Code Of Ethics

Download app

Subscribe To Print Edition

ਮੀਂਹ ਕਾਰਨ ਚੱਕੀ ਦਰਿਆ ’ਚ ਪਾਣੀ ਦਾ ਪੱਧਰ ਵਧਿਆ

ਪਠਾਨਕੋਟ, 6 ਜੁਲਾਈ
ਪਠਾਨਕੋਟ ਅਤੇ ਪਹਾੜੀ ਖੇਤਰਾਂ ਵਿੱਚ ਹੋਈ ਮੋਹਲੇਧਾਰ ਬਾਰਿਸ਼ ਨਾਲ ਚੱਕੀ ਦਰਿਆ ਅਤੇ ਹੋਰ ਨਦੀ, ਨਾਲਿਆਂ ਵਿੱਚ ਪਾਣੀ ਦਾ ਪੱਧਰ ਵਧ ਗਿਆ। ਪਠਾਨਕੋਟ ਦੇ ਲਮੀਨੀ ਸਥਿਤ ਖੱਡੀ ਖੱਡ ’ਤੇ ਬਣੇ ਕਾਜਵੇਅ ਤੋਂ ਲੰਘ ਰਹੇ ਪਾਣੀ ਦੀ ਲਪੇਟ ਵਿੱਚ ਇੱਕ 75 ਸਾਲਾ ਬਜ਼ੁਰਗ ਆ ਗਿਆ ਤੇ ਉਸ ਦਾ ਸੰਤੁਲਨ ਵਿਗੜਨ ਨਾਲ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਸਕੂਟੀ ਸਣੇ ਰੁੜ੍ਹ ਗਿਆ ਪਰ ਕੁਝ ਨੌਜਵਾਨਾਂ ਨੇ ਤੁਰੰਤ ਛਾਲਾਂ ਮਾਰ ਕੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਬਾਹਰ ਕੱਢਿਆ ਤੇ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ। ਇਥੇ ਹਸਪਤਾਲ ਦੇ ਡਾਕਟਰਾਂ ਨੇ ਮੁੱਢਲਾ ਇਲਾਜ ਕਰਨ ਬਾਅਦ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਇਸੇ ਤਰ੍ਹਾਂ ਖਾਨਪੁਰ-ਮਾਧੋਪੁਰ ਸੜਕ ’ਤੇ ਪੈਂਦੇ ਚੋਅ ਵਿੱਚ ਵੀ ਪਾਣੀ ਦਾ ਉਛਾਲ ਆ ਗਿਆ। ਸੜਕ ’ਤੇ ਪਾਣੀ ਆਉਣ ਕਾਰਨ ਕਰੀਬ ਦੋ ਘੰਟੇ ਲਈ ਆਵਾਜਾਈ ਪ੍ਰਭਾਵਿਤ ਰਹੀ। ਅੰਮ੍ਰਿਤਸਰ ਜ਼ਿਲ੍ਹੇ ਅੰਦਰ ਭਰਵੀਂ ਬਰਸਾਤ ਹੋਣ ਕਾਰਨ ਪਾਣੀ ਦੀ ਮੰਗ ਘਟ ਗਈ ਹੈ, ਜਿਸ ਨਾਲ ਰਣਜੀਤ ਸਾਗਰ ਡੈਮ ਤੋਂ ਬਿਜਲੀ ਦਾ ਉਤਪਾਦਨ ਘਟਾ ਦਿੱਤਾ ਗਿਆ ਹੈ ਅਤੇ ਮਾਧੋਪੁਰ ਤੋਂ ਨਿਕਲਦੀਆਂ ਨਹਿਰਾਂ ਵਿੱਚ ਵੀ ਪਾਣੀ ਅੱਗੇ ਭੇਜਣਾ ਘਟਾ ਦਿੱਤਾ। ਜਦੋਂਕਿ ਚੱਕੀ ਦਰਿਆ ਵਿੱਚ ਪਾਣੀ 12 ਹਜ਼ਾਰ ਕਿਊਸਿਕ ਤੋਂ ਵੱਧ ਆਉਣ ਕਾਰਨ ਕਾਫੀ ਉਛਾਲ ਰਿਹਾ ਪਰ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋ ਸਕਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਚਮੇਰਾ ਪ੍ਰਾਜੈਕਟ ਦੀ ਤਰਫੋਂ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ 14 ਹਜ਼ਾਰ 952 ਕਿਊਸਿਕ ਪਾਣੀ ਦੀ ਆਮਦ ਹੋਣ ਨਾਲ ਝੀਲ ਵਿੱਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ ਅਤੇ ਸ਼ਾਮ ਨੂੰ 6 ਵਜੇ ਝੀਲ ਵਿੱਚ ਪਾਣੀ ਦਾ ਲੈਵਲ 512.90 ਮੀਟਰ ਦਰਜ ਕੀਤਾ ਗਿਆ। ਡੈਮ ਦੇ 4 ਯੂਨਿਟਾਂ ਵਿੱਚੋਂ ਸਿਰਫ ਇੱਕ ਹੀ ਯੂਨਿਟ ਚਲਾ ਕੇ 185 ਮੈਗਾਵਾਟ ਬਿਜਲੀ ਉਤਪਾਦਨ ਤਿਆਰ ਕੀਤਾ ਜਾ ਰਿਹਾ ਹੈ। ਮਾਧੋਪੁਰ ਹੈੱਡਵਰਕਸ ਦੇ ਉਪ-ਮੰਡਲ ਅਫਸਰ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਭਰਵੀਂ ਬਾਰਿਸ਼ ਹੋਣ ਨਾਲ ਹੇਠਾਂ ਮੈਦਾਨੀ ਇਲਾਕੇ ਵਿੱਚ ਪਾਣੀ ਦੀ ਮੰਗ ਘੱਟ ਗਈ ਹੈ। Punjabi Akhar 

 

Leave a Comment

Advertisment

You May Like This