ਗਾਰੰਟੀਆਂ ਦੀ ਪੂਰਤੀ ਨਾਲ ਸੱਤਾ ’ਚ ਵਾਪਸੀ ਦਾ ਮੁੱਢ ਬੱਝਣ ਦਾ ਦਾਅਵਾ; ਧੰਨਵਾਦ ਮਤੇ ’ਤੇ ਬਹਿਸ ਨੂੰ ਸਮੇਟਦਿਆਂ ਕਾਂਗਰਸ ਨੂੰ ਘੇਰਿਆ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਰਾਜਪਾਲ ਦੇ ਭਾਸ਼ਣ ’ਤੇ ਪੇਸ਼ ਧੰਨਵਾਦ ਮਤੇ ’ਤੇ ਬਹਿਸ ਨੂੰ ਸਮੇਟਦਿਆਂ ਕਿਹਾ ਕਿ ‘ਆਪ’ ਸਰਕਾਰ ਨੇ ਚਾਰ ਸਾਲਾਂ ’ਚ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ’ਤੇ ਪਾ ਲਿਆ ਹੈ ਅਤੇ ਹੁਣ ਸਿਰਫ਼ ਰਫ਼ਤਾਰ ਵਧਾਉਣੀ ਬਾਕੀ ਹੈ। ਮਾਨ ਨੇ ਦਾਅਵਾ ਕੀਤਾ ਕਿ ਚੋਣਾਂ ਮੌਕੇ ਦਿੱਤੀਆਂ ਗਾਰੰਟੀਆਂ ਦੀ ਪੂਰਤੀ ਨੇ ਸਾਲ 2027 ’ਚ ‘ਆਪ’ ਸਰਕਾਰ ਦੀ ਸੱਤਾ ਵਾਪਸੀ ਦਾ ਮੁੱਢ ਬੰਨ੍ਹ ਦਿੱਤਾ ਹੈ। ਪੰਜਾਬ ਬਜਟ ’ਚ ਔਰਤਾਂ ਲਈ ਇੱਕ ਹਜ਼ਾਰ ਰੁਪਏ ਮਾਸਿਕ ਦੇਣ ਦਾ ਐਲਾਨ ਵਿਰੋਧੀ ਪਾਰਟੀਆਂ ਦੀ ਨਿਰਾਸ਼ਾ ਅਤੇ ਪੰਜਾਬ ਦੀ ਸੱਤਾ ’ਚ ‘ਆਪ’ ਦੀ ਵਾਪਸੀ ਦੇ ਉਨ੍ਹਾਂ ਦੇ ਡਰ ਨੂੰ ਦਰਸਾ ਰਿਹਾ ਹੈ।
‘ਆਪ’ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਅੱਜ ਸਦਨ ’ਚ ਰਾਜਪਾਲ ਦੇ ਭਾਸ਼ਣ ’ਤੇ ਧੰਨਵਾਦ ਮਤੇ ਨੂੰ ਪੇਸ਼ ਕੀਤਾ ਅਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਇਸ ਦੀ ਤਾਈਦ ਕੀਤੀ। ਮੁੱਖ ਮੰਤਰੀ ਵੱਲੋਂ ਬਹਿਸ ਸਮੇਟਣ ਨਾਲ ਧੰਨਵਾਦੀ ਮਤਾ ਪਾਸ ਹੋ ਗਿਆ। ਬਹਿਸ ਮੌਕੇ ਕਾਂਗਰਸੀ ਆਪਣੀ ਗੱਲ ਕਹਿਣ ਮਗਰੋਂ ਸਦਨ ’ਚੋਂ ਵਾਕਆਊਟ ਕਰ ਗਏ। ਮੁੱਖ ਮੰਤਰੀ ਨੇ ਕਾਂਗਰਸੀ ਵਿਧਾਇਕਾਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਪਾਟੋਧਾੜ ਹੋਈ ਕਾਂਗਰਸ ਨੂੰ 2027 ਵਿੱਚ ਹਾਰ ਦਾ ਸਾਹਮਣਾ ਕਰਨਾ ਪਵੇਗਾ। ਅਗਲੀਆਂ ਚੋਣਾਂ ਮਗਰੋਂ ਵਿਰੋਧੀ ਧਿਰ ਵਾਲੇ ਬੈਂਚਾਂ ’ਤੇ ਕਾਂਗਰਸ ਦਾ ਇੱਕ ਵੀ ਵਿਧਾਇਕ ਨਜ਼ਰ ਨਹੀਂ ਆਵੇਗਾ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਅਕਸਰ ਵਾਅਦਿਆਂ ਤੋਂ ਮੁੱਕਰੀਆਂ ਜਦੋਂ ਕਿ ‘ਆਪ’ ਨੇ ਚਾਰ ਸਾਲ ’ਚ ਸਾਰੀਆਂ ਗਾਰੰਟੀਆਂ ਪੂਰੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਦੀ ਰਜਿਸਟਰੇਸ਼ਨ 13 ਅਪਰੈਲ ਤੋਂ ਸ਼ੁਰੂ ਹੋਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਮੇਰੀ ਰਸੋਈ ਯੋਜਨਾ ਤਹਿਤ 40 ਲੱਖ ਪਰਿਵਾਰਾਂ ਨੂੰ ਰਸਦ ਦੇਣ ਲਈ 1000 ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਵਰਗੇ ਵਿਕਸਤ ਮੁਲਕ ਵਿੱਚ ਵੀ ਇਲਾਜ ਲਈ ਸਿਹਤ ਬੀਮੇ ਦੀ ਕਿਸ਼ਤ ਭਰਨੀ ਪੈਂਦੀ ਹੈ ਪਰ ਪੰਜਾਬ ਵਿੱਚ ਸਾਰਾ ਇਲਾਜ ਮੁਫ਼ਤ ਹੈ। ਸੂਬੇ ਵਿੱਚ 118 ਸਕੂਲ ਆਫ਼ ਐਮੀਨੈਂਸ ਸਥਾਪਤ ਕਰਨ ਤੋਂ ਇਲਾਵਾ ਹੁਣ ਤੱਕ 13765 ਅਧਿਆਪਕਾਂ ਦੀ ਭਰਤੀ ਕੀਤੀ ਜਾ ਚੁੱਕੀ ਹੈ। ਪਹਿਲੀ ਵਾਰ ਨਵੀਂ ਮਾਲਵਾ ਨਹਿਰ ਬਣਾਈ ਜਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ’ਚ ‘ਅਟੈਚੀ ਕਲਚਰ’ ਸੀ ਪਰ ‘ਆਪ’ ਸਰਕਾਰ ਨੇ ਬਿਨਾਂ ਕਿਸੇ ਸਿਫ਼ਾਰਸ਼ ਤੇ ਰਿਸ਼ਵਤ ਤੋਂ ਨੌਜਵਾਨਾਂ ਨੂੰ 63,943 ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਲੁਧਿਆਣਾ ਵਿੱਚ 3200 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਹੋਏ ਦੇਸ਼ ਦੇ ਦੂਜੇ ਸਭ ਤੋਂ ਵੱਡੇ ਟਾਟਾ ਸਟੀਲ ਦੇ ਮੈਨੂਫੈਕਚਰਿੰਗ ਪਲਾਂਟ ਦਾ ਉਦਘਾਟਨ 20 ਮਾਰਚ ਨੂੰ ਕੀਤਾ ਜਾ ਰਿਹਾ ਹੈ ਅਤੇ ਜਾਪਾਨ ਦੀ ਕੰਪਨੀ ਜੀ.ਆਈ.ਸੀ.ਕੇ. ਪੰਜਾਬ ਵਿੱਚ 1300 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਸ਼ਰਧਾਲੂਆਂ ਨੂੰ ਹੁਣ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਦੋ ਤਖ਼ਤਾਂ ਦੇ ਦਰਸ਼ਨ ਕਰਵਾਏ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਬਾਦਲ ਪਰਿਵਾਰ ਨੂੰ ਲੋਕਾਂ ਨੇ ਪੰਜ ਵਾਰ ਮੌਕਾ ਦਿੱਤਾ ਪਰ ਇਸ ਪਰਿਵਾਰ ਨੇ ਆਪਣਾ ਹੀ ਵਿਕਾਸ ਕੀਤਾ।
ਇਸ ਤੋਂ ਪਹਿਲਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਰਾਜਪਾਲ ਦੇ ਭਾਸ਼ਣ ’ਤੇ ਚਰਚਾ ਦੌਰਾਨ ਕਾਂਗਰਸ ਦੇ ਹਵਾਲੇ ਨਾਲ ਕਿਹਾ ਕਿ ਵਾਕਆਊਟ ਕਰਨ ਵਾਲਿਆਂ ਤੋਂ ਸੂਬੇ ਦੀ ਤਰੱਕੀ ਬਰਦਾਸ਼ਤ ਨਹੀਂ ਹੋ ਰਹੀ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਕਾਂਗਰਸੀ ਸਦਨ ’ਚੋਂ ਭੱਜਣ ਦੀ ਥਾਂ ਆਪਣੀ ਲਾਈਨ ਲੰਮੀ ਕਰਕੇ ਦਿਖਾਉਣ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬਹਿਸ ਦੌਰਾਨ ਨਸ਼ਿਆਂ, ਬੇਅਦਬੀ, ਮੁਲਾਜ਼ਮਾਂ ਅਤੇ ਕਾਨੂੰਨ ਵਿਵਸਥਾ ਦੇ ਮੁੱਦੇ ਉਠਾਏ। ਬਹਿਸ ’ਚ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ, ਇੰਦਰਜੀਤ ਕੌਰ ਮਾਨ, ਬਸਪਾ ਵਿਧਾਇਕ ਡਾ. ਨਛੱਤਰਪਾਲ, ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ, ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ ਆਦਿ ਨੇ ਵੀ ਹਿੱਸਾ ਲਿਆ।





















