ਬਟਾਲਾ, 2 ਮਈ ( ਬਿਊਰੋ ) ਡਾ. ਸ਼ਾਇਰੀ ਭੰਡਾਰੀ ਐਸ.ਡੀ.ਐਮ ਬਟਾਲਾ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਮੰਡੀਆਂ ਵਿੱਚ ਕਣਕ ਦੀ ਆਮਦ ਵੱਧ ਗਈ ਹੈ, ਇਸ ਲਈ ਫਸਲ ਦੀ ਚੁਕਾਈ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ।

ਉਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਦਾਣਾ ਮੰਡੀਆਂ ਵਿੱਚ ਕਣਕ ਦੀ ਫਸਲ ਦੀ ਪ੍ਰਕਿਰਿਆ ਨਿਰਵਿਘਨ ਜਾਰੀ ਹੈ ਤੇ ਜ਼ਿਲੇ ਦੀ ਸਭ ਤੋਂ ਵੱਡੀ ਦਾਣਾ ਮੰਡੀ ਬਟਾਲਾ ਵਿਖੇ ਵੀ ਫਸਲ ਦੀ ਖਰੀਦ ਤੇ ਚੁਕਾਈ ਨਿਰੰਤਰ ਜਾਰੀ ਹੈ ਅਤੇ ਕਿਸਾਨਾਂ ਨੂੰ ਅਦਾਇਗੀ ਨਿਸ਼ਚਿਤ ਸਮੇਂ ਦਿੱਤੀ ਜਾ ਰਹੀ ਹੈ। ਜ਼ਿਲੇ ਦੇ ਕਿਸਾਨਾਂ ਦੇ ਖਾਤਿਆਂ ਵਿੱਚ 968.01 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
ਬਟਾਲਾ ਦਾਣਾ ਮੰਡੀ ਵਿਖੇ ਕਣਕ ਦੀ ਖਰੀਦ, ਚੁਕਾਈ ਤੇ ਅਦਾਇਗੀ ਪ੍ਰਕਿਰਿਆ ਸਬੰਧੀ ਉਨਾਂ ਦੱਸਿਆ ਕਿ ਦਾਣਾ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਮੁਸਸ਼ਕਿਲ ਨਹੀਂ ਆਉਣ ਦਿੱਤੀ ਜਾ ਰਹੀ ਹੈ ਤੇ ਕਿਸਾਨ ਸਵੇਰੇ ਕਰੀਬ 11 ਵਜੇ ਮੰਡੀ ਵਿੱਚ ਫਸਲ ਲੈ ਕੇ ਆਉਂਦੇ ਹਨ ਅਤੇ ਸ਼ਾਮ 3-4 ਵਜੇ ਤੱਕ ਫਸਲ ਵੇਚ ਕੇ ਘਰਾਂ ਨੂੰ ਜਾ ਰਹੇ ਹਨ। ਦੱਸਣਯੋਗ ਹੈ ਕਿ ਜ਼ਿਲੇ ਅੰਦਰ 95 ਮੰਡੀਆਂ ਵਿੱਚ ਕਣਕ ਦੀ ਫਸਲ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਖਰੀਦ ਏਜੰਜੀਆਂ ਪਨਗ੍ਰੇਨ, ਪਨਸਪ, ਮਾਰਕਫੈੱਡ. ਵੇਅਰਹਾਊਸ, ਐਫ.ਸੀ.ਆਈ ਤੇ ਵਪਾਰੀਆਂ ਵਲੋਂ ਫਸਲ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਖਰੀਦ ਕੀਤੀ ਫਸਲ ਦੀ ਚੁਕਾਈ ਨਿਰਵਿਘਨ ਜਾਰੀ ਹੈ। ਇਸ ਮੌਕੇ ਸਾਹਿਬ ਸਿੰਘ ਸੈਕਰਟਰੀ ਮਾਰਕਿਟ ਬਟਾਲਾ ਵੀ ਮੋਜੂਦ ਸਨ।





















