
ਮਨੀਪੁਰ ਵਿਚ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਹੋ ਰਹੀ ਹਿੰਸਾ ਦੇ ਕਈ ਹੋਰ ਚਿੰਤਾਜਨਕ ਪੱਖ ਸਾਹਮਣੇ ਆ ਰਹੇ ਹਨ। ਹੁਣ ਮਿਜ਼ੋਰਮ ਤੋਂ ਮੈਤੇਈ ਲੋਕ ਆਪਣੇ ਘਰ ਛੱਡ ਕੇ ਅਸਾਮ ਤੇ ਮਨੀਪੁਰ ਜਾ ਰਹੇ ਹਨ। ਮਨੀਪੁਰ ਵਿਚ ਹੋਈ ਹਿੰਸਾ ਮੁੱਖ ਤੌਰ ’ਤੇ ਮੈਤੇਈ ਲੋਕਾਂ ਨੇ ਕੀਤੀ ਅਤੇ ਕੁਕੀ ਕਬੀਲੇ ਦੇ ਲੋਕਾਂ ਵਿਰੁੱਧ ਸੇਧਿਤ ਰਹੀ ਹੈ। ਮਿਜ਼ੋਰਮ ਉੱਤਰ-ਪੂਰਬੀ ਭਾਰਤ ਦੇ ਦੱਖਣ ਵਿਚ ਸਥਿਤ ਹੈ ਜਿਸ ਦੀਆਂ ਉੱਤਰੀ ਹੱਦਾਂ ਮਨੀਪੁਰ, ਅਸਾਮ ਤੇ ਤ੍ਰਿਪੁਰਾ ਨਾਲ ਲੱਗਦੀਆਂ ਹਨ ਜਦੋਂਕਿ ਦੱਖਣੀ ਹੱਦਾਂ ਪੂਰਬ ਵਿਚ ਮਿਆਂਮਾਰ ਅਤੇ ਪੱਛਮ ਵਿਚ ਬੰਗਲਾਦੇਸ਼ ਨਾਲ ਲੱਗਦੀਆਂ ਹਨ। ਮਿਜ਼ੋਰਮ ਵਿਚ ਮੁੱਖ ਤੌਰ ’ਤੇ ਮਿਜ਼ੋ ਜਾਂ ਜ਼ੋ ਕਬੀਲੇ ਦੇ ਲੋਕ ਵਸਦੇ ਹਨ। ਬੰਗਾਲੀ ਇਨ੍ਹਾਂ ਨੂੰ ਕੁਕੀ ਕਹਿੰਦੇ ਰਹੇ ਹਨ ਅਤੇ ਖਾਸ ਕਰ ਕੇ ਮਨੀਪੁਰ ਵਿਚ ਇਨ੍ਹਾਂ ਨੂੰ ਕੁਕੀ ਕਿਹਾ ਜਾਂਦਾ ਹੈ ਜਦੋਂਕਿ ਉੱਤਰ-ਪੂਰਬ ਵਿਚ ਹੋਰ ਰਾਜਾਂ ਵਿਚ ਵਸਦੇ ਮਿਜ਼ੋ ਕਬਾਇਲੀਆਂ ਨੂੰ ਮਿਜ਼ੋ, ਲੁਸ਼ਾਈ ਜਾਂ ਹਮਾਰ ਵੀ ਕਿਹਾ ਜਾਂਦਾ ਹੈ। ਮਨੀਪੁਰ ਵਿਚ ਹੋਈ ਹਿੰਸਾ ਦੀ ਪ੍ਰਤੀਕਿਰਿਆ ਵਜੋਂ ਮਿਜ਼ੋਰਮ ਦੇ ਲੋਕਾਂ ਵਿਚ ਮਨੀਪੁਰ ’ਚ ਵਸਦੇ ਕੁਕੀ ਲੋਕਾਂ ਜੋ ਮਿਜ਼ੋ ਕਬੀਲੇ ਦਾ ਹੀ ਹਿੱਸਾ ਹਨ, ਪ੍ਰਤੀ ਹਮਦਰਦੀ ਹੈ ਅਤੇ ਮਿਜ਼ੋਰਮ ਵਿਚ ਵਸਦੇ ਮੈਤੇਈ ਲੋਕਾਂ ਨੂੰ ਡਰ ਹੈ ਕਿ ਉਹ ਵੀ ਕਿਸੇ ਦਿਨ ਹਿੰਸਾ ਦਾ ਸ਼ਿਕਾਰ ਹੋ ਜਾਣਗੇ। ਹਾਲਾਤ ਵਿਗੜਨ ਦਾ ਇਕ ਹੋਰ ਕਾਰਨ ਸਾਬਕਾ ਅਤਿਵਾਦੀਆਂ ਦੀ ਜਥੇਬੰਦੀ ‘ਪੀਸ ਅਕੌਰਡ ਐੱਮਐੱਨਐੱਫ ਰਿਟਰਨੀਜ਼ ਐਸੋਸੀਏਸ਼ਨ (Peace Accord MNF Returnees’ Association-ਪਾਮਰਾ)’ ਦਾ ਮੈਤੇਈ ਲੋਕਾਂ ਨੂੰ ਧਮਕੀ ਦੇਣਾ ਹੈ।





















