ਰੰਜਿਸ਼ ਕਾਰਨ ਗੁਆਂਢੀ ਨੇ ਗੋਲੀਆਂ ਚਲਾਈਆਂ; ਕਤਲ ਦੇ ਦੋਸ਼ ਹੇਠ ਤਿੰਨ ਖ਼ਿਲਾਫ਼ ਕੇਸ ਦਰਜ
ਸੀਨੀਅਰ ਕਾਂਗਰਸੀ ਆਗੂ ਅਤੇ ਪੀਆਰਟੀਸੀ ਦੇ ਸਾਬਕਾ ਡਾਇਰੈਕਟਰ ਕਰਮ ਸਿੰਘ ਚੌਹਾਨ ਦੀ ਭਤੀਜੀ ਅਤੇ ਪਿੰਡ ਖਿੱਲਣ ਦੀ ਸਾਬਕਾ ਮਹਿਲਾ ਸਰਪੰਚ ਮਹਿੰਦਰਜੀਤ ਕੌਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਹਮਲਾਵਰਾਂ ਨੇ ਸਾਬਕਾ ਸਰਪੰਚ ਦੇ ਪਤੀ ਉਪਰ ਵੀ ਗੋਲੀਆਂ ਚਲਾਈਆਂ, ਪ੍ਰੰਤੂ ਉਨ੍ਹਾਂ ਦਾ ਇਸ ਘਟਨਾ ਵਿੱਚ ਬਚਾਅ ਹੋ ਗਿਆ, ਕਿਉਂਕਿ ਗੋਲੀਆਂ ਉਨ੍ਹਾਂ ਦੀ ਕਾਰ ਵਿੱਚ ਲੱਗੀਆਂ।
ਇਹ ਘਟਨਾ ਅੱਜ ਸ਼ਾਮ ਪੌਣੇ ਪੰਜ ਵਜੇ ਦੇ ਕਰੀਬ ਵਾਪਰੀ ਦੱਸੀ ਗਈ ਹੈ।
ਇਸ ਵਾਰਦਾਤ ਦੀ ਜਾਣਕਾਰੀ ਮਿਲਣ ’ਤੇ ਮਾਨਸਾ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ ਮਹਿਲਾ ਸਰਪੰਚ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇਹ ਗੋਲੀਆਂ ਗੁਆਂਢੀਆਂ ਵੱਲੋਂ ਮਾਰੀਆਂ ਗਈਆਂ ਹਨ। ਮਾਨਸਾ ਦੇ ਡੀਐਸਪੀ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਪੜਤਾਲ ਵਿਚ ਜੁੱਟ ਗਈ ਹੈ।
ਮਾਨਸਾ ਦੇ ਡੀਐਸਪੀ ਬੂਟਾ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮ੍ਰਿਤਕਾ ਦੇ ਪਤੀ ਮਨਪ੍ਰੀਤ ਸਿੰਘ ਦੇ ਬਿਆਨਾਂ ’ਤੇ ਅਮਨਿੰਦਰ ਸਿੰਘ, ਉਸ ਦੇ ਪਿਤਾ ਭਗਵੰਤ ਸਿੰਘ, ਗੁਰਪਾਲ ਸਿੰਘ ਵਾਸੀ ਖਿੱਲਣ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਹਾਲੇ ਤਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।





















