ਜ਼ਬਰ ਨਹੀਂ ਕਿਸਾਨਾਂ ਦੀਆਂ ਸਮੂਹ ਹੱਕੀ ਮੰਗਾਂ ਪ੍ਰਵਾਨ ਕਰੇ ਕੇਂਦਰ ਸਰਕਾਰ:-ਮੋਰਚਾ ਆਗੂ
ਬਠਿੰਡਾ 22 ਫ਼ਰਵਰੀ 2024
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਸੂਬਾਈ ਆਗੂਆਂ ਵਰਿੰਦਰ ਸਿੰਘ ਮੋਮੀ,ਜਗਰੂਪ ਸਿੰਘ ਲਹਿਰਾ,ਗੁਰਵਿੰਦਰ ਸਿੰਘ ਪੰਨੂੰ,ਬਲਿਹਾਰ ਸਿੰਘ ਕਟਾਰੀਆ,ਪਵਨਦੀਪ ਸਿੰਘ,ਸ਼ੇਰ ਸਿੰਘ ਖੰਨਾ,ਸਿਮਰਨਜੀਤ ਸਿੰਘ ਨੀਲੋਂ,ਸੁਰਿੰਦਰ ਕੁਮਾਰ,ਜਸਪ੍ਰੀਤ ਸਿੰਘ ਗਗਨ ਅਤੇ ਜਗਸੀਰ ਸਿੰਘ ਭੰਗੂ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਿਸਾਨਾਂ ਵੱਲੋੰ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਐੱਮ.ਐੱਸ.ਪੀ.ਦੀ ਕਾਨੂੰਨੀ ਗਾਰੰਟੀ ਸਮੇਤ ਕਿਸਾਨੀ ਅੰਦੋਲਨ ਦੌਰਾਨ ਹੋਰ ਮੰਨੀਆਂ ਸਮੂਹ ਮੰਗਾਂ ਨੂੰ ਲਾਗੂ ਕਰਵਾਉਣ ਲਈ ਸੰਵਿਧਾਨਿਕ ਜਮਹੂਰੀ ਹੱਕ ਤਹਿਤ ਕੀਤੇ ਜਾ ਰਹੇ ਸ਼ਾਂਤਮਈ ਸੰਘਰਸ਼ ਨੂੰ ਕੁਚਲਣ ਦੀ ਨੀਅਤ ਨਾਲ਼ ਕੇਂਦਰ ਦੀ ਫਾਸ਼ੀਵਾਦੀ ‘ਮੋਦੀ ਸਰਕਾਰ’ ਦੇ ਇਸ਼ਾਰਿਆਂ ਤੇ ਹਰਿਆਣੇ ਦੀ ‘ਖੱਟਰ ਸਰਕਾਰ’ ਵੱਲੋੰ ਸੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਬੈਰੀਗੇਟ ਅਤੇ ਕੰਡਿਆਲੀ ਤਾਰਾਂ ਲਾਕੇ ਸੰਘਰਸ਼ਸ਼ੀਲ ਕਿਸਾਨਾਂ ਨੂੰ ‘ਦਿੱਲੀ’ ਜਾਣ ਤੋਂ ਰੋਕਕੇ ਅੱਥਰੂ ਗੈਸ ਛੱਡਣ ਸਮੇਤ ਹੋਰ ਤਰਾਂ-ਤਰਾਂ ਦੇ ਹੱਥਕੰਡੇ ਅਪਣਾਕੇ ਕਿਸਾਨਾਂ ਉੱਤੇ ਕੀਤੇ ਜਾ ਰਹੇ ਅੰਨ੍ਹੇਵਾਹ ਅਨ-ਮਨੁੱਖੀ ਜ਼ਬਰ ਅਤੇ ਮਨੁੱਖੀ ਅਧਿਕਾਰਾਂ ਨੂੰ ਕੁਚਲਦੇ ਹੋਏ ਸਿੱਧੀ ਗੋਲੀਬਾਰੀ ਕਰਕੇ ਕਿਸਾਨਾਂ ਨੂੰ ਜ਼ਖ਼ਮੀ ਕਰਨ ਅਤੇ ਪਿੰਡ ਬੱਲੋ ਜ਼ਿਲਾ ਬਠਿੰਡਾ ਦੇ ਨੌਜਵਾਨ ਸ਼ੁਭਕਰਨ ਸਿੰਘ ਦਾ ਕਤਲ ਕਰਨ ਦੀ “ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ” ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ ਅਤੇ ਨੌਜਵਾਨ ਕਿਸਾਨ ਦੇ ਕਤਲ ਦੇ ਜਿੰਮੇਵਾਰ ਸਮੂਹ ਅਧਿਕਾਰੀਆਂ ਸਮੇਤ ਸਮੂਹ ਦੋਸ਼ੀਆਂ ਤੇ ਕੇਸ ਦਰਜ਼ ਕਰਕੇ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਦਾ ਹੈ ਅਤੇ ਪੁਲਿਸ/ਫੌਜ ਦੇ ਜ਼ਬਰ ਨਾਲ਼ ਸੰਘਰਸਾਂ ਨੂੰ ਕੁਚਲਣ ਦੀ ਥਾਂ ਕਿਸਾਨਾਂ-ਮਜ਼ਦੂਰਾਂ ਦੀਆਂ ਸਮੂਹ ਮੰਗਾਂ ਨੂੰ ਪ੍ਰਵਾਨ ਕਰਨ ਦੀ ਮੰਗ ਕਰਦਾ ਹੈ





















