
ਸਰਦੂਲਗੜ੍ਹ 18 ਜੁਲਾਈ
ਸਰਦੂਲਗੜ੍ਹ ਨਜ਼ਦੀਕ ਫੂਸ ਮੰਡੀ ਵਿੱਚ ਅੱਜ ਸਵੇਰੇ ਪੰਜ ਵਜੇ ਘੱਗਰ ’ਚ ਕਰੀਬ 50 ਫੁੱਟ ਲੰਬਾ ਪਾੜ ਪੈ ਗਿਆ। ਪਾੜ ਕਰ ਕੇ ਫੂਸ ਮੰਡੀ, ਸਾਧੂਵਾਲਾ ਅਤੇ ਸਰਦੂਲਗੜ੍ਹ ਸ਼ਹਿਰ ਲਈ ਵੱਡੀ ਮੁਸ਼ਕਲ ਬਣ ਗਈ ਹੈ। ਰਾਤ ਸਮੇਂ ਪਏ ਇਸ ਪਾੜ ਕਾਰਨ ਘੱਗਰ ਦਾ ਪਾਣੀ ਬਹੁਤ ਤੇਜ਼ੀ ਨਾਲ ਸ਼ਹਿਰ ਵੱਲ ਵਧ ਰਿਹਾ ਹੈ। ਪਾਣੀ ਫੂਸ ਮੰਡੀ ’ਚੋਂ ਹੁੰਦਾ ਹੋਇਆ ਸਾਧੂਵਾਲਾ ਸਰਦੂਲਗੜ੍ਹ ਅਤੇ ਦੂਸਰੇ ਪਿੰਡਾਂ ਤੱਕ ਵੱਡੀ ਮਾਰ ਕਰ ਸਕਦਾ ਹੈ। ਬੇਸ਼ੱਕ ਲੋਕਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਬੰਨ੍ਹਾਂ ਨੂੰ ਮਜ਼ਬੂਤ ਕਰਨ ਦੇ ਨਾਲ ਰਾਤਾਂ ਨੂੰ ਜਾਗ ਕੇ ਨਿਗਰਾਨੀ ਕੀਤੀ ਜਾ ਰਹੀ ਸੀ, ਪਰ ਘੱਗਰ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਹੀ ਪਾੜ ਪੈ ਗਿਆ। ਲੋਕਾਂ ਵੱਲੋਂ ਪ੍ਰਸ਼ਾਸਨ ਤੇ ਫੌਜ ਦੀ ਮਦਦ ਨਾਲ ਬੰਨ੍ਹ ਨੂੰ ਪੂਰਨ ਲਈ ਯਤਨ ਕੀਤੇ ਜਾ ਰਹੇ ਹਨ। ਉਧਰ ਲੋਕਾਂ ਨੇ ਜ਼ਰੂਰੀ ਸਾਮਾਨ ਅਤੇ ਆਪਣੇ ਪਸ਼ੂਆਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਣਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੇ ਸਾਧੂਵਾਲਾ ਅਤੇ ਸਰਦੂਲਗੜ੍ਹ ਨੂੰ ਪਾਣੀ ਤੋਂ ਬਚਾਉਣ ਲਈ ਸਾਧੂਵਾਲਾ ਸੜਕ ’ਤੇ ਨਵੇਂ ਸਿਰੇ ਤੋਂ ਬੰਨ੍ਹ ਬਣਾਉਣ ਲਈ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। Punjabi Akhar





















