* ਦੋਹਾਂ ਮੁਲਕਾਂ ਨੇ ਪੂਰਬੀ ਲੱਦਾਖ ’ਚ ਸ਼ਾਂਤੀ ਤੇ ਸਦਭਾਵਨਾ ਕਾੲਿਮ ਰੱਖਣ ਦੀ ਹਾਮੀ ਭਰੀ
ਨਵੀਂ ਦਿੱਲੀ, 21 ਫਰਵਰੀ

ਪੂਰਬੀ ਲੱਦਾਖ ਵਿੱਚ ਤਕਰੀਬਨ ਸਾਢੇ ਤਿੰਨ ਸਾਲ ਪਹਿਲਾਂ ਪੈਦਾ ਹੋਏ ਵਿਵਾਦ ਨੂੰ ਹੱਲ ਕਰਨ ਲਈ ਭਾਰਤ ਤੇ ਚੀਨ ਵਿਚਾਲੇ ਉੱਚ ਪੱਧਰੀ ਫੌਜੀ ਗੱਲਬਾਤ ਦੇ ਹੋਏ ਤਾਜ਼ਾ ਗੇੜ ਵਿੱਚ ਦੋਹਾਂ ਧਿਰਾਂ ਨੇ ਅਸਲ ਕੰਟਰੋਲ ਰੇਖਾ ’ਤੇ ਸ਼ਾਂਤੀ ਤੇ ਸਦਭਾਵਨਾ ਕਾਇਮ ਰੱਖਣ ਦੀ ਹਾਮੀ ਭਰੀ ਪਰ ਇਸ ਦੌਰਾਨ ਗੱਲ ਤਣ-ਪੱਤਣ ਲੱਗਣ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ। ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਭਾਰਤ ਤੇ ਚੀਨ ਵਿਚਾਲੇ ਕੋਰ ਕਮਾਂਡਰ ਪੱਧਰ ਦੀ 21ਵੇਂ ਗੇੜ ਦੀ ਮੀਟਿੰਗ ਚੁਸ਼ੂਲ-ਮੋਲਡੋ ਸਰਹੱਦ ’ਤੇ ਸਥਿਤ ਇਕ ਥਾਂ ’ਤੇ 19 ਫਰਵਰੀ ਨੂੰ ਹੋਈ। ਮਾਮਲੇ ਤੋਂ ਜਾਣੂ ਲੋਕਾਂ ਨੇ ਦੱਸਿਆ ਕਿ ਭਾਰਤ ਵੱਲੋਂ ਦੇਪਸਾਂਗ ਤੇ ਡੈਮਚੋਕ ਵਿੱਚ ਲਟਕਦੇ ਆ ਰਹੇ ਮੁੱਦਿਆਂ ਦੇ ਹੱਲ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਗੱਲਬਾਤ ਦਾ ਕੋਈ ਠੋਸ ਸਿੱਟਾ ਨਹੀਂ ਨਿਕਲਿਆ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਹਾਂ ਧਿਰਾਂ ਨੇ ਫੌਜੀ ਤੇ ਕੂਟਨੀਤਕ ਪ੍ਰਕਿਰਿਆ ਰਾਹੀਂ ਅੱਗੇ ਵੀ ਸੰਚਾਰ ਕਾਇਮ ਰੱਖਣ ਦੀ ਹਾਮੀ ਭਰੀ।
ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ, ‘‘ਗੱਲਬਾਤ ਦੇ ਪਿਛਲੇ ਗੇੜਾਂ ਦੌਰਾਨ ਭਾਰਤ-ਚੀਨ ਸਰਹੱਦੀ ਇਲਾਕਿਆਂ ਵਿੱਚ ਸ਼ਾਂਤੀ ਤੇ ਸਦਭਾਵਨਾ ਪੂਰੀ ਤਰ੍ਹਾਂ ਬਹਾਲ ਕਰਨ ਲਈ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐੱਲਏਸੀ) ਦੇ ਨਾਲ ਲੱਗਦੇ ਬਾਕੀ ਇਲਾਕਿਆਂ ’ਚੋਂ ਵੀ ਸੈਨਿਕਾਂ ਨੂੰ ਪੂਰੀ ਤਰ੍ਹਾਂ ਪਿੱਛੇ ਹਟਾਉਣਾ ਜ਼ਰੂਰੀ ਦੱਸਿਆ ਗਿਆ ਸੀ।’’ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਹਾਂ ਧਿਰਾਂ ਨੇ ਗੱਲਬਾਤ ਦੌਰਾਨ ਇਸ ਸਬੰਧੀ ਆਪੋ-ਆਪਣਾ ਨਜ਼ਰੀਆ ਸਾਂਝਾ ਕੀਤਾ ਅਤੇ ਇਹ ਗੱਲਬਾਤ ਦੋਸਤਾਨਾ ਮਾਹੌਲ ਵਿੱਚ ਹੋਈ। ਮੰਤਰਾਲੇ ਨੇ ਕਿਹਾ, ‘‘ਦੋਹਾਂ ਧਿਰਾਂ ਨੇ ਅੱਗੇ ਵੀ ਫੌਜੀ ਤੇ ਕੂਟਨੀਤਕ ਪ੍ਰਕਿਰਿਆ ਰਾਹੀਂ ਸੰਚਾਰ ਕਰਦੇ ਰਹਿਣ ਦੀ ਹਾਮੀ ਭਰੀ। ਉਨ੍ਹਾਂ ਸਰਹੱਦੀ ਇਲਾਕਿਆਂ ਵਿੱਚ ਜ਼ਮੀਨੀ ਪੱਧਰ ’ਤੇ ਸ਼ਾਂਤੀ ਤੇ ਸਦਭਾਵਨਾ ਕਾਇਮ ਰੱਖਣ ਦੀ ਹਾਮੀ ਵੀ ਭਰੀ।’’ ਇਸ ਤੋਂ ਪਹਿਲਾਂ ਗੱਲਬਾਤ ਦਾ 20ਵਾਂ ਗੇੜ ਪਿਛਲੇ ਸਾਲ 9 ਤੇ 10 ਅਕਤੂਬਰ ਨੂੰ ਹੋਇਆ ਸੀ। ਉਸ ਵੇਲੇ ਗੱਲਬਾਤ ਦੇ ਕਈ ਗੇੜਾਂ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਅਸਲ ਕੰਟਰੋਲ ਰੇਖਾ ਦੇ ਨਾਲ ਬਾਕੀ ਰਹਿੰਦੇ ਮੁੱਦਿਆਂ ਦੇ ਜਲਦੀ ਤੇ ਦੋਹਾਂ ਧਿਰਾਂ ਵੱਲੋਂ ਮੰਨੇ ਜਾਣ ਵਾਲੇ ਹੱਲ ਲਈ ਖੁੱਲ੍ਹੇ ਤੇ ਸਕਾਰਾਤਮਕ ਢੰਗ ਨਾਲ ਵਿਚਾਰ-ਚਰਚਾ ਹੋਈ।
ਪਿਛਲੇ ਮਹੀਨੇ, ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਕਿਹਾ ਸੀ ਕਿ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਸਥਿਤੀ ਸਥਿਰ ਪਰ ਸੰਵੇਦਨਸ਼ੀਲ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਕਿਸੇ ਵੀ ਤਰ੍ਹਾਂ ਦੀ ਸਥਿਤੀ ਤੋਂ ਨਿਪਟਣ ਲਈ ਭਾਰਤੀ ਸੈਨਿਕਾਂ ਵੱਲੋਂ ਕਾਫੀ ਉੱਚੇ ਪੱਧਰ ਦੀਆਂ ਜੰਗੀ ਤਿਆਰੀਆਂ ਕੀਤੀਆਂ ਹੋਈਆਂ ਹਨ।
ਸਾਲ 2020 ਵਿੱਚ ਪੂਰਬੀ ਲੱਦਾਖ ਵਿੱਚ ਭਾਰਤੀ ਤੇ ਚੀਨੀ ਸੈਨਿਕਾਂ ਵਿੱਚ ਕੁਝ ਗੜਬੜ ਵਾਲੇ ਖੇਤਰਾਂ ਵਿੱਚ ਝੜਪਾਂ ਹੋ ਗਈਆਂ ਸੀ ਜਿਸ ਮਗਰੋਂ ਤਣਾਅ ਪੈਦਾ ਹੋ ਗਿਆ ਸੀ। ਹਾਲਾਂਕਿ, ਇਸ ਮਗਰੋਂ ਹੋਈ ਕੂਟਨੀਤਕ ਤੇ ਫੌਜੀ ਪੱਧਰ ਦੀ ਵਿਆਪਕ ਗੱਲਬਾਤ ਮਗਰੋਂ ਦੋਹਾਂ ਦੇਸ਼ਾਂ ਨੇ ਕਈ ਥਾਵਾਂ ਤੋਂ ਆਪੋ-ਆਪਣੇ ਸੈਨਿਕ ਪੂਰੀ ਤਰ੍ਹਾਂ ਪਿੱਛੇ ਸੱਦ ਲਏ ਸਨ।
21ਵੇਂ ਗੇੜ ਦੀ ਗੱਲਬਾਤ ਦੌਰਾਨ ਭਾਰਤੀ ਵਫ਼ਦ ਦੀ ਅਗਵਾਈ 14 ਕੋਰ ਦੇ ਲੇਹ ਸਥਿਤ ਹੈੱਡਕੁਆਰਟਰ ਦੇ ਕਮਾਂਡਰ ਨੇ ਕੀਤੀ ਜਦਕਿ ਚੀਨੀ ਟੀਮ ਦੀ ਅਗਵਾਈ ਦੱਖਣੀ ਸ਼ਿਨਜਿਆਂਗ ਮਿਲਟਰੀ ਜ਼ਿਲ੍ਹੇ ਦੇ ਕਮਾਂਡਰ ਵੱਲੋਂ ਕੀਤੀ ਗਈ। ਭਾਰਤ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਬਹਾਲ ਨਹੀਂ ਹੁੰਦੀ ਉਦੋਂ ਤੱਕ ਚੀਨ ਨਾਲ ਉਸ ਦੇ ਸਬੰਧ ਆਮ ਵਰਗੇ ਨਹੀਂ ਹੋ ਸਕਦੇ ਹਨ।
ਜ਼ਿਕਰਯੋਗ ਹੈ ਕਿ 5 ਮਈ 2020 ਨੂੰ ਪੈਂਗੋਂਗ ਝੀਲ ਇਲਾਕੇ ਵਿੱਚ ਹੋਈ ਹਿੰਸਕ ਝੜਪ ਤੋਂ ਬਾਅਦ ਪੂਰਬੀ ਲੱਦਾਖ ਦੇ ਸਰਹੱਦੀ ਇਲਾਕੇ ’ਚ ਤਣਾਅ ਪੈਦਾ ਹੋ ਗਿਆ ਸੀ। ਉਪਰੰਤ ਜੂਨ 2020 ਵਿੱਚ ਗਲਵਾਨ ਵਾਦੀ ਵਿੱਚ ਦੋਹਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਹੋਈ ਭਿਆਨਕ ਝੜਪ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਸਬੰਧ ਵਿਗੜ ਗਏ ਸਨ। ਉਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਫੌਜੀ ਤੇ ਕੂਟਨੀਤਕ ਪੱਧਰ ਦੀ ਹੋਈ ਲੜੀਵਾਰ ਗੱਲਬਾਤ ਦੇ ਨਤੀਜੇ ਵਜੋਂ ਪੈਂਗੋਂਗ ਝੀਲ ਦੇ ਉੱਤਰੀ ਤੇ ਦੱਖਣੀ ਕੰਢਿਆਂ ਅਤੇ ਗੋਗਰਾ ਇਲਾਕੇ ’ਚ ਫੌਜਾਂ ਪਿੱਛੇ ਹਟਾਉਣ ਦੀ ਪ੍ਰਕਿਰਿਆ ਦੋਹਾਂ ਦੇਸ਼ਾਂ ਨੇ 2021 ਵਿੱਚ ਪੂਰੀ ਕਰ ਲਈ ਸੀ। -ਪੀਟੀਆਈ
ਭਾਰਤ ਦ੍ਰਿੜ੍ਹਤਾ ਨਾਲ ਧੱਕੇਸ਼ਾਹੀ ਖ਼ਿਲਾਫ਼ ਖੜ੍ਹਾ ਹੈ: ਰੱਖਿਆ ਸਕੱਤਰ
ਨਵੀਂ ਦਿੱਲੀ: ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਚੀਨੀ ਫੌਜ ਦੀ ਧੱਕੇਸ਼ਾਹੀ ਕਾਰਨ ਪੈਦਾ ਹੋਏ ਹਾਲਾਤ ਦੇ ਹਵਾਲੇ ਨਾਲ ਰੱਖਿਆ ਸਕੱਤਰ ਗਿਰਧਰ ਅਰਮਾਨੇ ਨੇ ਅੱਜ ਕਿਹਾ ਕਿ ਭਾਰਤ ਪੂਰੀ ਦ੍ਰਿੜ੍ਹਤਾ ਨਾਲ ਧੱਕੇਸ਼ਾਹੀ ਖ਼ਿਲਾਫ਼ ਖੜ੍ਹਾ ਹੈ। ਇਹ ਗੱਲ ਉਨ੍ਹਾਂ ਇੰਡਸ-ਐਕਸ ਸੰਮੇਲਨ ਵਿੱਚ ਗੱਲਬਾਤ ਦੌਰਾਨ ਇਕ ਸਵਾਲ ਦਾ ਜਵਾਬ ਦਿੰਦਿਆਂ ਆਖੀ। ਉਨ੍ਹਾਂ ਕਿਹਾ ਕਿ ਹਿੰਦ-ਪ੍ਰਸ਼ਾਂਤ ਦਾ ਭੂ-ਸਿਆਸੀ ਦ੍ਰਿਸ਼ ਨੂੰ ਆਕਾਰ ਦੇਣ, ਖਿੱਤੇ ਵਿੱਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਵਿੱਚ ਭਾਰਤ ਤੇ ਅਮਰੀਕਾ ਪ੍ਰਮੁੱਖ ਭੂਮਿਕਾ ਨਿਭਾਅ ਸਕਦੇ ਹਨ। ਉਨ੍ਹਾਂ ਕਿਹਾ, ‘‘2020 ਵਿੱਚ ਜਿਸ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨਾ ਪਿਆ, ਭਵਿੱਖ ਵਿੱਚ ਵੀ ਉਸ ਦਾ ਸਾਹਮਣਾ ਹੋਣ ਦੀ ਸੰਭਾਵਨਾ ਸਾਨੂੰ ਹਮੇਸ਼ਾ ਸਰਗਰਮ ਰੱਖਦੀ ਹੈ।





















