Code Of Ethics

Download app

Subscribe To Print Edition

ਇਰਾਕ ਵਿੱਚ ‘ਬੰਦੀ’ ਬਣਾ ਕੇ ਰੱਖੀ ਪੰਜਾਬੀ ਔਰਤ ਘਰ ਪਰਤੀ

ਅੰਮ੍ਰਿਤਸਰ, 3 ਜੁਲਾਈ
ਇੱਥੋਂ ਧੋਖੇ ਨਾਲ ਠੱਗ ਟਰੈਵਲ ਏਜੰਟ ਵੱਲੋਂ 10 ਮਹੀਨੇ ਪਹਿਲਾਂ ਇਰਾਕ ਭੇਜੀ ਗਈ ਪੰਜਾਬੀ ਔਰਤ, ਜੋ ਉੱਥੇ ਗੁਲਾਮ ਬਣਾ ਕੇ ਰੱਖੀ ਗਈ ਸੀ, ਅੱਜ ਇੱਥੇ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ’ਤੇ ਪਰਤ ਆਈ ਹੈ। ਉਸ ਦਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹਵਾਈ ਅੱਡੇ ’ਤੇ ਸਵਾਗਤ ਕੀਤਾ। ਅੰਮ੍ਰਿਤਸਰ ਦੀ ਰਹਿਣ ਵਾਲੀ ਇਸ ਅੌਰਤ ਨੇ ਦੱਸਿਆ ਕਿ ਲਗਪਗ 10 ਮਹੀਨੇ ਪਹਿਲਾਂ ਉਹ ਧਾਰੀਵਾਲ ਦੇ ਕੇ ਏਜੰਟ ਰਾਹੀਂ ਇਰਾਕ ਗਈ ਸੀ, ਜਿਥੇ ਉਸ ਦੇ ਸਾਰੇ ਪੈਸੇ ਅਤੇ ਪਾਸਪੋਰਟ ਏਜੰਟ ਨੇ ਆਪਣੇ ਕੋਲ ਰੱਖ ਲਏ। ਉਸ ਕੋਲੋਂ 5 ਮਹੀਨੇ ਕੰਮ ਕਰਵਾਇਆ ਅਤੇ 4 ਮਹੀਨੇ ਬਿਨਾਂ ਕੰਮ ਤੋਂ ਰੱਖਿਆ ਗਿਆ। ਉਸ ਨੇ ਕਿਹਾ ਕਿ ਇੱਥੇ ਉਸ ਨੂੰ ਪੈਕਿੰਗ ਦਾ ਕੰਮ ਕਰਨ ਬਾਰੇ ਆਖਿਆ ਗਿਆ ਸੀ ਜਦੋਂ ਕਿ ਉਥੇ ਘਰਾਂ ਦੇ ਕੰਮ ਤੇ ਹੋਰ ਕਈ ਤਰ੍ਹਾਂ ਦੇ ਕੰਮ ਲਏ ਜਾਂਦੇ ਹਨ। ਉਸ ਕੋਲੋਂ ਸਵੇਰ 6 ਤੋਂ ਰਾਤ 10 ਵਜੇ ਤਕ ਕੰਮ ਲਿਆ ਜਾਂਦਾ ਸੀ। ਪੰਜ ਮਹੀਨੇ ਮਗਰੋਂ ਉਸ ਕੋਲੋਂ ਢਾਈ ਲੱਖ ਰੁਪਏ ਦੀ ਮੰਗ ਕੀਤੀ ਗਈ। ਉਸ ਨੇ ਕਿਸੇ ਰਾਹੀਂ ਅੰਮ੍ਰਿਤਸਰ ਸੰਪਰਕ ਕੀਤਾ ਅਤੇ ਪਰਵਾਸੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਗੱਲ ਹੋਈ, ਜਿਨ੍ਹਾਂ ਨੇ ਵਾਪਸੀ ਲਈ ਪ੍ਰਬੰਧ ਕੀਤਾ। ਉਸ ਨੇ ਦੱਸਿਆ ਕਿ ਉਥੇ ਹੋਰ ਵੀ ਕਈ ਪੰਜਾਬੀ ਔਰਤਾਂ ਅਜਿਹੇ ਮਾਡ਼ੇ ਹਾਲਾਤ ਦਾ ਸਾਹਮਣਾ ਕਰ ਰਹੀਆਂ ਹਨ।

 

ਠੱਗ ਟਰੈਵਲ ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ: ਧਾਲੀਵਾਲ

ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਔਰਤ , ਜੋ ਠੱਗ ਟਰੈਵਲ ਏਜੰਟ ਦੇ ਧੋਖੇ ਨਾਲ ਇਰਾਕ ’ਚ ਫਸੀ ਸੀ, ਨੂੰ ਭਾਰਤ ਵਾਪਸ ਲਿਆਂਦਾ ਗਿਆ ਹੈ। ਉਨ੍ਹਾਂ ਠੱਗ ਟਰੈਵਲ ਏਜੰਟਾਂ ਨੂੰ ਚਿਤਾਵਨੀ ਦਿੱਤੀ ਕਿ ਅਜਿਹੇ ਕੰਮ ਛੱਡ ਦੇਣ ਨਹੀਂ ਤਾਂ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਹੋਰਨਾਂ ਲੜਕੀਆਂ ਜਿਹੜੀਆਂ ਵਿਦੇਸ਼ ’ਚ ਫਸੀਆਂ ਹਨ, ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਠੱਗ ਟਰੈੈਵਲ ਏਜੰਟਾਂ ਦੀਆਂ ਸੂਚੀਆਂ ਤਿਆਰ ਹੋ ਰਹੀਆਂ ਹਨ ਅਤੇ ਇਸ ਬਾਬਤ 10 ਜੁਲਾਈ ਨੂੰ ਐੱਨਆਰਆਈ ਵਿਭਾਗ ਦੀ ਮੀਟਿੰਗ ਵੀ ਰੱਖੀ ਗਈ ਹੈ।

Advertisment

You May Like This