ਕਾਠਗੜ, 6 ਮਈ ( ਜਤਿੰਦਰ ਪਾਲ ਸਿੰਘ ਕਲੇਰ ) ਪਿੰਡ ਜੀਓਵਾਲ ਵਿੱਚ ਕਮਿਊਨਿਟੀ ਹਾਲ ਬਣਾਉਣ ਦਾ ਲਾਰਾ ਲਾ ਕੇ ਢਾਹੇ ਗਏ ਜੰਝਘਰ ਅਤੇ ਪਿਛਲੀ ਸਰਕਾਰ ਸਮੇਂ ਜਿੰਮ ਲਈ ਮਿਲੀ ਗਰਾਂਟ ਨੂੰ ਨਾ ਵਰਤਣ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਪੰਚਾਇਤ ਵਿਰੁੱਧ ਰੋਸ ਵਧਦਾ ਜਾ ਰਿਹਾ ਹੈ।
ਪੰਚਾਇਤ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਸਰਪੰਚ ਨੇ ਚੰਗੀ ਭਲੀ ਧਰਮਸ਼ਾਲਾ (ਜੰਝਘਰ) ਨੂੰ ਕਮਿਊਨਿਟੀ ਹਾਲ ਬਣਾਉਣ ਦਾ ਲਾਰਾ ਲਗਾ ਕੇ ਢਾਹ ਦਿੱਤਾ ਅਤੇ ਉਸ ਦੇ ਮਟੀਰੀਅਲ ਨੂੰ ਖੁਰਦ-ਬੁਰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਸਰਪੰਚ ਨੇ ਕਿਹਾ ਸੀ ਕਿ ਮੈਂ ਇਸ ਜੰਝਘਰ ਨੂੰ ਮਨਜ਼ੂਰੀ ਲੈ ਕੇ ਢਾਇਆ ਹੈ ਲੇਕਿਨ ਹੈਰਾਨੀ ਦੀ ਗੱਲ ਹੈ ਕਿ ਜਿਸ ਵਿਭਾਗ ਨੇ ਜੰਝਘਰ ਨੂੰ ਢਾਉਣ ਦੀ ਮਨਜ਼ੂਰੀ ਦਿੱਤੀ ਹੈ ਉਸ ਨੇ ਪਹਿਲਾਂ ਇਸ ਨੂੰ ਦੇਖਿਆ ਕਿਉਂ ਨਹੀਂ ਜਦ ਕਿ ਇਸ ਨੂੰ ਬਣੇ ਨੂੰ ਮਸਾਂ 25-30 ਕੁ ਸਾਲ ਹੀ ਹੋਏ ਹਨ। ਉਹਨਾਂ ਦੱਸਿਆ ਕਿ ਜੇਕਰ ਢਾਹ ਹੀ ਦਿੱਤਾ ਤਾਂ ਫੇਰ 6 ਮਹੀਨੇ ਤੋਂ ਵੱਧ ਦੇ ਸਮੇਂ ਵਿੱਚ ਕਮਿਊਨਿਟੀ ਹਾਲ ਦੀ ਉਸਾਰੀ ਕਿਉਂ ਨਹੀਂ ਹੋਈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੰਚਾਇਤ ਨੂੰ ਕਮਿਊਨਿਟੀ ਹਾਲ ਦੀ ਉਸਾਰੀ ਵਾਸਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਨਜ਼ੂਰੀ ਸਬੰਧਤ ਵਿਭਾਗ ਤੋਂ ਨਹੀਂ ਮਿਲੀ।ਉਹਨਾਂ ਦੱਸਿਆ ਕਿ ਇਸ ਧਰਮਸ਼ਾਲਾ ਨੂੰ ਢਾਹੇ ਜਾਣ ਨਾਲ ਪਿੰਡ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਅਜੇ ਤੱਕ ਸਬੰਧਤ ਵਿਭਾਗ ਵੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ।
ਦੂਜੇ ਪਾਸੇ ਪਿੰਡ ਦੇ ਨੌਜਵਾਨਾਂ ਨੇ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਸਮੇਂ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵੱਲੋਂ ਪਿੰਡ ਵਿੱਚ ਜਿੰਮ ਦਾ ਸਮਾਨ ਖਰੀਦਣ ਲਈ ਇੱਕ ਲੱਖ ਰੁਪਏ ਦੀ ਗ੍ਰਾਂਟ ਦਾ ਚੈਕ ਦਿੱਤਾ ਗਿਆ ਸੀ ਲੇਕਿਨ ਪਿੰਡ ਦੇ ਸਰਪੰਚ ਦੀ ਨੌਜਵਾਨਾਂ ਪ੍ਰਤੀ ਮਾੜੀ ਸੋਚ ਦੇ ਚੱਲਦਿਆਂ ਜਿੰਮ ਦਾ ਸਮਾਨ ਵੀ ਨਹੀਂ ਖਰੀਦਿਆ ਗਿਆ ਪਰ ਜਦੋਂ ਉਨ੍ਹਾਂ ਨੇ ਸਰਪੰਚ ਤੋਂ ਇਸ ਗ੍ਰਾਂਟ ਬਾਰੇ ਪੁੱਛਿਆ ਤਾਂ ਸਰਪੰਚ ਨੇ ਕਿਹਾ ਕਿ ਇਕ ਲੱਖ ਰੁਪਏ ਦੀ ਗ੍ਰਾਂਟ ਮਨਜੂਰ ਕਰਾਉਣ ਲਈ ਉਸ ਕਾਂਗਰਸੀ ਆਗੂ ਨੂੰ ਵੀ 25 ਹਜ਼ਾਰ ਰੁਪਏ ਦੇਣੇ ਪਏ ਹਨ ਅਤੇ ਬਾਕੀ ਬਚਦੇ ਕਿਹੜੇ ਪੈਸਿਆਂ ਦਾ ਮੈਂ ਜਿੰਮ ਖਰੀਦ ਕੇ ਲਿਆਵਾਂ। ਨੌਜਵਾਨਾਂ ਨੇ ਇਹ ਵੀ ਦੱਸਿਆ ਕਿ ਪਿੰਡ ਵਿੱਚ ਜੋ ਪੰਚਾਇਤੀ ਦੁਕਾਨਾਂ ਉਸਾਰੀਆਂ ਗਈਆਂ ਹਨ ਮਤਾ ਪਾ ਕੇ ਉਹਨਾਂ ਉਤੇ ਜਿੰਮ ਵਾਸਤੇ ਜੋ ਹਾਲ ਉਸਾਰਿਆ ਗਿਆ ਹੈ ਉਸ ਵਿੱਚ ਨੌਜਵਾਨਾਂ ਨੇ ਪਹਿਲਾਂ ਵਾਲੇ ਜਿੰਮ ਦੇ ਸਮਾਨ ਨੂੰ ਰੱਖਣ ਲਈ ਸਰਪੰਚ ਸਰਪੰਚ ਤੋਂ ਆਗਿਆ ਮੰਗੀ ਸੀ ਪ੍ਰੰਤੂ ਸਰਪੰਚ ਨੇ ਬਦਤਮੀਜੀ ਕਰਦੇ ਹੋਏ ਕਿਹਾ ਕਿ ਕਿਹੜੇ ਜਿੰਮ ਦੇ ਹਾਲ ਦੀ ਗੱਲ ਕਰਦੇ ਹੋ ਇਹ ਤਾਂ ਅਸੀਂ ਮੀਟਿੰਗ ਹਾਲ ਬਣਾਇਆ ਹੈ।
ਗਲੀ ਉੱਚੀ ਕਰਨ ਨਾਲ ਗਰੀਬਾਂ ਦੇ ਘਰੋਂ ਹੋਏ ਨੀਵੇਂ
ਜੀਓਵਾਲ ਦੀ ਪੰਚਾਇਤ ਵੱਲੋਂ ਪਿਛਲੀ ਸਰਕਾਰ ਸਮੇਂ ਪਹਿਲਾਂ ਇਕ ਪਹਿਲੀ ਨੂੰ ਕੰਕਰੀਟ ਨਾਲ ਬਣੀ ਹੋਈ ਗਲੀ ਨੂੰ ਇੰਟਰਲਾਕ ਟਾਇਲਾਂ ਲਗਾ ਕੇ ਘਰਾਂ ਦੇ ਲੈਵਲ ਤੋਂ ਦੋ ਢਾਈ ਫੁੱਟ ਉੱਚੀ ਬਣਾ ਦਿੱਤਾ ਸੀ ਜਿਸ ਨਾਲ ਲੋਕਾਂ ਦੇ ਘਰਾਂ ਦੇ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋਣ ਲੱਗ ਪਈ ਅਤੇ ਬਰਸਾਤ ਦੌਰਾਨ ਤਾਂ ਪਾਣੀ ਉਨ੍ਹਾਂ ਦੇ ਕਮਰਿਆਂ ਵਿੱਚ ਵੀ ਜਾ ਵੜਦਾ ਹੈ। ਲੋਕਾਂ ਨੇ ਦੱਸਿਆ ਕਿ ਮੁਹੱਲੇ ਦਾ ਇੱਕ ਘਰ ਅੱਤ ਦੀ ਗਰੀਬੀ ਵਿੱਚ ਹੈ ਤੇ ਪਰਿਵਾਰਕ ਮੈਂਬਰ ਵੀ ਬਿਮਾਰ ਹਨ ਜੋ ਆਪਣੇ ਘਰ ਨੂੰ ਉਚਾ ਕਰਨ ਦੀ ਹਾਲਤ ਵਿੱਚ ਨਹੀਂ ਹਨ ਬਾਰੇ ਜਦੋਂ ਸਰਪੰਚ ਨੂੰ ਦੱਸਿਆ ਤਾਂ ਉਸ ਨੇ ਕਿਹਾ ਕਿ ਤੁਸੀਂ ਆਪਣੇ ਘਰ ਉੱਚੇ ਕਰ ਲਵੋ।
ਤਿੰਨ ਪੰਚਾਇਤਾਂ ਦੇ ਕਾਰਜਕਾਲ ‘ਚ ਵੀ ਨਾ ਬਣ ਸਕੀ ਗਲੀ
ਜੀਓਵਾਲ ਨਿਵਾਸੀ ਚਰਨ ਸਿੰਘ ਤੇ ਹੋਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਘਰ ਨੂੰ ਆਉਣ ਵਾਲੀ ਗਲੀ ਨੂੰ ਜੋ ਕਿ ਪਹਿਲਾਂ ਇੱਟਾਂ ਦੀ ਬਣੀ ਹੋਈ ਸੀ ਉਸ ਨੂੰ ਕੰਕਰੀਟ ਦੀ ਬਣਾਉਣ ਦਾ ਵਾਅਦਾ ਕਰਕੇ 15 ਸਾਲ ਪਹਿਲਾਂ ਵਾਲੀ ਪੰਚਾਇਤ ਨੇ ਪੁੱਟਵਾ ਦਿੱਤਾ ਸੀ ਜਿਸ ਦੀਆਂ ਇੱਟਾਂ ਵੀ ਪੰਚਾਇਤ ਦੇ ਲੇਖੇ ਲੱਗ ਗਈਆਂ ਹਨ ਨੂੰ ਹੁਣ ਤੱਕ ਕਿਸੇ ਵੀ ਪੰਚਾਇਤ ਨੇ ਨਹੀਂ ਬਣਾਇਆ। ਉਹਨਾਂ ਦੱਸਿਆ ਕਿ ਉਨ੍ਹਾਂ ਨੂੰ ਘਾਹ ਬੂਟੀ ਉੱਗ ਚੁੱਕੀ ਕੱਚੀ ਗਲੀ ਵਿੱਚੋਂ ਲੰਘ ਕੇ ਆਉਣਾ ਜਾਣਾ ਪੈਂਦਾ ਹੈ ਅਤੇ ਬਰਸਾਤ ਦੌਰਾਨ ਤਾਂ ਉਨ੍ਹਾਂ ਨੂੰ ਸੱਪ ਵਰਗੇ ਖਤਰਨਾਕ ਜੀਵਾਂ ਤੋਂ ਵੀ ਡਰ ਬਣਿਆ ਰਹਿੰਦਾ
ਮਨਰੇਗਾ ਦੇ ਕੰਮ ਵਿੱਚ ਵੀ ਦੱਸੀ ਘਪਲੇਬਾਜ਼ੀ
ਇੱਥੇ ਹੀ ਬੱਸ ਨਹੀਂ ਪਿੰਡ ਦੀਆਂ ਔਰਤਾਂ ਨੇ ਦੱਸਿਆ ਕਿ ਸਰਪੰਚ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਅਤੇ ਬਾਹਰਲੇ ਪਿੰਡਾਂ ਦੇ ਲੋਕਾਂ ਦੇ ਮਨਰੇਗਾ ਲਈ ਜੌਬ ਕਾਰਡ ਬਣਾਏ ਹੋਏ ਹਨ ਜਿਨ੍ਹਾਂ ਨੂੰ ਕਦੇ ਵੀ ਕੰਮ ‘ਤੇ ਨਹੀਂ ਦੇਖਿਆ ਗਿਆ ਪਰੰਤੂ ਉਹਨਾਂ ਦੇ ਖਾਤਿਆਂ ਵਿਚ ਪੈਸੇ ਆ ਰਹੇ ਹਨ ਜਦ ਕਿ ਹੁਣ ਛੇ ਮਹੀਨੇ ਤੋਂ ਮਨਰੇਗਾ ਦਾ ਕੰਮ ਬੰਦ ਹੋਣ ਦੇ ਬਾਵਜੂਦ ਵੀ ਬੀਤੇ ਮਾਰਚ ਤੱਕ ਸਰਪੰਚ ਤੇ ਚਹੇਤਿਆਂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਖਾਤਿਆਂ ਵਿਚ ਪੈਸੇ ਪੈਂਦੇ ਰਹੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਜੋ ਮਨਰੇਗਾ ਕਾਮਿਆਂ ਵਾਸਤੇ ਸਰਕਾਰ ਵੱਲੋਂ ਸ਼ੈਡ ਆਦਿ ਬਣਾਉਣ ਦੀ ਸਕੀਮ ਆਈ ਸੀ ਉਸ ਵਿਚ ਵੀ ਸਰਪੰਚ ਨੇ ਚਹੇਤਿਆਂ ਨੂੰ ਹੀ ਲਾਭ ਪਹੁੰਚਾਇਆ ਹੈ ਅਤੇ ਕਿਸੇ ਵੀ ਗਰੀਬ ਤੇ ਲੋੜਵੰਦ ਦੀ ਕੋਈ ਮੱਦਦ ਨਹੀਂ ਕੀਤੀ ਗਈ।
ਉਕਤ ਸਾਰੀਆਂ ਗੱਲਾਂ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਆਪ ਦੀ ਸਰਕਾਰ ਅਤੇ ਮੌਜੂਦਾ ਹਲਕਾ ਵਿਧਾਇਕਾ ਤੋਂ ਮੰਗ ਕੀਤੀ ਗਈ ਹੈ ਕਿ ਪੰਚਾਇਤ ਵੱਲੋਂ ਕੀਤੇ ਗਏ ਕੰਮਾਂ ਦੀ ਜਾਂਚ ਪੜਤਾਲ ਕਰਵਾਈ ਜਾਵੇ ਅਤੇ ਪਿੰਡ ਵਿਚ ਵਿਕਾਸ ਕਾਰਜਾਂ ਨੂੰ ਸਹੀ ਢੰਗ ਨਾਲ ਕਰਵਾਏ ਜਾਣ ਲਈ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ।
ਕਾਨੂੰਨ ਮੁਤਾਬਿਕ ਵਿਕਾਸ ਦੇ ਕੰਮ ਕੀਤੇ ਹਨ- ਸਰਪੰਚ
ਪਿੰਡ ਵਾਸੀਆਂ ਵੱਲੋਂ ਸਰਪੰਚ ਦੀ ਕਾਰਗੁਜ਼ਾਰੀ ਨੂੰ ਲੈ ਕੇ ਲਗਾਏ ਗਏ ਇਲਜਾਮਾਂ ਨੂੰ ਨਕਾਰਦੇ ਹੋਏ ਸਰਪੰਚ ਬਲਬੀਰ ਸਿੰਘ ਨੇ ਕਿਹਾ ਕਿ ਉਸ ਦੀ ਕਿਸੇ ਨਾਲ਼ ਕੋਈ ਵੀ ਰੰਜਿਸ਼ ਜਾਂ ਵੈਰ-ਵਿਰੋਧ ਨਹੀਂ ਹੈ ਬਲਕਿ ਸਾਰੇ ਕੰਮ ਵਿਭਾਗੀ ਅਧਿਕਾਰੀਆਂ ਦੀ ਦੇਖ-ਰੇਖ ਵਿਚ ਅਤੇ ਕਾਨੂੰਨ ਮੁਤਾਬਿਕ ਕਰਵਾਏ ਗਏ ਹਨ ਪ੍ਰੰਤੂ ਫਿਰ ਵੀ ਜੇਕਰ ਕਿਸੇ ਨੂੰ ਮੇਰੇ ‘ਤੇ ਕੋਈ ਸ਼ੱਕ ਹੈ ਤਾਂ ਉਹ ਉਸ ਦੀ ਜਾਂਚ ਪੜਤਾਲ ਕਰਵਾ ਸਕਦਾ ਹੈ।
ਬੀਡੀਪੀਓ ਨਾਲ ਨਹੀਂ ਹੋ ਸਕੀ ਗੱਲ
ਪਿੰਡ ਜੀਓਵਾਲ ਦੀ ਪੰਚਾਇਤ ਨਾਲ ਸਬੰਧਤ ਪਿੰਡ ਵਾਸੀਆਂ ਵੱਲੋਂ ਲਗਾਏ ਗਏ ਇਲਜਾਮਾਂ ਸਬੰਧੀ ਜਦੋਂ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਬਲਾਚੌਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸੇ ਕਾਰਨ ਉਨ੍ਹਾਂ ਨੇ ਫੋਨ ਅਟੈਂਡ ਨਹੀਂ ਕੀਤਾ।
ਜ਼ਿਕਰਯੋਗ ਹੈ ਕਿ ਪਿੰਡ ਵਿਚ ਵਿਕਾਸ ਕਾਰਜਾਂ ਨੂੰ ਲੈ ਕੇ ਸਰਪੰਚ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿੱਚ ਖਿੱਚੋਤਾਣ ਵਾਲੀ ਸਥਿਤੀ ਪੈਦਾ ਹੋ ਗਈ ਹੈ ਅਤੇ ਮਸਲਾ ਥਾਣੇ ਤੱਕ ਵੀ ਪਹੁੰਚ ਚੁੱਕਿਆ ਹੈ।
ਪੰਚਾਇਤੀ ਕੰਮਾਂ ਨੂੰ ਲੈ ਕੇ ਢਾਹੇ ਗਏ ਜੰਝਘਰ ਵਿੱਚ ਰੋਸ ਜਤਾਉਂਦੇ ਹੋਏ ਪਿੰਡ ਵਾਸੀ, ਇੱਟਾਂ ਦੀ ਪੁੱਟੀ ਗਈ ਗਲੀ ਨੂੰ ਦਿਖਾਉਂਦੇ ਲੋਕ ਅਤੇ ਗਲੀ ਤੋਂ ਨੀਵੇਂ ਹੋ ਚੁੱਕੇ ਘਰ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰ।






















