe To Print Edition

ਭਾਜਪਾ ਰੌਲਾ ਤਾਂ ਪਾਉਂਦੀ ਹੈ ਪਰ ‘ਸੰਵਿਧਾਨ’ ਬਦਲਣ ਦੀ ਹਿੰਮਤ ਨਹੀਂ: ਰਾਹੁਲ

ਮੁੰਬਈ ਵਿੱਚ ਮਣੀ ਭਵਨ ਤੋਂ ਅਗਸਤ ਕ੍ਰਾਂਤੀ ਮੈਦਾਨ ਤੱਕ ‘ਨਿਆਏ ਸੰਕਲਪ ਪਦਯਾਤਰਾ’ ਕੀਤੀ

ਮੁੰਬਈ, 17 ਮਾਰਚ

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਹੈ ਕਿ ਸੱਤਾਧਾਰੀ ਧਿਰ ਭਾਜਪਾ ਰੌਲਾ ਤਾਂ ਬਹੁਤ ਪਾਉਂਦੀ ਹੈ ਪਰ ਇਸ ਕੋਲ ਸੰਵਿਧਾਨ ਵਿੱਚ ਬਦਲਾਅ ਕਰਨ ਦੀ ਹਿੰਮਤ ਨਹੀਂ ਹੈ। ਸ੍ਰੀ ਗਾਂਧੀ ਨੇ ਕਿਹਾ ਕਿ ਸੱਚ ਤੇ ਦੇਸ਼ ਦੀ ਜਨਤਾ ਉਨ੍ਹਾਂ (ਰਾਹੁਲ) ਵੱਲ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਭਾਜਪਾ ਦੇ ਸੰਸਦ ਮੈਂਬਰ ਅਨੰਤਕੁਮਾਰ ਹੇਗੜੇ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਨੂੰ ਸੰਵਿਧਾਨ ਵਿੱਚ ਸੋਧ ਕਰਨ ਲਈ ਸੰਸਦ ਦੇ ਦੋਵੇਂ ਸਦਨਾਂ ਵਿੱਚ ਦੋ-ਤਿਹਾਈ ਬਹੁਮੱਤ ਦੀ ਲੋੜ ਹੈ। ਇਸ ਤੋਂ ਬਾਅਦ ਭਾਜਪਾ ਨੇ ਹੇਗੜੇ ਦੀਆਂ ਟਿੱਪਣੀਆਂ ਕਾਰਨ ਪੈਦਾ ਹੋਏ ਵਿਵਾਦ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਵਜੋਂ ਇਸ ਨੂੰ ਉਨ੍ਹਾਂ ਦਾ ‘ਨਿੱਜੀ ਵਿਚਾਰ’ ਦੱਸਿਆ ਅਤੇ ਉਨ੍ਹਾਂ ਕੋਲੋਂ ਸਪੱਸ਼ਟੀਕਰਨ ਮੰਗਿਆ ਸੀ।

ਰਾਹੁਲ ਗਾਂਧੀ ਮੁੰਬਈ ਵਿੱਚ ਮਹਾਤਮਾ ਗਾਂਧੀ ਦੀ ਰਿਹਾਇਸ਼ ਮਣੀ ਭਵਨ ਤੋਂ ਅਗਸਤ ਕ੍ਰਾਂਤੀ ਮੈਦਾਨ ਤੱਕ ‘ਨਿਆਂ ਸੰਕਲਪ ਪਦਯਾਤਰਾ’ ਕਰਨ ਤੋਂ ਬਾਅਦ ਇੱਥੇ ਇਕ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ। ਅਗਸਤ ਕ੍ਰਾਂਤੀ ਮੈਦਾਨ ਵਿੱਚ ਹੀ ਬਰਤਾਨਵੀ ਰਾਜ ਤੋਂ ਆਜ਼ਾਦੀ ਲਈ ਭਾਰਤ ਦੇ ਸੰਘਰਸ਼ ਦੌਰਾਨ 1942 ਵਿੱਚ ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ ਸੀ। ਉਨ੍ਹਾਂ ਕਿਹਾ, ‘‘ਭਾਜਪਾ ਬਹੁਤ ਸ਼ੋਰ ਮਚਾਉਂਦੀ ਹੈ ਪਰ ਉਸ ਕੋਲ ਸੰਵਿਧਾਨ ਨੂੰ ਬਦਲਣ ਦੀ ਹਿੰਮਤ ਨਹੀਂ ਹੈ। ਸੱਚ ਅਤੇ ਲੋਕਾਂ ਦਾ ਸਮਰਥਨ ਸਾਡੇ ਨਾਲ ਹੈ।’’

ਵਾਇਨਾਡ ਤੋਂ ਲੋਕ ਸਭਾ ਮੈਂਬਰ ਰਾਹੁਲ ਨੇ ਕਿਹਾ ਕਿ ਮੌਜੂਦਾ ਲੜਾਈ ਸਿਰਫ਼ ਭਾਜਪਾ ਤੇ ਕਾਂਗਰਸ ਵਿਚਾਲੇ ਨਹੀਂ ਹੈ ਬਲਕਿ ਦੋ ‘ਵਿਚਾਰਧਾਰਾਵਾਂ’ ਵਿਚਾਲੇ ਹੈ। ਉਨ੍ਹਾਂ ਕਿਹਾ, ‘‘ਕੋਈ ਸੋਚਦਾ ਹੈ ਕਿ ਦੇਸ਼ ਇਕ ਕੇਂਦਰ ਤੋਂ ਚੱਲਣਾ ਚਾਹੀਦਾ ਹੈ ਜਿੱਥੇ ਇਕ ਵਿਅਕਤੀ ਕੋਲ ਸਾਰਾ ਗਿਆਨ ਹੈ। ਇਸ ਤੋਂ ਉਲਟ, ਅਸੀਂ ਸੋਚਦੇ ਹਾਂ ਕਿ ਸ਼ਕਤੀ ਦਾ ਵਿਕੇਂਦਰੀਕਰਨ ਹੋਣਾ ਚਾਹੀਦਾ ਹੈ ਅਤੇ ਲੋਕਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ।’’ ਰਾਹੁਲ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਕੋਲ ਆਈਆਈਟੀ ਦੀ ਡਿਗਰੀ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਸ ਕੋਲ ਕਿਸੇ ਕਿਸਾਨ ਨਾਲੋਂ ਵੱਧ ਗਿਆਨ ਹੈ ਪਰ ਭਾਜਪਾ ਇਸ ਤਰ੍ਹਾਂ ਕੰਮ ਨਹੀਂ ਕਰਦੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰੀ ਸਵੈ ਸੇਵੀ ਸੰਘ ਦੀ ਸੋਚ ਹੈ ਕਿ ਸਿਰਫ਼ ਇਕ ਵਿਅਕਤੀ ਕੋਲ ਗਿਆਨ ਹੈ…ਕਿਸਾਨ, ਮਜ਼ਦੂਰ ਅਤੇ ਬੇਰੁਜ਼ਗਾਰ ਨੌਜਵਾਨਾਂ ਕੋਲ ਕੋਈ ਗਿਆਨ ਨਹੀਂ ਹੈ।’’ ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਨੂੰ ਕਾਂਗਰਸ ਦੇ ਸੰਸਦ ਮੈਂਬਰ ਨੇ ਮੱਧ ਮੁੰਬਈ ਵਿੱਚ ਡਾ. ਭੀਮ ਰਾਓ ਅੰਬੇਡਕਰ ਦੀ ਯਾਦਗਾਰ ‘ਚੈਤਿਆਭੂਮੀ’ ਵਿਖੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰ ਕੇ ਅਤੇ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹ ਕੇ ਆਪਣੀ 63 ਦਿਨਾ ‘ਭਾਰਤ ਜੋੜੋ ਨਿਆਏ ਯਾਤਰਾ’ ਦੀ ਸਮਾਪਤੀ ਕੀਤੀ ਸੀ। ਇਹ ਯਾਤਰਾ 14 ਜਨਵਰੀ ਨੂੰ ਗੜਬੜ ਵਾਲੇ ਸੂਬੇ ਮਨੀਪੁਰ ਤੋਂ ਸ਼ੁਰੂ ਹੋਈ ਸੀ।

Advertisment