Code Of Ethics

Download app

Subscribe To Print Edition

ਅੰਸਾਰੀ ਮਾਮਲੇ ਨਾਲ ਗਰਮਾਈ ਪੰਜਾਬ ਦੀ ਸਿਆਸਤ

ਚੰਡੀਗੜ੍ਹ, 3 ਜੁਲਾਈ
ਪੰਜਾਬ ’ਚ ਮੁਖ਼ਤਾਰ ਅੰਸਾਰੀ ਮਾਮਲੇ ਤੋਂ ਸਿਆਸੀ ਜੰਗ ਛਿੜ ਗਈ ਹੈ। ਟਵਿੱਟਰ ’ਤੇ ਸ਼ੁਰੂ ਹੋਇਆ ਸਿਆਸੀ ਘਮਸਾਣ ਹੁਣ ਅਗਲੇ ਪੜਾਅ ’ਚ ਦਾਖਲ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਆਹਮੋ-ਸਾਹਮਣੇ ਹੋ ਗਏ ਹਨ। ਭਾਜਪਾ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਸ ਸਿਆਸੀ ਦੰਗਲ ਵਿਚ ਉੱਤਰ ਆਏ ਹਨ। ਮੁੱਖ ਮੰਤਰੀ ਨੇ ਅੱਜ ਸੁਖਜਿੰਦਰ ਸਿੰਘ ਰੰਧਾਵਾ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ‘ਆਹ ਲਵੋ ਰੰਧਾਵਾ ਸਾਹਿਬ ‘ਤੁਹਾਡੇ ਅੰਸਾਰੀ’ ਵਾਲਾ ਨੋਟਿਸ।’ ਚੇਤੇ ਰਹੇ ਕਿ ਗੈਂਗਸਟਰ ਤੋਂ ਸਿਆਸਤਾਨ ਬਣਿਆ ਮੁਖਤਾਰ ਅੰਸਾਰੀ 2019 ਤੋਂ 2021 ਤੱਕ ਰੋਪੜ ਜੇਲ੍ਹ ਵਿਚ ਰਿਹਾ ਜਿਸ ਨੂੰ ਟਰਾਂਜ਼ਿਟ ਰਿਮਾਂਡ ’ਤੇ ਉੱਤਰ ਪ੍ਰਦੇਸ਼ ’ਚੋਂ ਲਿਆਂਦਾ ਗਿਆ ਸੀ। ਉਸ ਦੀ ਰੋਪੜ ਜੇਲ੍ਹ ’ਚ ਮੌਜੂਦਗੀ ਕਾਇਮ ਰੱਖਣ ਲਈ ਤਤਕਾਲੀ ਅਮਰਿੰਦਰ ਸਰਕਾਰ ਨੇ ਵਕੀਲਾਂ ਦੀ ਫ਼ੀਸ ’ਤੇ 55 ਲੱਖ ਰੁਪਏ ਖ਼ਰਚੇ ਸਨ। ਜਿਉਂ ਹੀ ਮੁੱਖ ਮੰਤਰੀ ਨੇ ਅੈਤਵਾਰ ਇੱਕ ਟਵੀਟ ਕੀਤਾ ਕਿ ਗੈਂਗਸਟਰ ਅੰਸਾਰੀ ਨਾਲ ਸਬੰਧਤ ਅਦਾਲਤੀ ਕੇਸ ਦੇ 55 ਲੱਖ ਰੁਪਏ ਦਾ ਖਰਚਾ ਸਰਕਾਰੀ ਖ਼ਜ਼ਾਨੇ ’ਚੋਂ ਨਹੀਂ ਦਿੱਤਾ ਜਾਵੇਗਾ ਬਲਕਿ ਇਸ ਦੀ ਵਸੂਲੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਜਿੰਦਰ ਸਿੰਘ ਰੰਧਾਵਾ ਤੋਂ ਕੀਤੀ ਜਾਵੇਗੀ, ਉਦੋਂ ਹੀ ਨਵਾਂ ਸਿਆਸੀ ਕਲੇਸ਼ ਛਿੜ ਗਿਆ। ਉਨ੍ਹਾਂ ਪੈਨਸ਼ਨ ਅਤੇ ਹੋਰ ਸਹੂਲਤਾਂ ’ਚੋਂ ਪੈਸਾ ਵਸੂਲਣ ਦੀ ਗੱਲ ਵੀ ਕਹੀ ਸੀ। ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੋੜਵੇਂ ਰੂਪ ਵਿਚ ਕਿਹਾ ਕਿ ਜਦੋਂ ਇਸ ਬਾਬਤ ਕੋਈ ਨੋਟਿਸ ਮਿਲੇਗਾ ਤਾਂ ਜੁਆਬ ਦੇਣਗੇ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਹੈ ਕਿ ਮੁੱਖ ਮੰਤਰੀ ਜਦੋਂ ਪੈਸੇ ਵਸੂਲਣ ਦੀ ਪ੍ਰਕਿਰਿਆ ਸ਼ੁਰੂ ਕਰਨਗੇ ਤਾਂ ਉਹ ਇਸ ਮਾਮਲੇ ਨੂੰ ਹਾਈ ਕੋਰਟ ਵਿਚ ਲੈ ਕੇ ਜਾਣਗੇ। ਇਸ ਤੋਂ ਪਹਿਲਾਂ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਮੁੱਖ ਮੰਤਰੀ ਨੂੰ ਨਸੀਹਤਾਂ ਦਿੱਤੀਆਂ ਸਨ ਤੇ ਪਲਟਵਾਰ ਕਰਦਿਆਂ ਭਗਵੰਤ ਮਾਨ ਨੇ ਵੀ ਅਮਰਿੰਦਰ ਸਿੰਘ ’ਤੇ ਤਿੱਖੇ ਹਮਲੇ ਬੋਲੇ ਸਨ। ਅੰਸਾਰੀ ਮਾਮਲੇ ਤੋਂ ਪੰਜਾਬ ਦੀ ਸਿਆਸਤ ਇੱਕ ਨਵਾਂ ਮੋੜਾ ਖਾ ਗਈ ਹੈ। ਪਹਿਲੀ ਵਾਰ ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਮੋਰਚਾ ਖੋਲ੍ਹਿਆ ਹੈ। ਦੱਸਣਯੋਗ ਹੈ ਕਿ ਅੰਸਾਰੀ ਮਾਮਲੇ ’ਤੇ ਵਿਧਾਨ ਸਭਾ ਵਿਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸੁਖਜਿੰਦਰ ਸਿੰਘ ਰੰਧਾਵਾ ਭਿੜ ਚੁੱਕੇ ਹਨ। ਸਿਆਸੀ ਹਲਕਿਆਂ ’ਚ ਚਰਚਾ ਹੈ ਕਿ ਪੈਨਸ਼ਨ ਅਤੇ ਹੋਰ ਸਹੂਲਤਾਂ ਰੋਕ ਕੇ 55 ਲੱਖ ਦੀ ਵਸੂਲੀ ਕਰਨ ਦੇ ਅੱਗੇ ਕਾਫ਼ੀ ਕਾਨੂੰਨੀ ਪੇਚੀਦਗੀਆਂ ਹਨ, ਜਿਨ੍ਹਾਂ ਦੀ ਤੰਦ ਸਰਕਾਰ ਲਈ ਸੁਲਝਾਉਣੀ ਸੌਖੀ ਨਹੀਂ ਹੈ। ਵਿਧਾਨ ਸਭਾ ਸਕੱਤਰੇਤ ਇਸ ਲਈ ਕਿਹੜਾ ਰਾਹ ਅਖ਼ਤਿਆਰ ਕਰੇਗਾ, ਇਹ ਵੀ ਦੇਖਣ ਵਾਲੀ ਗੱਲ ਹੋਵੇਗੀ।

Advertisment