ਪੁਣਛ ਜ਼ਿਲ੍ਹੇ ਦੀ ਪੀਰ ਪੰਜਾਲ ਰੇਂਜ ’ਚ ਵੀ ਬਰਫਬਾਰੀ; ਜੰਮੂ-ਕਸ਼ਮੀਰ, ਲੱਦਾਖ ਤੇ ਉੱਤਰਾਖੰਡ ’ਚ ਭਾਰੀ ਮੀਂਹ ਦੀ ਪੇਸ਼ੀਨਗੋਈ
ਸ੍ਰੀਨਗਰ, 18 ਫਰਵਰੀ

ਜੰਮੂ-ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਅਧੀਨ ਪੈਂਦੇ ਬਾਲਤਾਲ ’ਚ ਬਰਫ ਜਮ੍ਹਾਂ ਹੋਣ ਕਾਰਨ ਪ੍ਰਸ਼ਾਸਨ ਵੱਲੋਂ ਸ੍ਰੀਨਗਰ-ਲੇਹ ਮਾਰਗ ’ਤੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਬਾਲਤਾਲ ਤੀਰਥ ਯਾਤਰੀਆਂ ਦ ਬੇਸ ਕੈਂਪ ਹੈ ਜਿਹੜਾ ਗੰਦਰਬਲ ਤੋਂ 75 ਕਿਲੋਮੀਟਰ ਅਤੇ ਸ੍ਰੀਨਗਰ ਤੋਂ 93 ਕਿਲੋਮੀਟਰ ਦੂਰ ਹੈ। ਇਹ ਸੋਨਮਰਗ ਤੋਂ 15 ਕਿਲੋਮੀਟਰ ਉੱਤਰ ’ਚ ਸਥਿਤ ਹੈ। ਬਾਰਡਰ ਰੋਡਜ਼ ਆਰਗੇਨਾਈਜੇਸ਼ਨ ਜਿਹੜੀ ਕਿ ਸਰਹੱਦੀ ਇਲਾਕਿਆਂ ’ਚ ਸੜਕਾਂ ਦੀ ਸਾਂਭ ਸੰਭਾਲ ਕਰਦੀ ਹੈ, ਨੇ ਤਾਜ਼ਾ ਬਰਫਬਾਰੀ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ।
ਇਸੇ ਦੌਰਾਨ ਪੁਣਛ ਜ਼ਿਲ੍ਹੇ ’ਚ ਪੀਰ ਪੰਜਾਲ ਰੇਂਜ ਅਤੇ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੀ ਗੁਰੇਜ਼ ਘਾਟੀ ’ਚ ਅੱਜ ਸਵੇਰੇ ਬਰਫ਼ਬਾਰੀ ਹੋਈ। ਸ੍ਰੀਨਗਰ ਮੌਸਮ ਵਿਭਾਗ ਨੇ ਕਸ਼ਮੀਰ ਡਵੀਜ਼ਨ ਦੇ ਪਹਾੜੀ ਇਲਾਕਿਆਂ ’ਚ ਤਿੰਨ ਦਿਨ ਭਾਰੀ ਤੋਂ ਬਹੁਤ ਭਾਰੀ ਬਰਫਬਾਰੀ ਦੀ ਪੇਸ਼ਨਗੋਈ ਕੀਤੀ ਹੈ। ਤੁਲੇਲ ਘਾਟੀ ਤੇ ਦਵਾਰ ਪਿੰਡ ਸਣੇ ਗੁਰੇਜ਼ ਘਾਟੀ ਦੇ ਉਪਰਲੇ ਇਲਾਕਿਆਂ ’ਚ ਅੱਜ ਸਵੇਰੇ ਬਰਫ ਪਈ। ਹਿਮਾਲਿਆ ਦੀਆਂ ਪਹਾੜੀਆਂ ’ਚ ਸਥਿਤ ਗੁਰੇਜ਼ ਘਾਟੀ ਬਾਂਦੀਪੋਰਾ ਤੋਂ ਲਗਪਗ 86 ਕਿਲੋਮੀਟਰ ਅਤੇ ਸ੍ਰੀਨਗਰ ਤੋਂ 123 ਕਿਲੋਮੀਟਰ ਦੂਰ ਹੈ। ਬਰਫਬਾਰੀ ਕਾਰਨ ਪ੍ਰਸ਼ਾਸਨ ਨੇ ਗੁਰੇਜ਼-ਬਾਂਦੀਪੋਰਾ ਸੜਕ ਆਵਾਜਾਈ ਲਈ ਬੰਦ ਕਰ ਦਿੱਤੀ ਹੈ।
ਸ੍ਰੀਨਗਰ ਮੌਸਮ ਕੇਂਦਰ ਵੱਲੋਂ ਕੀਤੀ ਪੇਸ਼ਨੀਗੋਈ ਮੁਤਾਬਕ 19 ਫਰਵਰੀ ਤੋਂ ਅਗਲੇ ਪੰਜ ਦਿਨਾਂ ਲਈ ਘੱਟੋ-ਘੱਟ ਤਾਪਮਾਨ 1 ਡਿਗਰੀ ਸੈਲਸੀਅਸ ਜਦਕਿ ਵੱਧ ਤੋਂ ਵੱਧ ਤਾਪਮਾਨ 5.8 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਇਸੇ ਦੌਰਾਨ ਕਸ਼ਮੀਰ ਘਾਟੀ ਦੇ ਸਕੀ ਰਿਜ਼ੌਰਟ ਗੁਲਮਰਗ ’ਚ ਘੱਟੋ-ਘੱਟ ਤਾਪਮਾਨ ਮਨਫੀ 3 ਡਿਗਰੀ ਦਰਜ ਕੀਤਾ ਗਿਆ। ਮੌਸਮ ਕੇਂਦਰ ਨੇ ਲੰਘੇ ਦਿਨ 18 ਤੋੋਂ 20 ਫਰਵਰੀ ਤੱਕ ਮੈਦਾਨੀ ਇਲਾਕਿਆਂ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਉਪਰਲੇ ਇਲਾਕਿਆਂ ’ਚ ਭਾਰੀ ਤੋਂ ਬਹੁਤ ਬਰਫ਼ਬਾਰੀ ਦੀ ਪੇਸ਼ੀਨਗੋਈ ਕੀਤੀ ਸੀ। ਦੂਜੇ ਪਾਸੇ ਭਾਰਤੀ ਮੌਸਮ ਵਿਭਾਗ ਵੱਲੋਂ ਜੰਮੂ-ਕਸ਼ਮੀਰ, ਲੱਦਾਖ ਤੇ ਹਿਮਾਚਲ ਪ੍ਰਦੇਸ਼ ’ਚ ਕੁਝ ਇਲਾਕਿਆਂ ’ਚ 20 ਫਰਵਰੀ ਨੂੰ ਜਦਕਿ ਉੱਤਰਾਖੰਡ ’ਚ 19 ਤੇ 20 ਫਰਵਰੀ ਨੂੰ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ। -ਏਐੈੱਨਆਈ
ਹਿਮਾਚਲ ’ਚ ਅੱਜ ਭਾਰੀ ਮੀਂਹ ਤੇ ਬਰਫ਼ਬਾਰੀ ਦੀ ਚਿਤਾਵਨੀ

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ 12 ਵਿੱਚੋਂ ਸੱਤ ਜ਼ਿਲ੍ਹਿਆਂ ਵਿੱਚ ਭਲਕੇ ਸੋਮਵਾਰ ਨੂੰ ਭਾਰੀ ਮੀਂਹ, ਬਰਫ਼ਬਾਰੀ ਅਤੇ ਗੜ੍ਹਿਆਂ ਸਣੇ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਸਬੰਧੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਅੱਜ ਚੰਬਾ, ਕਾਂਗੜਾ, ਕੁੱਲੂ, ਮੰਡੀ, ਲਾਹੌਲ ਅਤੇ ਸਪਿਤੀ, ਕਿਨੌਰ ਅਤੇ ਸ਼ਿਮਲਾ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ। ਮੌਸਮ ਖ਼ਰਾਬ ਹੋਣ ਕਾਰਨ ਬਿਜਲੀ, ਪਾਣੀ, ਦੂਰ-ਸੰਚਾਰ ਸਣੇ ਜ਼ਰੂਰੀ ਸੇਵਾਵਾਂ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਰਿਪੋਰਟਾਂ ਅਨੁਸਾਰ ਪੱਛਮੀ ਪੌਣਾਂ ’ਚ ਵਿਗਾੜ ਕਾਰਨ ਹਿਮਾਲਿਆਈ ਖੇਤਰ ਕੁੱਲੂ-ਮਨਾਲੀ ਅਤੇ ਲਾਹੌਲ ਤੇ ਸਪਿਤੀ ਵਿੱਚ ਬਰਫ਼ਬਾਰੀ ਹੋਈ। ਮੌਸਮ ਵਿਭਾਗ ਨੇ 20 ਫਰਵਰੀ ਲਈ ਭਾਰੀ ਮੀਂਹ ਅਤੇ ਬਰਫ਼ਬਾਰੀ ਦੀ ਪੇਸ਼ੀਨਗੋਈ ਕਰਦਿਆਂ ਯੈਲੋ ਅਲਰਟ ਜਾਰੀ ਕੀਤਾ ਹੈ। ਤਾਜ਼ਾ ਬਰਫ਼ਬਾਰੀ ਕਾਰਨ ਹਿਮਾਚਲ ਦੇ ਕਈ ਖੇਤਰਾਂ ਵਿੱਚ ਤਾਪਮਾਨ ਮੁੜ ਮਨਫ਼ੀ ਤੋਂ ਥੱਲੇ ਆ ਗਿਆ ਹੈ।





















