Parvinder Jhota Protest: ਨਸ਼ਿਆਂ ਲਈ ਹੋਰਨਾਂ ਪਾਰਟੀਆਂ ਨੂੰ ਵੀ ਜ਼ਿੰਮੇਵਾਰ ਦੱਸਿਆ; ਪਰਵਿੰਦਰ ਸਿੰਘ ਝੋਟਾ ਦਾ ਸਸਕਾਰ ਕਰਨ ਦੀ ਸਲਾਹ ਦਿੱਤੀ
Punjab Drug Crisis: ਅਰਬਾਂ ਖਰਬਾਂ ਤਰਨਾ ਦਲ ਦੇ ਮੁਖੀ ਬਾਬਾ ਰਾਜਾ ਰਾਜ ਸਿੰਘ ਨੇ ਨਸ਼ਿਆਂ ਦੇ ਮੁੱਦੇ ’ਤੇ ਆਮ ਆਦਮੀ ਪਾਰਟੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਨੂੰ ਵੀ ਘੇਰਿਆ। ਝੋਟਾ ਇਨਸਾਫ਼ ਮੋਰਚੇ ਦੌਰਾਨ ਉਨ੍ਹਾਂ ਕਿਹਾ ਕਿ ਨਸ਼ਿਆਂ ਲਈ ਇਹ ਪਾਰਟੀਆਂ ਵੀ ਜ਼ਿੰਮੇਵਾਰ ਹਨ। ਉਨ੍ਹਾਂ ਸੱਦਾ ਦਿੱਤਾ ਕਿ ਰੋਸ ਵਜੋਂ ਝਾੜੂ ਦੇ ਨਾਲ ਤੱਕੜੀ, ਪੰਜਾ ਅਤੇ ਕਮਲ ਦਾ ਫੁੱਲ ਵੀ ਫੂਕਿਆ ਜਾਣਾ ਚਾਹੀਦਾ ਹੈ।
ਬਾਬਾ ਰਾਜਾ ਰਾਜ ਸਿੰਘ ਨੇ ਕਿਹਾ ਕਿ ਨਸ਼ਿਆਂ ਦੇ ਮਸਲੇ ’ਤੇ ਰਾਜਨੀਤਕ ਪਾਰਟੀਆਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਉਨ੍ਹਾਂ ਦੇ ਬਿਆਨ ਵਿੱਚ ਨਸ਼ਿਆਂ ਕਾਰਨ ਉੱਜੜਦੇ ਘਰਾਂ ਦਾ ਸਵਾਲ ਕੇਂਦਰ ਵਿੱਚ ਰਿਹਾ। ਝੋਟਾ ਲਈ ਇਨਸਾਫ਼ ਦੀ ਮੰਗ ਨਾਲ ਜੁੜੇ ਇਸ ਮੋਰਚੇ ਤੋਂ ਉਨ੍ਹਾਂ ਰੋਸ ਨੂੰ ਸਿਰਫ਼ ਇੱਕ ਪਾਰਟੀ ਤੱਕ ਸੀਮਤ ਰੱਖਣ ਦੀ ਬਜਾਏ ਹੋਰਨਾਂ ਸਿਆਸੀ ਧਿਰਾਂ ਵੱਲ ਵੀ ਸੇਧਣ ਦੀ ਗੱਲ ਆਖੀ।
ਉਨ੍ਹਾਂ ਪਰਿਵਾਰ ਅਤੇ ਮੋਰਚੇ ਨਾਲ ਜੁੜੇ ਲੋਕਾਂ ਨੂੰ ਪਰਵਿੰਦਰ ਸਿੰਘ ਝੋਟਾ ਦਾ ਅੰਤਿਮ ਸੰਸਕਾਰ ਕਰ ਕੇ ਸੰਘਰਸ਼ ਜਾਰੀ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਅੰਤਿਮ ਸੰਸਕਾਰ ਮਗਰੋਂ ਵੀ ਇਨਸਾਫ਼ ਦੀ ਲੜਾਈ ਅੱਗੇ ਵਧਾਈ ਜਾਣੀ ਚਾਹੀਦੀ ਹੈ। ਇਹ ਅਪੀਲ ਉਸ ਸਮੇਂ ਆਈ ਹੈ, ਜਦੋਂ ਪੁੱਤਰ ਦੇ ਵਿਛੋੜੇ ਨਾਲ ਜੂਝ ਰਿਹਾ ਪਰਿਵਾਰ ਆਪਣੀਆਂ ਮੰਗਾਂ ਲਈ ਮੋਰਚੇ ਵਿੱਚ ਡਟਿਆ ਹੋਇਆ ਹੈ।
ਇਸ ਤੋਂ ਪਹਿਲਾਂ ਨਿਹੰਗ ਸਿੰਘ ਆਗੂ ਬਾਬਾ ਰਾਜਾ ਰਾਜ ਸਿੰਘ ਨੇ ਝੋਟਾ ਦੀ ਪਤਨੀ ਮਨਪ੍ਰੀਤ ਕੌਰ ਨੂੰ ਵਿਧਾਨ ਸਭਾ ਚੋਣ ਲੜਾਉਣ ਦੀ ਅਪੀਲ ਕੀਤੀ ਸੀ।
ਜ਼ਿਕਰਯੋਗ ਹੈ ਕਿ ਪਰਵਿੰਦਰ ਸਿੰਘ ਝੋਟਾ ਨਸ਼ਿਆਂ ਵਿਰੁੱਧ ਆਪਣੀਆਂ ਸਰਗਰਮੀਆਂ ਕਾਰਨ ਜਾਣਿਆ ਜਾਂਦਾ ਸੀ। ਉਸ ਦੇ ਕਤਲ ਮਗਰੋਂ ਮਾਨਸਾ ਵਿੱਚ ਪਰਿਵਾਰ, ਨਸ਼ਾ ਵਿਰੋਧੀ ਟਾਸਕ ਫੋਰਸ ਦੇ ਨੌਜਵਾਨਾਂ, ਕਿਸਾਨ, ਮਜ਼ਦੂਰ ਅਤੇ ਹੋਰ ਜਨਤਕ ਜਥੇਬੰਦੀਆਂ ਵੱਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਸੰਘਰਸ਼ ਦੌਰਾਨ ਪੰਜਾਬ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਉੱਪਰ ਵੀ ਸਵਾਲ ਉਠਾਏ ਜਾ ਰਹੇ ਹਨ।
ਪਰਿਵਾਰ ਅਤੇ ਐਕਸ਼ਨ ਕਮੇਟੀ ਵੱਲੋਂ ਮੁੱਖ ਮੰਤਰੀ ਅਤੇ ਡੀਜੀਪੀ ਦੇ ਅਸਤੀਫ਼ਿਆਂ ਸਮੇਤ ਕਈ ਮੰਗਾਂ ਉਠਾਈਆਂ ਗਈਆਂ ਸਨ। ਇਸ ਤੋਂ ਇਲਾਵਾ ਕਤਲ ਕਾਂਡ ਦੀ ਨਿਰਪੱਖ ਜਾਂਚ, ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਅਤੇ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਲਈ ਠੋਸ ਕਦਮ ਚੁੱਕਣ ਦੀ ਮੰਗ ਵੀ ਕੀਤੀ ਗਈ ਸੀ। ਮੰਗਾਂ ਨੂੰ ਲੈ ਕੇ ਪ੍ਰਸ਼ਾਸਨ ਅਤੇ ਐਕਸ਼ਨ ਕਮੇਟੀ ਵਿਚਕਾਰ ਮੀਟਿੰਗਾਂ ਵੀ ਹੋ ਚੁੱਕੀਆਂ ਹਨ, ਪਰ ਮੁੱਖ ਮੰਗਾਂ ਸਬੰਧੀ ਸਹਿਮਤੀ ਨਾ ਬਣਨ ਕਾਰਨ ਸੰਘਰਸ਼ ਜਾਰੀ ਹੈ।
ਇਸੇ ਦੌਰਾਨ ਬਾਬਾ ਰਾਜਾ ਰਾਜ ਸਿੰਘ ਵੱਲੋਂ ਮਨਪ੍ਰੀਤ ਕੌਰ ਨੂੰ ਵਿਧਾਨ ਸਭਾ ਚੋਣ ਲੜਾਉਣ ਦਾ ਦਿੱਤਾ ਗਿਆ ਸੱਦਾ ਇੱਕ ਨਵੀਂ ਚਰਚਾ ਦਾ ਵਿਸ਼ਾ ਬਣ ਗਿਆ ਸੀ। ਇਹ ਅਪੀਲ ਅਜਿਹੇ ਸਮੇਂ ਸਾਹਮਣੇ ਆਈ, ਜਦੋਂ ਪੰਜਾਬ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ ਸਾਲ 2027 ਵਿੱਚ ਹੋਣੀਆਂ ਹਨ।
ਦੂਜੇ ਪਾਸੇ ਪਰਵਿੰਦਰ ਸਿੰਘ ਝੋਟਾ ਦੀ ਪਤਨੀ ਮਨਪ੍ਰੀਤ ਕੌਰ ਅਤੇ ਪਰਿਵਾਰ ਵੱਲੋਂ ਚੋਣ ਲੜਨ ਸਬੰਧੀ ਕੋਈ ਫ਼ੈਸਲਾ ਸਾਹਮਣੇ ਨਹੀਂ ਆਇਆ। ਪਰਿਵਾਰ ਦੀ ਮੁੱਖ ਮੰਗ ਇਸ ਵੇਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਇਨਸਾਫ਼ ਹਾਸਲ ਕਰਨਾ ਹੈ। ਅਜਿਹੇ ਵਿੱਚ ਬਾਬਾ ਰਾਜਾ ਰਾਜ ਸਿੰਘ ਦੀ ਅਪੀਲ ਤੋਂ ਬਾਅਦ ਇਹ ਦੇਖਣਾ ਹੋਵੇਗਾ ਕਿ ਪਰਿਵਾਰ ਇਸ ਸਬੰਧੀ ਕੀ ਰੁਖ਼ ਅਖ਼ਤਿਆਰ ਕਰਦਾ ਹੈ।




















