
ਰੂਪਨਗਰ, 11 ਜੁਲਾਈ
ਲਗਾਤਾਰ ਪੈ ਰਹੀ ਬਰਸਾਤ ਨੇ ਲੋਕਾਂ ਦਾ ਜਨਜੀਵਨ ਉਥਲ-ਪੁਥਲ ਕਰ ਦਿੱਤਾ ਹੈ। ਅੱਜ ਦੂਜੇ ਦਨਿ ਰੂਪਨਗਰ-ਚੰਡੀਗੜ੍ਹ ਕੌਮੀ ਮਾਰਗ ’ਤੇ ਆਵਾਜਾਈ ਪ੍ਰਭਾਵਿਤ ਰਹੀ। ਬੀਤੇ ਦਨਿ ਸਿੰਘ ਪਿੰਡ ਨੇੜੇ ਹੜ੍ਹ ਕਾਰਨ ਕੌਮੀ ਮਾਰਗ ਦੀ ਇਕ ਲਾਈਨ ਬੰਦ ਰਖਣੀ ਪਈ। ਅੱਜ ਨਿਰੰਕਾਰੀ ਭਵਨ ਨੇੜੇ ਮਾਜਰੀ ਚੋਅ ਟੁੱਟਣ ਨਾਲ ਹੜ੍ਹ ਦਾ ਪਾਣੀ ਕੌਮੀ ਮਾਰਗ ’ਤੇ ਜਮ੍ਹਾਂ ਹੋ ਗਿਆ ਤੇ ਇਸ ਪਾਣੀ ਨੇ ਬਸੰਤ ਨਗਰ ਵਿੱਚ ਭਾਰੀ ਤਬਾਹੀ ਮਚਾ ਦਿੱਤੀ। ਇੱਥੇ ਘਰਾਂ ਵਿੱਚ ਫਸੇ ਲੋਕਾਂ ਨੂੰ ਪ੍ਰਸ਼ਾਸਨ ਨੇ ਐੱਨਡੀਆਰਐੱਫ ਦੀ ਮਦਦ ਨਾਲ ਬਾਹਰ ਕੱਢਿਆ। ਇਥੋਂ ਨੇੜੇ ਹੀ ਸਥਿਤ 132 ਕੇ.ਵੀ. ਵਿੱਚ ਵੀ ਕਈ ਫੁੱਟ ਹੜ੍ਹ ਦਾ ਪਾਣੀ ਜਮ੍ਹਾਂ ਹੋ ਗਿਆ, ਜਿਸ ਕਾਰਨ ਕਈ 66 ਕੇ.ਵੀ. ਸਬ-ਸਟੇਸ਼ਨ ਵੀ ਬੰਦ ਹੋ ਗਏ। ਇਸ ਕਾਰਨ ਵੱਡੇ ਇਲਾਕੇ ਵਿੱਚ ਬਲੈਕ ਆਊਟ ਵਾਲੀ ਸਥਿਤੀ ਪੈਦਾ ਹੋ ਗਈ। ਪਾਵਰਕੌਮ ਮੁਲਾਜ਼ਮਾਂ ਵੱਲੋਂ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਲਗਾਤਾਰ ਪੈ ਰਹੇ ਮੀਂਹ ਕਾਰਨ ਪਾਣੀ ਕੱਢਣ ਵਿੱਚ ਮੁਸ਼ਕਿਲ ਹੋ ਰਹੀ ਹੈ। ਪਾਵਰਕੌਮ ਅਧਿਕਾਰੀਆਂ ਅਨੁਸਾਰ ਅਗਲੇ ਦੋ ਦਨਿਾਂ ਤਕ ਬਿਜਲੀ ਸਪਲਾਈ ਸੁਚਾਰੂ ਹੋਣ ਦੀ ਉਮੀਦ ਨਹੀਂ ਹੈ। ਰੂਪਨਗਰ ਜ਼ਿਲ੍ਹੇ ਅੰਦਰ ਵਰਖਾ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਸ਼ਨਿਚਰਵਾਰ ਰਾਤ ਤੋਂ ਲੈ ਕੇ ਸੋਮਵਾਰ ਸਵੇਰ ਤੱਕ 525 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ, ਜਦੋਂ ਕਿ ਐਤਵਾਰ ਦੀ ਦਰਮਿਆਨੀ ਰਾਤ ਤੋਂ ਲੈ ਕੇ ਸਵੇਰ ਤਕ 188 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। Punjabi Akhar





















