Code Of Ethics

Download app

Subscribe To Print Edition

ਡੀਜ਼ਲ ਟੈਂਕਰ ਪਲਟਣ ਮਗਰੋਂ ਅੱਗ ਲੱਗੀ, ਦੋ ਜਖ਼ਮੀ ਜਰਨੈਲੀ ਸੜਕ ਦੇ ਦੋਵੇਂ ਪਾਸੇ ਚਾਰ ਘੰਟੇ ਲੱਗਿਆ ਰਿਹਾ ਵਾਹਨਾਂ ਦਾ ਜਾਮ

ਖੰਨਾ, 3 ਜਨਵਰੀ

Oil tanker catches fire on highway at Khanna in Punjab on Wednesday. Video Grabs

ਇੱਥੇ ਅੱਜ ਸਵੇਰੇ ਕਰੀਬ 11 ਵਜੇ ਸ਼ਹਿਰ ਦੇ ਵਿਚਕਾਰ ਜਰਨੈਲੀ ਸੜਕ ਦੇ ਪੁਲ ’ਤੇ ਲੁਧਿਆਣਾ ਤੋਂ ਮੰਡੀ ਗੋਬਿੰਦਗੜ੍ਹ ਜਾ ਰਿਹਾ ਡੀਜ਼ਲ ਦਾ ਭਰਿਆ ਟੈਂਕਰ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਕੁਝ ਹੀ ਮਿੰਟਾਂ ਵਿਚ ਉਸ ਨੂੰ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਛੇ ਹਜ਼ਾਰ ਲਿਟਰ ਡੀਜ਼ਲ ਨਾਲ ਭਰੇ ਟੈਂਕਰ ਦਾ ਅਗਲਾ ਟਾਇਰ ਫਟ ਗਿਆ ਅਤੇ ਟੈਂਕਰ ਸੜਕ ਵਿਚਾਲੇ ਬਣੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਿਆ। ਇਸੇ ਦੌਰਾਨ ਕੁਝ ਰਾਹਗੀਰਾਂ ਨੇ ਜ਼ਖ਼ਮੀ ਹੋਏ ਟੈਂਕਰ ਦੇ ਡਰਾਈਵਰ ਬਲਵਿੰਦਰ ਸਿੰਘ ਅਤੇ ਕਲੀਨਰ ਨੀਰਜ ਕੁਮਾਰ ਨੂੰ ਬਾਹਰ ਕੱਢਿਆ। ਇਸੇ ਦੌਰਾਨ ਹੋਏ ਜ਼ੋਰਦਾਰ ਧਮਾਕੇ ਨਾਲ ਟੈਂਕਰ ਨੂੰ ਅੱਗ ਲੱਗ ਗਈ। ਡੀਜ਼ਲ ਸੜਕ ’ਤੇ ਡੁੱਲਦੇ ਸਾਰ ਦੂਰ ਤੱਕ ਫੈਲ ਗਿਆ ਅਤੇ ਨਾਲ-ਨਾਲ ਅੱਗ ਵੀ ਫੈਲ ਗਈ। ਇਸ ਦੌਰਾਨ ਡੀਐੱਸਪੀ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਹਾਈਵੇਅ ਦੀ ਦੋਵੇਂ ਪਾਸਿਓਂ ਆਵਾਜਾਈ ਰੋਕ ਦਿੱਤੀ। ਇਸ ਦੌਰਾਨ ਅੱਗ ਹੋਰ ਫੈਲ ਗਈ ਤੇ ਹਰ ਪਾਸੇ ਧੂੰਆਂ ਅਤੇ ਅੱਗ ਦੀਆਂ ਲਪਟਾਂ ਨਜ਼ਰ ਆਉਣ ਲੱਗੀਆਂ। ਸੜਕ ਦੇ ਦੋਵੇਂ ਪਾਸੇ ਚਾਰ ਘੰਟੇ ਤੱਕ ਖੰਨਾ ਤੋਂ ਦੋਰਾਹਾ ਤੱਕ ਅਤੇ ਦੂਜੇ ਪਾਸੇ ਖੰਨਾ ਤੋਂ ਸਰਹਿੰਦ ਤੱਕ ਲੰਬਾ ਜਾਮ ਲੱਗ ਗਿਆ। ਕਰੀਬ 3 ਘੰਟੇ ਦੀ ਮੁਸ਼ੱਕਤ ਮਗਰੋਂ ਫਾਇਰ ਬ੍ਰਿਗੇਡ ਨੇ ਅੱਗ ’ਤੇ ਕਾਬੂ ਪਾਇਆ।

ਇਸ ਦੌਰਾਨ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਐੱਸਐੱਸਪੀ ਅਮਨੀਤ ਕੌਂਡਲ, ਐੱਸਡੀਐੱਮ ਬਲਜਿੰਦਰ ਸਿੰਘ ਢਿੱਲੋਂ, ਕਾਰਜਸਾਧਕ ਅਫ਼ਸਰ ਚਰਨਜੀਤ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਜਦੋਂ ਤੱਕ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਦੇ ਅਧਿਕਾਰੀ ਨੁਕਸਾਨ ਸਬੰਧੀ ਆਪਣੀ ਰਿਪੋਰਟ ਪੇਸ਼ ਨਹੀਂ ਕਰਦੇ ਉਦੋਂ ਤੱਕ ਭਾਰੀ ਵਾਹਨਾਂ ਨੂੰ ਬਦਲਵੇਂ ਰਸਤੇ ਰਾਹੀਂ ਭੇਜਿਆ ਜਾਵੇਗਾ।

ਇਨੋਵਾ ਪਲਟਣ ਕਾਰਨ ਇੱਕ ਨੌਜਵਾਨ ਦੀ ਮੌਤ, ਚਾਰ ਜ਼ਖ਼ਮੀ

ਮਾਨਸਾ ( ਜੋਗਿੰਦਰ ਸਿੰਘ ਮਾਨ): ਇਥੋਂ ਨੇੜਲੇ ਪਿੰਡ ਮੂਸਾ ਲਾਗੇ ਇਨੋਵਾ ਪਲਟਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਹਾਦਸੇ ਕਾਰਨ ਚਾਰ ਨੌਜਵਾਨ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਵਿਚੋਂ ਇਕ ਨੂੰ ਡੀਐੱਮਸੀ ਲੁਧਿਆਣਾ ਦਾਖ਼ਲ ਕਰਵਾਇਆ ਗਿਆ ਹੈ ਅਤੇ ਬਾਕੀ ਜ਼ਖ਼ਮੀ ਮਾਨਸਾ ਦੇ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ।ਜਾਣਕਾਰੀ ਅਨੁਸਾਰ ਮਾਨਸਾ ਵਾਸੀ ਨਕੁਲ ਗੋਇਲ (19) ਪੁੱਤਰ ਅਰੁਣ ਗੋਇਲ ਸ਼ਾਮ ਸਮੇਂ ਆਪਣੇ ਦੋਸਤਾਂ ਨਾਲ ਤਲਵੰਡੀ ਵਾਲੇ ਪਾਸਿਉਂ ਮਾਨਸਾ ਸ਼ਹਿਰ ਵੱਲ ਆ ਰਹੇ ਸਨ ਕਿ ਪਿੰਡ ਮੂਸਾ ਲਾਗੇ ਉਨ੍ਹਾਂ ਦੀ ਇਨੋਵਾ ਅਚਾਨਕ ਪਲਟ ਗਈ। ਇਸ ਘਟਨਾ ਵਿਚ ਨਕੁਲ ਕੁਮਾਰ ਵਾਸੀ ਮਾਨਸਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਗੱਡੀ ਚਾਲਕ ਨਵਲ ਕੁਮਾਰ ਅਤੇ ਗੱਡੀ ਸਵਾਰ ਹਰਸ਼ਿਤ ਕੁਮਾਰ, ਤੇਜਸ ਗਰਗ, ਮਕੁਲ ਕੁਮਾਰ ਦੇ ਗੰਭੀਰ ਸੱਟਾਂ ਲੱਗੀਆਂ ਜਿਨ੍ਹਾਂ ਵਿਚੋਂ ਹਰਸ਼ਿਤ ਕੁਮਾਰ ਨੂੰ ਡੀਐੱਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਬਾਕੀ ਨੌਜਵਾਨ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਜ਼ੇਰੇ ਇਲਾਜ ਹਨ, ਜਿਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਘਟਨਾ ਵਿਚ ਇਨੋਵਾ ਬੁਰੀ ਤਰ੍ਹਾਂ ਨੁਕਸਾਨੀ ਗਈ। ਥਾਣਾ ਸਦਰ ਮਾਨਸਾ ਦੇ ਏਐੱਸਆਈ ਭੋਲਾ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਗੱਡੀ ਪਲਟਣ ਕਾਰਨ ਵਾਪਰਿਆ ਹੈ ਅਤੇ ਗੱਡੀ ਵਿਚ ਸਵਾਰ ਪੰਜ ਦੋਸਤ ਤਲਵੰਡੀ ਵਾਲੇ ਪਾਸਿਉਂ ਸ਼ਹਿਰ ਵੱਲ ਆ ਰਹੇ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ਵਿੱਚ 174 ਦੀ ਕਾਰਵਾਈ ਕੀਤੀ ਹੈ।

Advertisment