
ਸੱਕਰ (ਪਾਕਿਸਤਾਨ), 30 ਜੂਨ
ਪਾਕਿਸਤਾਨ ਦੇ ਸਿੰਧ ਸੂਬੇ ਦੇ ਸੁੱਕਰ ਸ਼ਹਿਰ ਵਿਚ ਸ਼ਰਾਰਤੀ ਅਨਸਰਾਂ ਨੇ ਜ਼ਬਰਦਸਤੀ ਸਿੰਘ ਸਭਾ ਗੁਰਦੁਆਰੇ ਦੇ ਕੰਪਲੈਕਸ ਵਿਚ ਦਾਖਲ ਹੋ ਕੇ ਗ੍ਰੰਥੀਆਂ ਤੇ ਰਾਗੀਆਂ ਨਾਲ ਦੁਰਵਿਵਹਾਰ ਕੀਤਾ ਅਤੇ ਉਨ੍ਹਾਂ ਨੂੰ ਕੀਰਤਨ ਬੰਦ ਕਰਨ ਲਈ ਕਿਹਾ। ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਕਈ ਸਥਾਨਕ ਸਿੱਖਾਂ ਅਤੇ ਹਿੰਦੂਆਂ ਨੇ ਦੋਸ਼ ਲਾਇਆ ਕਿ ਸ਼ਰਾਰਤੀ ਅਨਸਰਾਂ ਨੇ ਸਿੱਖਾਂ ਦੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੀ ਵੀ ਬੇਅਦਬੀ ਕੀਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਪੁਲੀਸ ਹਵਾਲੇ ਕੀਤੇ ਬਦਮਾਸ਼ਾਂ ਨੂੰ ਜਾਂਚ ਅਤੇ ਪੁੱਛ ਪੜਤਾਲ ਕੀਤੇ ਬਗ਼ੈਰ ਛੱਡ ਦਿੱਤਾ ਗਿਆ। ਗੁਰਦੁਆਰੇ ਦੇ ਰਾਗੀ ਅਜੈ ਸਿੰਘ ਨੇ ਦੱਸਿਆ ਕਿ ਉਹ ਕੀਰਤਨ ਕਰ ਰਿਹਾ ਸੀ ਕਿ ਅਚਾਨਕ ਲਾਊਡਸਪੀਕਰ ਦੀ ਆਵਾਜ਼ ਘਟ ਗਈ। ਗੁਰਦੁਆਰੇ ਵਿੱਚ ਰੌਲਾ ਰੱਪਾ ਪੈ ਗਿਆ। ਕੀਰਤਨ ਬੰਦ ਕਰਵਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੇ 100 ਸਾਲਾਂ ਤੋਂ ਇਸ ਗੁਰਦੁਆਰੇ ਵਿੱਚ ਪਾਠ ਤੇ ਕੀਰਤਨ ਹੋ ਰਿਹਾ ਹੈ। ਕਦੇ ਕਿਸੇ ਨੂੰ ਕੋਈ ਤਕਲੀਫ਼ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਸਿੱਖਾਂ ਅਤੇ ਹਿੰਦੂਆਂ ਦੀ ਇਸ ਘਟਨਾ ਦੇ ਸਬੰਧ ਵਿਚ ਨਾ ਤਾਂ ਐੱਫਆਈਆਰ ਦਰਜ ਕੀਤੀ ਗਈ ਤੇ ਨਾ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।





















