
ਸ਼ਿਮਲਾ, 9 ਜੁਲਾਈ
ਹਿਮਾਚਲ ਪ੍ਰਦੇਸ਼ ’ਚ ਮੋਹਲੇਧਾਰ ਮੀਂਹ ਮਗਰੋਂ ਢਿੱਗਾਂ ਡਿੱਗਣ ਅਤੇ ਅਚਾਨਕ ਆਏ ਹੜ੍ਹਾਂ ਕਾਰਨ ਛੇ ਵਿਅਕਤੀ ਮਾਰੇ ਗਏ। ਕਈ ਮਕਾਨਾਂ ਨੂੰ ਨੁਕਸਾਨ ਪਹੁੰਚਣ ਅਤੇ ਆਮ ਜਨ-ਜੀਵਨ ਲੀਹੋਂ ਲੱਥਣ ਕਾਰਨ ਅਧਿਕਾਰੀਆਂ ਨੇ ਦੋ ਦਨਿਾਂ ਲਈ ਸਕੂਲ ਅਤੇ ਕਾਲਜ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਅਧਿਕਾਰੀਆਂ ਮੁਤਾਬਕ ਰਾਵੀ, ਬਿਆਸ, ਸਤਲੁਜ, ਸਵਾਂ ਅਤੇ ਚਨਾਬ ਸਮੇਤ ਸਾਰੇ ਮੁੱਖ ਦਰਿਆ ਚੜ੍ਹੇ ਹੋਏ ਹਨ। ਉਨ੍ਹਾਂ ਸੈਲਾਨੀਆਂ ਅਤੇ ਸੂਬੇ ਦੇ ਲੋਕਾਂ ਨੂੰ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ। ਹਿਮਾਚਲ ’ਚ ਪਿਛਲੇ 36 ਘੰਟਿਆਂ ਦੌਰਾਨ ਢਿੱਗਾਂ ਡਿੱਗਣ ਦੀਆਂ 14 ਅਤੇ ਅਚਾਨਕ ਹੜ੍ਹ ਆਉਣ ਦੀਆਂ 13 ਘਟਨਾਵਾਂ ਵਾਪਰੀਆਂ ਹਨ। ਪ੍ਰਦੇਸ਼ ਐਮਰਜੈਂਸੀ ਅਪਰੇਸ਼ਨ ਸੈਂਟਰ ਮੁਤਾਬਕ ਸ਼ਿਮਲਾ ਜ਼ਿਲ੍ਹੇ ਸਮੇਤ ਸੂਬੇ ’ਚ 736 ਸੜਕਾਂ ਬੰਦ ਹੋ ਚੁੱਕੀਆਂ ਹਨ ਜਦਕਿ 1743 ਟਰਾਂਸਫਾਰਮਰ ਅਤੇ 138 ਜਲ ਸਪਲਾਈ ਸਕੀਮਾਂ ਪ੍ਰਭਾਵਿਤ ਹੋਈਆਂ ਹਨ। ਕੁੱਲੂ, ਕਿੰਨੌਰ ਅਤੇ ਚੰਬਾ ’ਚ ਨਾਲੇ ’ਚ ਅਚਾਨਕ ਆਏ ਹੜ੍ਹ ਕਾਰਨ ਕਈ ਵਾਹਨ ਰੁੜ੍ਹ ਗਏ। ਮਨਾਲੀ ’ਚ ਕਈ ਦੁਕਾਨਾਂ ਅਤੇ ਫ਼ਸਲਾਂ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ। ਸ਼ਿਮਲਾ ਜ਼ਿਲ੍ਹੇ ਦੇ ਕੋਟਗੜ੍ਹ ਇਲਾਕੇ ’ਚ ਮੋਹਲੇਧਾਰ ਮੀਂਹ ਕਾਰਨ ਜ਼ਮੀਨ ਧੱਸਣ ਨਾਲ ਇਕ ਮਕਾਨ ਢਹਿ-ਢੇਰੀ ਹੋ ਗਿਆ ਜਿਸ ’ਚ ਪਰਿਵਾਰ ਦੇ ਤਿੰਨ ਮੈਂਬਰ ਮਾਰੇ ਗਏ। ਮ੍ਰਿਤਕਾਂ ਦੀ ਪਛਾਣ ਅਨਿਲ, ਉਸ ਦੀ ਪਤਨੀ ਕਿਰਨ ਅਤੇ ਪੁੱਤਰ ਸਵਪਨਿਲ ਵਜੋਂ ਹੋਈ ਹੈ। ਕੁੱਲੂ ਨੇੜੇ ਇਕ ਕੱਚੇ ਮਕਾਨ ’ਤੇ ਢਿੱਗਾਂ ਡਿੱਗਣ ਕਾਰਨ ਇਕ ਮਹਿਲਾ ਦੀ ਮੌਤ ਹੋ ਗਈ ਜਦਕਿ ਚੰਬਾ ਦੀ ਕਾਟੀਆਂ ਤਹਿਸੀਲ ’ਚ ਢਿੱਗਾਂ ਹੇਠ ਦੱਬਣ ਕਾਰਨ ਇਕ ਹੋਰ ਵਿਅਕਤੀ ਮਾਰਿਆ ਗਿਆ। ਲਾਹੌਲ ਅਤੇ ਸਪਿਤੀ ਦੇ ਚੰਦਰਤਾਲ ’ਚ 200 ਵਿਅਕਤੀ ਫਸ ਗਏ ਹਨ। ਐੱਸਪੀ ਮਾਯੰਕ ਚੌਧਰੀ ਨੇ ਕਿਹਾ ਕਿ ਲੋਕ ਸੁਰੱਖਿਅਤ ਹਨ ਅਤੇ ਸੜਕ ਚਾਲੂ ਹੋਣ ’ਤੇ ਉਨ੍ਹਾਂ ਨੂੰ ਇਕ-ਦੋ ਦਨਿਾਂ ’ਚ ਕੱਢ ਲਿਆ ਜਾਵੇਗਾ। ਮੰਡੀ ਤੋਂ ਕੁੱਲੂ, ਗ੍ਰਾਂਫੂ ਤੋਂ ਲੋਕਾਰ, ਕੁੱਲੂ ਤੋਂ ਮਨਾਲੀ, ਓਟ ਤੋਂ ਜਾਲੋਰੀ ਅਤੇ ਸਿਰਮੌਰ ਜ਼ਿਲ੍ਹੇ ਦੇ ਸ਼ਿਲਾਈ ਨੇੜੇ ਰੋਹੜੂ ਤੋਂ ਪਾਉਟਾ ਸਾਹਿਬ ਸਮੇਤ ਕਈ ਕੌਮੀ ਰਾਜਮਾਰਗ ਠੱਪ ਹੋ ਗਏ ਹਨ। ਮਨਾਲੀ ਨੇੜੇ ਮਨਾਲੀ-ਚੰਡੀਗੜ੍ਹ ਮਾਰਗ ਵੀ ਧੱਸ ਗਿਆ ਹੈ। ਕੁੱਲੂ ਦੇ ਡਿਪਟੀ ਕਮਿਸ਼ਨਰ ਆਸ਼ੂਤੋਸ਼ ਗਰਗ ਨੇ ਕਿਹਾ ਕਿ ਢਿੱਗਾਂ ਡਿੱਗਣ ਕਾਰਨ ਕੁੱਲੂ-ਮਨਾਲੀ ਸੜਕ ਕਈ ਥਾਵਾਂ ’ਤੇ ਬੰਦ ਹੋ ਗਈ ਹੈ। ਰਾਮਸ਼ੇਲਾ ਨੇੜੇ ਬਿਆਸ ਦਰਿਆ ਚੜ੍ਹਨ ਕਾਰਨ ਕੁੱਲੂ ਤੋਂ ਮਨਾਲੀ ਅਤੇ ਮਨਾਲੀ ਤੋਂ ਅਟਲ ਸੁਰੰਗ ਤੱਕ ਆਵਾਜਾਈ ਰੋਕ ਦਿੱਤੀ ਗਈ ਹੈ। ਪਟੜੀਆਂ ’ਤੇ ਢਿੱਗਾਂ ਅਤੇ ਰੁਖ ਡਿੱਗਣ ਕਾਰਨ ਸ਼ਿਮਲਾ ਅਤੇ ਕਾਲਕਾ ਵਿਚਕਾਰ ਚੱਲਣ ਵਾਲੀਆਂ ਸਾਰੀਆਂ ਰੇਲਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। Punjabi Akhar





















