ਬਿਹਾਰ ਦੇ ਮੁੱਖ ਮੰਤਰੀ ਨੇ ਮੁਆਫ਼ੀ ਮੰਗਣ ਲਈ ਕਿਹਾ; ਭਾਜਪਾ ਤੇ ਜੇ ਡੀ (ਯੂ) ਨੇ ਵੀ ਕੀਤੀ ਨਿਖੇਧੀ
Kharge Modi Controversy: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ‘ਮੋਦੀ ਦਾ ਬਾਪ ਵੀ ਜਾਵੇਗਾ’ ਬਿਆਨ ’ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਖੜਗੇ ਨੇ ਇਹ ਟਿੱਪਣੀ ਐਤਵਾਰ ਨੂੰ ਬਿਹਾਰ ਦੇ ਪਹਿਲੇ ਮੁੱਖ ਮੰਤਰੀ ਸ੍ਰੀਕ੍ਰਿਸ਼ਨ ਸਿੰਘ ਦੀ 139ਵੀਂ ਜਨਮ ਵਰ੍ਹੇਗੰਢ ਮੌਕੇ ਪਟਨਾ ਵਿੱਚ ਕਰਵਾਏ ਸਮਾਗਮ ਦੌਰਾਨ ਕੀਤੀ।
ਖੜਗੇ ਨੇ ਕਿਹਾ ਸੀ ਕਿ ਕਾਂਗਰਸ ਵੋਟਰ ਸੂਚੀਆਂ ਦੀ ਵਿਸ਼ੇਸ਼ ਮੁੜ ਸੁਧਾਈ (ਐੱਸ ਆਈ ਆਰ) ਦੀ ਪ੍ਰਕਿਰਿਆ ਵਿੱਚ ਕਥਿਤ ਬੇਨਿਯਮੀਆਂ ਕਰਨ ਵਾਲਿਆਂ ਨੂੰ ਜੇਲ੍ਹ ਭੇਜੇਗੀ। ਇਸ ਦੌਰਾਨ ਹਾਜ਼ਰ ਲੋਕਾਂ ਵਿੱਚੋਂ ਇਕ ਵਿਅਕਤੀ ਨੇ ਆਵਾਜ਼ ਮਾਰੀ ਕਿ ਜਦੋਂ ਤੱਕ ਬਗ਼ਾਵਤ ਨਹੀਂ ਹੁੰਦੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਤੇ ਨਹੀਂ ਜਾਣ ਵਾਲੇ। ਇਸ ਦੇ ਜਵਾਬ ਵਿੱਚ ਖੜਗੇ ਨੇ ਕਿਹਾ, “ਮੋਦੀ ਦਾ ਬਾਪ ਵੀ ਜਾਵੇਗਾ।”
ਬਿਹਾਰ ਦੇ ਮੁੱਖ ਮੰਤਰੀ ਨੇ ਮੁਆਫ਼ੀ ਮੰਗਣ ਲਈ ਕਿਹਾ
ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਖੜਗੇ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਾਂਗਰਸ ਤੋਂ ਮੁਆਫ਼ੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਪਿਤਾ ਬਾਰੇ ਅਜਿਹੀ ਟਿੱਪਣੀ ਬੇਹੱਦ ਮੰਦਭਾਗੀ ਹੈ ਅਤੇ ਇਸ ਤੋਂ ਪ੍ਰਧਾਨ ਮੰਤਰੀ ਦੇ ਪਰਿਵਾਰ ਪ੍ਰਤੀ ਕਾਂਗਰਸ ਦੀ ਮਾੜੀ ਭਾਵਨਾ ਝਲਕਦੀ ਹੈ।
ਚੌਧਰੀ ਨੇ ਇਸ ਬਿਆਨ ਨੂੰ ਗ਼ਲਤ ਕਰਾਰ ਦਿੰਦਿਆਂ ਕਿਹਾ ਕਿ ਖੜਗੇ ਅਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਪਿਤਾ ਵਿਰੁੱਧ ਵਰਤੀ ਗਈ ਇਤਰਾਜ਼ਯੋਗ ਭਾਸ਼ਾ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।
ਬਿਹਾਰ ਭਾਜਪਾ ਦੇ ਪ੍ਰਧਾਨ ਸੰਜੈ ਸਰੋਗੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਿਰੁੱਧ ਅਜਿਹੀ ਭਾਸ਼ਾ ਵਰਤਣਾ ਲੋਕਾਂ ਦੇ ਫ਼ਤਵੇ ਦਾ ਨਿਰਾਦਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨਿੱਜੀ ਹਮਲਿਆਂ ਰਾਹੀਂ ਸਿਆਸੀ ਮਰਿਆਦਾ ਨੂੰ ਢਾਹ ਲਾ ਰਹੀ ਹੈ। ਉਨ੍ਹਾਂ ਕਿਹਾ ਕਿ ਆਗੂਆਂ ਨੂੰ ਸਿਆਸੀ ਮਤਭੇਦਾਂ ਦੇ ਬਾਵਜੂਦ ਆਪਣੀ ਭਾਸ਼ਾ ਵਿੱਚ ਮਰਿਆਦਾ ਕਾਇਮ ਰੱਖਣੀ ਚਾਹੀਦੀ ਹੈ।
ਜਨਤਾ ਦਲ (ਯੂਨਾਈਟਿਡ) ਦੇ ਕੌਮੀ ਬੁਲਾਰੇ ਰਾਜੀਵ ਰੰਜਨ ਪ੍ਰਸਾਦ ਨੇ ਵੀ ਖੜਗੇ ਦੇ ਬਿਆਨ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਬਿਹਾਰ ਦੀਆਂ ਚੋਣਾਂ ਅਤੇ ਵੋਟਰ ਸੂਚੀਆਂ ਦੀ ਸੁਧਾਈ ਬਾਰੇ ਕਾਂਗਰਸ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਚੋਣਾਂ ਪੂਰੀ ਇਮਾਨਦਾਰੀ, ਨਿਰਪੱਖਤਾ ਅਤੇ ਪਾਰਦਰਸ਼ਤਾ ਨਾਲ ਕਰਵਾਈਆਂ ਗਈਆਂ ਸਨ। ਉਨ੍ਹਾਂ ਦਾਅਵਾ ਕੀਤਾ ਕਿ ਲੋਕਾਂ ਨੇ ਕਾਂਗਰਸ ਨੂੰ ਸਿਰਫ਼ ਛੇ ਸੀਟਾਂ ਤੱਕ ਸੀਮਤ ਕਰ ਦਿੱਤਾ ਹੈ।




















