Code Of Ethics

Download app

Subscribe To Print Edition

ਭਾਈਵਾਲਾਂ ਨੂੰ ਵਰਤ ਕੇ ਸੁੱਟ ਦੇਣਾ ਕਾਂਗਰਸ ਦਾ ਏਜੰਡਾ: ਮੋਦੀ

ਅਮਰਾਵਤੀ (ਆਂਧਰਾ ਪ੍ਰਦੇਸ਼), 17 ਮਾਰਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਰੋਧੀ ਧਿਰ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਨੂੰ ਨਿਸ਼ਾਨੇ ’ਤੇ ਲੈਂਦਿਆਂ ਦੋਸ਼ ਲਾਇਆ ਕਿ ਆਪਣੇ ਭਾਈਵਾਲਾਂ ਨੂੰ ਵਰਤ ਕੇ ਸੁੱਟ ਦੇਣਾ ਹੀ ਕਾਂਗਰਸ ਦਾ ਏਜੰਡਾ ਹੈ। ਉਹ ਆਂਧਰਾ ਪ੍ਰਦੇਸ਼ ਦੇ ਪਲਨਾੜੂ ਜ਼ਿਲ੍ਹੇ ਦੇ ਬੋਪੁਡੀ ਪਿੰਡ ’ਚ ਐੱਨਡੀਏ ਦੀ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ’ਚ ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈੱਡੀ ਦੀ ਅਗਵਾਈ ਹੇਠਲੀ ਵਾਈਐੱਸਆਰਸੀਪੀ ਸਰਕਾਰ ਤੇ ਕਾਂਗਰਸ ਦੋਵੇਂ ਇੱਕੋ ਜਿਹੀਆਂ ਹਨ ਅਤੇ ਇਹ ਦੋਵੇਂ ਪਾਰਟੀਆਂ ਸਿਰਫ਼ ਇੱਕ ਪਰਿਵਾਰ ਵੱਲੋਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ, ‘ਐੱਨਡੀਏ ਵਿੱਚ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਹਾਂ ਪਰ ਦੂਜੇ ਪਾਸੇ ਕਾਂਗਰਸ ਦਾ ਸਿਰਫ਼ ਇਕ ਏਜੰਡਾ ਭਾਈਵਾਲਾਂ ਨੂੰ ਵਰਤ ਕੇ ਸੁੱਟ ਦੇਣ ਦਾ ਹੈ। ਅੱਜ ਕਾਂਗਰਸ ਨੂੰ ਮਜਬੂਰੀ ਵਿੱਚ ਇੰਡੀ ਗੱਠਜੋੜ (ਇੰਡੀਆ) ਬਣਾਉਣਾ ਪਿਆ ਹੈ ਪਰ ਸੱਚ ਇਹੀ ਹੈ।’ ਉਨ੍ਹਾਂ ਦੋਸ਼ ਲਾਇਆ, ‘ਤੁਸੀਂ ਦੇਖਿਆ ਕਿ ਕੇਰਲਾ ਵਿੱਚ ਖੱਬੇਪੱਖੀ ਤੇ ਕਾਂਗਰਸ ਇੱਕ-ਦੂਜੇ ਬਾਰੇ ਕੀ ਕਹਿ ਰਹੇ ਹਨ। ਬੰਗਾਲ ਵਿੱਚ ਟੀਐੱਮਸੀ ਤੇ ਖੱਬੇਪੱਖੀ ਇੱਕ-ਦੂਜੇ ਖ਼ਿਲਾਫ਼ ਕੀ ਬੋਲ ਰਹੇ ਨੇ ਅਤੇ ਪੰਜਾਬ ਵਿੱਚ ਕਾਂਗਰਸ ਤੇ ‘ਆਪ’ ਇੱਕ ਦੂਜੇ ਬਾਰੇ ਕਿਹੋ ਜਿਹੀ ਭਾਸ਼ਾ ਵਰਤ ਰਹੇ ਹਨ। ਚੋਣਾਂ ਤੋਂ ਪਹਿਲਾਂ ਹੀ ਜਿਹੜੇ ਲੋਕ ਆਪਣੇ ਹਿੱਤਾਂ ਖਾਤਰ ਇਸ ਤਰ੍ਹਾਂ ਲੜ ਰਹੇ ਹਨ ਉਹ ਚੋਣਾਂ ਤੋਂ ਬਾਅਦ ਕੀ ਕਰਨਗੇ, ਤੁਸੀਂ ਆਪ ਸੋਚ ਸਕਦੇ ਹੋ।’

 

ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕਰਦੇ ਹੋਏ ਸਥਾਨਕ ਆਗੂ। -ਫੋਟੋ: ਪੀਟੀਆਈ

 

ਮੋਦੀ ਨੇ ਕਿਹਾ ਕਿ ਐੱਨਡੀਏ ਖੇਤਰੀ ਇੱਛਾਵਾਂ ਤੇ ਕੌਮੀ ਪ੍ਰਗਤੀ ਨੂੰ ਲੈ ਕੇ ਅੱਗੇ ਵਧਦਾ ਹੈ ਅਤੇ ਚੋਣਾਂ ਤੋਂ ਬਾਅਦ ਆਪਣੇ ਤੀਜੇ ਕਾਰਜਕਾਲ ਦੌਰਾਨ ਦੇਸ਼ ’ਚ ਕਈ ਹੋਰ ਵੱਡੇ ਫ਼ੈਸਲੇ ਲਏ ਜਾਣਗੇ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਦੇਸ਼ ਦੇ 25 ਕਰੋੜ ਲੋਕਾਂ ਨੂੰ ਗਰੀਬੀ ’ਚੋਂ ਬਾਹਰ ਕੱਢਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਬੀਤੇ ਦਿਨ ਲੋਕ ਸਭਾ ਚੋਣਾਂ ਲਈ ਤਾਰੀਕਾਂ ਦਾ ਐਲਾਨ ਕੀਤਾ ਗਿਆ ਹੈ। ਸਾਰਾ ਮੁਲਕ ਕਹਿ ਰਿਹਾ ਹੈ ਕਿ 4 ਜੂਨ (ਚੋਣ ਨਤੀਜੇ ਵਾਲੇ ਦਿਨ) ਨੂੰ 400 ਤੋਂ ਪਾਰ (ਐੱਨਡੀਏ ਦੀਆਂ ਸੀਟਾਂ)।’

ਉਨ੍ਹਾਂ ਕਿਹਾ ਕਿ ਐੱਨਡੀਏ ਦਾ ਮਕਸਦ ‘ਵਿਕਸਿਤ ਭਾਰਤ’ ਅਤੇ ‘ਵਿਕਸਿਤ ਆਂਧਰਾ ਪ੍ਰਦੇਸ਼’ ਦਾ ਨਿਰਮਾਣ ਕਰਨਾ ਹੈ ਅਤੇ ਐੱਨਡੀਏ ਦੀ ਅਗਵਾਈ ਹੇਠਲੀ ਡਬਲ ਇੰਜਣ ਸਰਕਾਰ ਸੂਬੇ ਦਾ ਤੇਜ਼ੀ ਨਾਲ ਵਿਕਾਸ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਸਾਰੀਆਂ ਦੁਨੀਆ ਵਿੱਚ ਐੱਨਡੀਏ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਚਰਚਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਉਂਦੀਆਂ ਚੋਣਾਂ ਦੌਰਾਨ ਆਂਧਰਾ ਪ੍ਰਦੇਸ਼ ਦੇ ਲੋਕ ਕੇਂਦਰ ਵਿੱਚ ਐੱਨਡੀਏ ਸਰਕਾਰ ਲਿਆਉਣ ਦੇ ਨਾਲ ਨਾਲ ਸੂਬੇ ਵਿਚਲੀ ਮੌਜੂਦਾ ਸਰਕਾਰ ਨੂੰ ਸੱਤਾ ’ਚੋਂ ਲਾਂਭੇ ਕਰਨ ਦਾ ਮਨ ਬਣਾ ਚੁੱਕੇ ਹਨ। -ਪੀਟੀਆਈ

ਨਵੀਂ ਸਰਕਾਰ ਦੇ ਪਹਿਲੇ 100 ਦਿਨਾਂ ਦੀ ਰੂਪ-ਰੇਖਾ ਉਲੀਕਣ ਦੀ ਹਦਾਇਤ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਆਪਣੇ ਕੈਬਨਿਟ ਮੰਤਰੀਆਂ ਨਾਲ ਨਵੀਂ ਸਰਕਾਰ ਦੇ ਪਹਿਲੇ 100 ਦਿਨ ਅਤੇ ਅਗਲੇ ਪੰਜ ਸਾਲਾਂ ਲਈ ਇੱਕ ਰੂਪ-ਰੇਖਾ ਉਲੀਕਣ ਨੂੰ ਕਿਹਾ। ਸੂਤਰਾਂ ਅਨੁਸਾਰ ਮੋਦੀ ਨੇ ਅੱਜ ਸਵੇਰੇ ਇੱਥੇ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੰਤਰੀਆਂ ਨੂੰ ਆਪੋ-ਆਪਣੇ ਮੰਤਰਾਲਿਆਂ ਦੇ ਸਕੱਤਰਾਂ ਅਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਇਸ ਸਬੰਧੀ ਚਰਚਾ ਕਰਨ ਲਈ ਕਿਹਾ ਕਿ ਨਵੀਂ ਸਰਕਾਰ ਦੇ ਪਹਿਲੇ 100 ਦਿਨ ਅਤੇ ਅਗਲੇ ਪੰਜ ਸਾਲ ਦੇ ਏਜੰਡੇ ਨੂੰ ਬਿਹਤਰ ਢੰਗ ਨਾਲ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ। ਇਹ ਮੀਟਿੰਗ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੇ ਪ੍ਰੋਗਰਾਮ ਦੇ ਐਲਾਨ ਦੇ ਇੱਕ ਦਿਨ ਮਗਰੋਂ ਹੋਈ ਹੈ। ਮੰਤਰੀ ਮੰਡਲ ਨੇ ਚੋਣ ਕਮਿਸ਼ਨ ਦੀ ਸਿਫ਼ਰਿਸ਼ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਭੇਜ ਕੇ ਸੱਤ ਗੇੜ ਦੀਆਂ ਸੰਸਦੀ ਚੋਣਾਂ ਦੀਆਂ ਤਰੀਕਾਂ ਨੋਟੀਫਾਈ ਕਰਨ ਦਾ ਅਮਲ ਵੀ ਸ਼ੁਰੂ ਕਰ ਦਿੱਤਾ ਹੈ। ਪਹਿਲੇ ਪੜਾਅ ਤਹਿਤ 19 ਅਪਰੈਲ ਨੂੰ 102 ਸੀਟਾਂ ’ਤੇ ਵੋਟਿੰਗ ਲਈ ਪਹਿਲਾ ਨੋਟੀਫਿਕੇਸ਼ਨ 20 ਮਾਰਚ ਨੂੰ ਜਾਰੀ ਕੀਤਾ ਜਾਵੇਗਾ। ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਉਸ ਗੇੜ ਲਈ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਤਿੰਨ ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ‘ਵਿਕਸਤ ਭਾਰਤ: 2047’ ਲਈ ਇੱਕ ਵਿਜ਼ਨ ਦਸਤਾਵੇਜ਼ ਅਤੇ ਅਗਲੇ ਪੰਜ ਸਾਲਾਂ ਲਈ ਇੱਕ ਵਿਸਤ੍ਰਿਤ ਕਾਰਜ ਯੋਜਨਾ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਸੀ। ਮੀਟਿੰਗ ਵਿੱਚ ਮਈ ’ਚ ਨਵੀਂ ਸਰਕਾਰ ਦੇ ਗਠਨ ਦੇ ਤੁਰੰਤ ਬਾਅਦ ਚੁੱਕੇ ਜਾਣ ਵਾਲੇ ਕਦਮਾਂ ਲਈ 100 ਰੋਜ਼ਾ ਏਜੰਡੇ ਅਤੇ ਇਸ ਨੂੰ ਛੇਤੀ ਲਾਗੂ ਕਰਨ ਸਬੰਧੀ ਵਿਚਾਰ-ਚਰਚਾ ਕੀਤੀ ਗਈ ਸੀ।

Advertisment

You May Like This