Code Of Ethics

Download app

Subscribe To Print Edition

39 ਪਿੰਡਾਂ ’ਚ ਭਰਿਆ ਸਤਲੁਜ ਦਾ ਪਾਣੀ ਘੜੂੰਮ ਪਿੰਡ ਨੇੜੇ ਪਿਆ ਪੰਜ ਫੁੱਟ ਦਾ ਪਾੜ 900 ਫੁੱਟ ਚੌੜਾ ਹੋਇਆ

* ਬਾਬਾ ਸੁੱਖਾ ਸਿੰਘ ਵੱਲੋਂ ਪਾੜ ਪੂਰਨ ਦਾ ਕਾਰਜ ਸ਼ੁਰੂ

* ਤਰਨ ਤਾਰਨ ਜ਼ਿਲ੍ਹੇ ਦੇ ਨੌਂ ਸਕੂਲ 23 ਅਗਸਤ ਤੱਕ ਬੰਦ ਰਹਿਣਗੇ

ਗੁਰਬਖਸ਼ਪੁਰੀ/ਬੇਅੰਤ ਸਿੰਘ ਸੰਧੂ

ਤਰਨ ਤਾਰਨ/ਪੱਟੀ, 20 ਅਗਸਤ

ਜ਼ਿਲ੍ਹੇ ਦੇ ਪਿੰਡ ਘੜੂੰਮ (ਹਰੀਕੇ) ਨੇੜੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿੱਚ ਪਿਆ ਪਾੜ ਸਰਹੱਦੀ ਖੇਤਰ ਦੇ 39 ਪਿੰਡਾਂ ਲਈ ਤਬਾਹੀ ਦਾ ਕਾਰਨ ਬਣ ਰਿਹਾ ਹੈ| ਕੱਲ੍ਹ ਪਿਆ ਪੰਜ ਫੁੱਟ ਦਾ ਇਹ ਪਾੜ ਅੱਜ 900 ਫੁੱਟ ਚੌੜਾ ਹੋ ਗਿਆ ਹੈ। ਪ੍ਰਸ਼ਾਸਨ ਨੇ ਪਾੜ ਪੂਰਨ ਲਈ ਕਾਰ ਸੇਵਾ ਸੰਪਰਦਾ ਸਰਹਾਲੀ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁੱਖਾ ਸਿੰਘ ਨੂੰ ਮਦਦ ਲਈ ਬੁਲਾਇਆ ਹੈ| ਉਨ੍ਹਾਂ ਸੰਪਰਦਾ ਦੇ 100 ਦੇ ਕਰੀਬ ਸੇਵਾਦਾਰਾਂ ਨੂੰ ਬੀਤੀ ਰਾਤ ਹੀ ਪਾੜ ਵਾਲੀ ਥਾਂ ’ਤੇ ਭੇਜ ਦਿੱਤਾ ਸੀ ਅਤੇ ਅੱਜ ਦੁਪਹਿਰ ਉਹ 900 ਦੇ ਕਰੀਬ ਹੋਰ ਸੇਵਾਦਾਰਾਂ ਨੂੰ ਲੈ ਕੇ ਪਾੜ ਪੂਰਨ ਲਈ ਪੁੱਜ ਗਏ। ਸਰਕਾਰੀ ਸੂਤਰਾਂ ਅਨੁਸਾਰ ਦਰਿਆ ਕੰਢੇ ਵਸੇ ਘੜੂੰਮ ਤੋਂ ਇਲਾਵਾ ਕੋਟਬੁੱਢਾ, ਕੁੱਤੀਵਾਲਾ, ਸਭਰਾ, ਘੁੱਲੇਵਾਲਾ, ਭੂਰਾ ਹਥਾੜ, ਗਦਾਈਕੇ, ਜੱਲੋਕੇ, ਭਾਓਵਾਲ, ਤਲਵੰਡੀ ਸੋਭਾਸਿੰਘ, ਬਹਾਦਰ ਨਗਰ, ਜੋਧਸਿੰਘ ਵਾਲਾ, ਝੁੱਗੀਆਂ ਕਾਲੂ, ਬੂਹ ਸਮੇਤ ਕੁੱਲ 19 ਪਿੰਡਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਹੜ੍ਹ ਪੀੜਤਾਂ ਵੱਲੋਂ ਆਪਣੇ ਘਰਾਂ ਦਾ ਸਾਮਾਨ ਘਰਾਂ ਦੀਆਂ ਛੱਤਾਂ ’ਤੇ ਰੱਖਿਆ ਜਾ ਰਿਹਾ ਹੈ। ਲੋਕ ਰਾਤ ਵੀ ਛੱਤਾਂ ’ਤੇ ਕੱਟਣ ਲਈ ਮਜਬੂਰ ਹਨ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਕਿਸੇ ਤਰ੍ਹਾਂ ਵੀ ਮਦਦ ਨਹੀਂ ਕੀਤੀ ਜਾ ਰਹੀ।

ਪੱਟੀ ਹਲਕੇ ਦੇ ਸਾਬਕਾ ਵਿਧਾਇਕ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਗਿੱਲ ਨੇ ਇਸ ਪਾੜ ਲਈ ਪ੍ਰਸ਼ਾਸਨ ਨੂੰ ਕਸੂਰਵਾਰ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਬੀਤੇ ਡੇਢ ਮਹੀਨੇ ਤੋਂ ਸਥਿਤੀ ਡਾਵਾਂਡੋਲ ਬਣੇ ਰਹਿਣ ’ਤੇ ਵੀ ਪ੍ਰਸ਼ਾਸਨ ਨੇ ਦਰਿਆ ਦੇ ਕੰਢੇ ਮਜ਼ਬੂਤ ਕਰਨ ਵੱਲ ਬਣਦਾ ਧਿਆਨ ਨਹੀਂ ਦਿੱਤਾ| ਉਨ੍ਹਾਂ ਕਿਹਾ ਕਿ ਜੇ ਪ੍ਰਸ਼ਾਸ਼ਨ ਵੱਲੋਂ ਦਰਿਆ ਦੇ ਕੰਢਿਆਂ ਨੂੰ ਸਮੇਂ-ਸਿਰ ਮਜ਼ਬੂਤ ਕੀਤਾ ਗਿਆ ਹੁੰਦਾ ਤਾਂ ਅੱਜ ਲੋਕਾਂ ਨੂੰ ਆਪਣੇ ਘਰਾਂ ਦੀਆਂ ਛੱਤਾਂ ’ਤੇ ਨਾ ਜਾਣਾ ਪੈਂਦਾ। ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਕਿਹਾ ਕਿ ਇਹ ਪਾੜ ਪੰਜ ਦਿਨਾਂ ਦੇ ਅੰਦਰ ਪੂਰ ਲਿਆ ਜਾਵੇਗਾ| ਪ੍ਰਸ਼ਾਸਨ ਵੱਲੋਂ ਲੋਕਾਂ ਦੇ ਰਹਿਣ ਲਈ ਸੱਤ ਰਾਹਤ ਕੈਂਪ ਅਤੇ ਪਸ਼ੂਆਂ ਲਈ ਦੋ ਕੈਂਪ ਸਥਾਪਤ ਕੀਤੇ ਗਏ ਹਨ| ਇਲਾਕੇ ਵਿੱਚ ਆਏ ਹੜ੍ਹ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਨੌਂ ਸਕੂਲਾਂ ਨੂੰ 23 ਅਗਸਤ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਤਰਨ ਤਾਰਨ ਦੇ ਜ਼ਿਲ੍ਹਾ ਮੈਜਿਸਟਰੇਟ ਬਲਦੀਪ ਕੌਰ ਵੱਲੋਂ ਅੱਜ ਜਾਰੀ ਹੁਕਮਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬੁੱਢਾ, ਸਰਕਾਰੀ ਸੀਨਅਰ ਸੈਕੰਡਰੀ ਸਕੂਲ ਦੁੱਬਲੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ (ਲੜਕੇ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਭਰਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਲਟੋਹਾ (ਲੜਕੇ), ਸਰਕਾਰੀ ਮਿਡਲ ਸਕੂਲ ਤਲਵੰਡੀ ਸੋਭਾ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਕੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਰਹਾਣਾ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਕੇਂਦਰ ਬਣਾਉਣ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਕੁੱਤੀਵਾਲਾ ਅੰਦਰ ਪਾਣੀ ਖੜ੍ਹਾ ਹੋਣ ਕਰਕੇ 21 ਅਗਸਤ ਤੋਂ 23 ਅਗਸਤ ਤੱਕ ਚਾਰ ਦਿਨ ਲਈ ਛੁੱਟੀ ਐਲਾਨੀ ਗਈ ਹੈ।

ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ’ਚ 1.66 ਲੱਖ ਕਿਊਸਿਕ ਪਾਣੀ ਛੱਡਿਆ

ਹਰੀਕੇ ਹੈੱਡ ਵਰਕਸ ’ਤੇ ਬੀਤੀ ਸ਼ਾਮ ਤੋਂ ਪਾਣੀ ਦੀ ਆਮਦ ਲਗਾਤਾਰ ਘੱਟ ਰਹੀ ਹੈ। ਅੱਜ ਦੁਪਹਿਰ ਤੱਕ ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ’ਚ 1 ਲੱਖ 66 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ। ਹਰੀਕੇ ਹੈੱਡ ਵਰਕਸ ਦੇ ਹੇਠਲੇ ਪਾਸੇ ਬੰਨ੍ਹ ਟੁੱਟਣ ਕਾਰਨ ਇਲਾਕੇ ਦੇ ਬੂਹ ਹਥਾੜ, ਬਸਤੀ ਲਾਲ ਸਿੰਘ, ਘੜੂੰਮ, ਕੁੱਤੀਵਾਲਾ ਅਤੇ ਹੋਰ ਪਿੰਡਾਂ ਵਿੱਚ ਹੜ੍ਹ ਦਾ ਪਾਣੀ ਵੜਨ ਕਾਰਨ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਗਈ ਹੈ। ਲੋਕਾਂ ਨੂੰ ਪਸ਼ੂਆਂ ਦੇ ਚਾਰੇ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Advertisment