
ਮੋਗਾ, 21 ਅਗਸਤ
ਮੋਗਾ ਨਗਰ ਨਿਗਮ ਉਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੋ ਗਿਆ ਹੈ। ਅੱਜ ਆਪ ਦੇ ਬਲਜੀਤ ਸਿੰਘ ਚਾਨੀ ਨਿਗਮ ਦੇ ਸਰਬਸੰਮਤੀ ਨਾਲ ਮੇਅਰ ਚੁਣੇ ਗਏ।ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਚੋਣ ਲਈ ਅੱਜ ਹਾਊਸ ਦੀ ਇਕੱਤਰਤਾ ਹੋਈ, ਜਿਸ ਦੌਰਾਨ ਦਲਜੀਤ ਸਿੰਘ ਮਾਂਗਟ ਡਵੀਜ਼ਨਲ ਕਮਿਸ਼ਨਰ ਫਿਰੋਜ਼ਪੁਰ ਚੋਣ ਨਿਗਰਾਨ ਵਜੋਂ ਹਾਜ਼ਰ ਸਨ। ਅੱਜ ਚੋਣ ਮੌਕੇ ਮੋਗਾ ਦੇ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ, ਨਗਰ ਨਿਗਮ ਕਮਿਸ਼ਨਰ ਪੂਨਮ ਅਤੇ 42 ਕੌਂਸਲਰ ਵੀ ਹਾਜ਼ਰ ਸਨ। ਮੇਅਰ ਦੇ ਅਹੁਦੇ ਲਈ ਬਲਜੀਤ ਸਿੰਘ ਚਾਨੀ ਦਾ ਨਾਮ ਕੌਂਸਲਰ ਪਰਵੀਨ ਸ਼ਰਮਾ (ਵਾਰਡ ਨੰਬਰ 36) ਨੇ ਪੇਸ਼ ਕੀਤਾ, ਜਿਸ ਨੂੰ ਕੌਂਸਲਰ ਤੀਰਥ ਰਾਮ (ਵਾਰਡ ਨੰਬਰ 40) ਨੇ ਸਹਿਮਤੀ ਦਿੱਤੀ। ਇਸ ਤੋਂ ਪਹਿਲਾਂ ਹਾਊਸ ਦੀ ਕਾਰਵਾਈ ਸ਼ੁਰੂ ਕਰਦਿਆਂ ਡਵੀਜ਼ਨਲ ਕਮਿਸ਼ਨਰ ਸ੍ਰੀ ਮਾਂਗਟ ਨੇ ਸਾਰੇ ਕੌਂਸਲਰਾਂ ਨੂੰ ਚੋਣ ਸਬੰਧੀ ਸਾਰੇ ਕਾਨੂੰਨੀ ਅਤੇ ਸੰਵਿਧਾਨ ਪੱਖਾਂ ਬਾਰੇ ਜਾਣਕਾਰੀ ਦਿੱਤੀ। ਹਾਊਸ ਦੀ ਕਾਰਵਾਈ ਚਲਾਉਣ ਲਈ ਸਾਰੇ ਕੌਂਸਲਰਾਂ ਨੇ ਪਹਿਲਾਂ ਕੌਂਸਲਰ ਅਸ਼ੋਕ ਧਮੀਜਾ (ਵਾਰਡ ਨੰਬਰ 12) ਨੂੰ ਸਰਬਸੰਮਤੀ ਨਾਲ ਸਭਾਪਤੀ ਚੁਣਿਆ। ਇਸ ਮੌਕੇ ਮੋਗਾ ਦੇ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਜਿਥੇ ਨਵੇਂ ਚੁਣੇ ਮੇਅਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਦ੍ਰਿੜ ਵਚਨਬੱਧ ਹੈ। ਮੇਅਰ ਚੁਣੇ ਜਾਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਚਾਨੀ ਨੇ ਭਰੋਸਾ ਦਿੱਤਾ ਕਿ ਸ਼ਹਿਰ ਮੋਗਾ ਦੇ ਵਿਕਾਸ ਕਾਰਜਾਂ ਨੂੰ ਹੁਣ ਜੰਗੀ ਪੱਧਰ ਉੱਤੇ ਸ਼ੁਰੂ ਕੀਤਾ ਜਾਵੇਗਾ ਅਤੇ ਯੋਜਨਾਬੱਧ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਉਹ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਵਿਕਾਸ ਲਈ ਉਪਰਾਲੇ ਕਰਨਗੇ। ਅੱਜ ਦੀ ਚੋਣ ਪ੍ਰਕਿਰਿਆ ਸ਼ਾਂਤੀਪੂਰਨ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਸਾਰੀਆਂ ਧਿਰਾਂ ਦਾ ਧੰਨਵਾਦ ਕੀਤਾ ਹੈ।





















