Code Of Ethics

Download app

Subscribe To Print Edition

ਏਜੰਟ ਜੋੜਾ ਜਾਅਲੀ ਪਾਸਪੋਰਟ ਬਣਾ ਕੇ ਵਿਦੇਸ਼ ਫਰਾਰ ਪਨਾਮਾ ਦੇ ਜੰਗਲ ’ਚ ਪੰਜਾਬੀ ਨੌਜਵਾਨ ਦੇ ਲਾਪਤਾ ਹੋਣ ਦਾ ਮਾਮਲਾ

ਗੁਰਦਾਸਪੁਰ, 14 ਜਨਵਰੀ

ਕਾਹਨੂੰਵਾਨ ਦੇ ਏਜੰਟਾਂ ਵੱਲੋਂ ਪਠਾਨਕੋਟ ਦੇ ਨੌਜਵਾਨ ਨੂੰ ਅਮਰੀਕਾ ਦੀ ਥਾਂ ਪਨਾਮਾ ਦੇ ਜੰਗਲਾਂ ਵਿੱਚ ਭੇਜਣ ਵਾਲਾ ਜੋੜਾ ਐਫਆਈਆਰ ਦਰਜ ਹੋਣ ਤੋਂ ਪਹਿਲਾਂ ਜਾਅਲੀ ਪਾਸਪੋਰਟ ਬਣਾ ਕੇ ਵਿਦੇਸ਼ ਭੱਜ ਗਿਆ ਹੈ। ਐੱਸਐੱਸਪੀ ਦਲਜਿੰਦਰ ਸਿੰਘ ਢਿੱਲੋਂ ਮੁਤਾਬਕ ਕਾਹਨੂੰਵਾਨ ਦੇ ਟਰੈਵਲ ਏਜੰਟ ਪਤੀ-ਪਤਨੀ ਪਰਮਿੰਦਰ ਸਿੰਘ ਤੇ ਬਲਵਿੰਦਰ ਕੌਰ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕਰ ਲਿਆ ਹੈ। ਪੁਲੀਸ ਹੁਣ ਇਸ ਮਾਮਲੇ ਨੂੰ ਨਿਕਾਰਾਗੁਆ ਜਾਣ ਵਾਲੇ ਡੰਕੀ ਰੂਟ ਨਾਲ ਜੋੜ ਕੇ ਦੇਖ ਰਹੀ ਹੈ। ਇਹ ਲੜਕਾ ਪਨਾਮਾ ਦੇ ਜੰਗਲਾਂ ਵਿਚ ਹੀ ਗੁਆਚ ਗਿਆ ਹੈ, ਜਿਸ ਦਾ ਹੁਣ ਕੁਝ ਥਹੁ-ਪਤਾ ਨਹੀਂ ਲੱਗ ਰਿਹਾ। ਜ਼ਿਕਰਯੋਗ ਹੈ ਕਿ ਏਜੰਟਾਂ ਵੱਲੋਂ ਨੌਜਵਾਨਾਂ ਨੂੰ ਉਚੀਆਂ ਪਹਾੜੀਆਂ ਤੇ ਔਖੇ ਪੈਂਡਿਆਂ ਰਾਹੀਂ ਅਮਰੀਕਾ ਭੇਜਿਆ ਜਾਂਦਾ ਹੈ ਜਿਸ ਵਿਚੋਂ ਗਿਣਤੀ ਦੇ ਨੌਜਵਾਨ ਹੀ ਅਮਰੀਕਾ ਪੁੱਜਦੇ ਹਨ। ਏਜੰਟਾਂ ਨੇ ਭਰੋਸਾ ਦਿੱਤਾ ਸੀ ਕਿ ਉਹ ਉਨ੍ਹਾਂ ਦੇ ਲੜਕੇ ਜਗਮੀਤ ਸਿੰਘ ਨੂੰ ਸਿੱਧੀ ਉਡਾਣ ਰਾਹੀਂ ਅਮਰੀਕਾ ਭੇਜਣਗੇ ਪਰ ਉਸ ਨੂੰ ‘ਡੰਕੀ ਰੂਟ’ ਰਾਹੀਂ ਪਨਾਮਾ ਲਿਜਾਣ ਲਈ ਮਜਬੂਰ ਕੀਤਾ ਗਿਆ।

ਪੁਲੀਸ ਇਸ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ ਕਿ ਕਿਤੇ ਇਹ ਮਾਮਲਾ 26 ਦਸੰਬਰ ਨੂੰ ਫਰਾਂਸ ਤੋਂ ਨਿਕਾਰਾਗੁਆ ਜਾਣ ਵਾਲੀ ‘ਡੰਕੀ ਰੂਟ’ ਫਲਾਈਟ ਨਾਲ ਜੁੜਿਆ ਤਾਂ ਨਹੀਂ ਹੈ। ਐੱਸਐੱਸਪੀ ਦਲਜਿੰਦਰ ਸਿੰਘ ਢਿੱਲੋਂ ਖੁਦ ਇਸ ਜਾਂਚ ਦੀ ਅਗਵਾਈ ਕਰ ਰਹੇ ਹਨ। ਐੱਸਐੱਸਪੀ ਨੇ ਦੱਸਿਆ ਕਿ ਆਖਰੀ ਵਾਰ ਜਗਮੀਤ ਨੇ ਆਪਣੇ ਮਾਪਿਆਂ ਨਾਲ 19 ਦਸੰਬਰ ਨੂੰ ਸੰਪਰਕ ਕੀਤਾ ਸੀ ਅਤੇ ਉਸ ਸਮੇਂ ਉਸ ਦੀ ਲੋਕੇਸ਼ਨ ਪਨਾਮਾ ਦੇ ਜੰਗਲਾਂ ਵਿੱਚ ਮਿਲੀ ਸੀ। ਐੱਸਐੱਸਪੀ ਅਨੁਸਾਰ ਉਹ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਟਰੈਵਲ ਏਜੰਟ ਦੇ ਉਨ੍ਹਾਂ ਏਜੰਟਾਂ ਨਾਲ ਸਬੰਧ ਸਨ ਜਿਨ੍ਹਾਂ ਨੇ ਨਿਕਾਰਾਗੁਆ ਜਾਣ ਦੀ ਯੋਜਨਾ ਬਣਾਈ ਸੀ। ਜਗਮੀਤ ਦੀ ਸਹੀ ਸਥਿਤੀ ਦਾ ਪਤਾ ਲਗਾਉਣ ਲਈ ਡਿਜੀਟਲ ਨਿਸ਼ਾਨਦੇਹੀ ਤਕਨੀਕ ਵਰਤੀ ਜਾ ਰਹੀ ਹੈ। ਜਗਮੀਤ ਸਿੰਘ ਦੇ ਪਿਤਾ ਜੋਗਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ 26 ਸਾਲਾ ਲੜਕੇ ਨੇ ਅਮਰੀਕਾ ਵਿਚ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ ਜਿਸ ਤੋਂ ਬਾਅਦ ਉਸ ਨੇ ਕਾਹਨੂੰਵਾਨ ਦੇ ਇਕ ਟਰੈਵਲ ਏਜੰਟ ਜੋੜੇ ਨਾਲ ਸੰਪਰਕ ਕੀਤਾ ਜੋ ਮੋਟੀ ਰਕਮ ਵਸੂਲ ਕੇ ਵਿਦੇਸ਼ ਭੇਜਣ ਲਈ ਜਾਣੇ ਜਾਂਦੇ ਹਨ। ਜੋਗਿੰਦਰ ਨੇ ਦੱਸਿਆ ਕਿ ਉਨ੍ਹਾਂ ਦਾ 45 ਲੱਖ ਰੁਪਏ ’ਚ ਸੌਦਾ ਹੋਇਆ ਸੀ ਜਿਸ ਵਿੱਚੋਂ 15 ਲੱਖ ਰੁਪਏ ਐਡਵਾਂਸ ਦਿੱਤੇ ਗਏ ਸਨ। ਉਨ੍ਹਾਂ ਦੱਸਿਆ ਕਿ ਇਕ ਏਜੰਟ ਦਾ ਫੋਨ ਆਇਆ ਸੀ ਕਿ ਜਗਮੀਤ ਗੁਆਨਾ ਲਈ ਉਡਾਣ ਵਿੱਚ ਸਵਾਰ ਹੋ ਗਿਆ ਹੈ ਜਿੱਥੋਂ ਉਹ ਇੱਕ ਜਾਂ ਦੋ ਦਿਨਾਂ ਵਿੱਚ ਸੁਰੱਖਿਅਤ ਢੰਗ ਨਾਲ ਅਮਰੀਕਾ ਪਹੁੰਚ ਜਾਵੇਗਾ। ਹਾਲਾਂਕਿ ਕੁਝ ਸਮੇਂ ਬਾਅਦ ਉਨ੍ਹਾਂ ਦੇ ਲੜਕੇ ਨੇ ਫੋਨ ਕਰ ਕੇ ਦੱਸਿਆ ਕਿ ਉਸ ਨੂੰ ਦਿੱਲੀ ਤੋਂ ਪਨਾਮਾ ਜਾਣ ਵਾਲੀ ਫਲਾਈਟ ਵਿੱਚ ਚੜ੍ਹਨ ਲਈ ਮਜਬੂਰ ਕੀਤਾ ਗਿਆ। ਉਸ ਨੇ 19 ਦਸੰਬਰ ਨੂੰ ਕੰਬਦੀ ਆਵਾਜ਼ ਵਿਚ ਫੋਨ ਕਰ ਕੇ ਦੱਸਿਆ ਕਿ ਉਹ ਪਨਾਮਾ ਦੇ ਜੰਗਲਾਂ ਵਿਚ ਹੈ। ਪਠਾਨਕੋਟ ਪੁਲੀਸ ਨੇ ਜਦੋਂ ਜਾਂਚ ਆਰੰਭੀ ਤਾਂ ਪਤਾ ਲੱਗਿਆ ਕਿ ਇਸ ਟਰੈਵਲ ਏਜੰਟ ਜੋੜੇ ਨੇ ਗਾਜ਼ੀਆਬਾਦ ਦਾ ਪਤਾ ਦਿਖਾ ਕੇ ਨਵਾਂ ਪਾਸਪੋਰਟ ਤਿਆਰ ਕਰਵਾਇਆ ਹੈ।

Leave a Comment

Advertisment

You May Like This

ਪੰਜਵੀਂ ਜਮਾਤ ਦੇ ਵਿਦਿਆਰਥੀ ਪ੍ਰਭਕੀਰਤ ਸਿੰਘ ਨੇ ਆਪਣੀ ਅਸਾਧਾਰਣ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ SOF ਇੰਟਰਨੈਸ਼ਨਲ ਹਿੰਦੀ ਓਲੰਪਿਆਡ 2025–26 ਵਿੱਚ ਇੰਟਰਨੈਸ਼ਨਲ ਗੋਲਡ ਮੈਡਲ, ਇੰਟਰਨੈਸ਼ਨਲ ਰੈਂਕ–1 ਅਤੇ ਪੰਜਾਬ/ਚੰਡੀਗੜ੍ਹ ਜੋਨ ਵਿੱਚ ਜੋਨਲ ਰੈਂਕ–1 ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਪੂਰੇ ਖੇਤਰ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ।