Ravneet Bittu:ਕੇਂਦਰੀ ਰਾਜ ਮੰਤਰੀ ਨੇ ਭਗਵੰਤ ਮਾਨ ਤੋਂ ਅਸਤੀਫਾ ਮੰਗਿਆ
ਅੰਮ੍ਰਿਤਸਰ, 15 ਫਰਵਰੀ ( ਪੰਜਾਬੀ ਅੱਖਰ / ਬਿਊਰੋ ) :- ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਦੋਸ਼ ਲਾਇਆ ਕਿ ਉਹ ਪੰਜਾਬ ਵਿੱਚੋਂ ਲੋਕਾਂ ਦਾ ਗੈਰ ਕਾਨੂੰਨੀ ਢੰਗ ਨਾਲ ਹੋ ਰਿਹਾ ਪਰਵਾਸ ਰੋਕਣ ਵਿੱਚ ਅਸਫਲ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਨੈਤਿਕ ਆਧਾਰ ’ਤੇ ਅਸਤੀਫਾ ਦੇਣਾ ਚਾਹੀਦਾ ਹੈ। ਕੇਂਦਰੀ ਰਾਜ ਮੰਤਰੀ ਅੱਜ ਦੇਰ ਸ਼ਾਮ ਨੂੰ ਇੱਥੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀ ਨਾਗਰਿਕਾਂ ਨੂੰ ਜੀ ਆਇਆਂ ਕਹਿਣ ਲਈ ਪੁੱਜੇ ਸਨ।
ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਬਦਨਾਮ ਕਰਨ ਦਾ ਕੀਤਾ ਜਾ ਰਿਹਾ ਪ੍ਰਚਾਰ ਬੇਤੁਕਾ ਹੈ। ਇਸ ਤੋਂ ਪਹਿਲਾਂ ਵੀ ਜਦੋਂ ਵੀ ਅਮਰੀਕਾ ਵੱਲੋਂ ਭਾਰਤੀ ਡਿਪੋਰਟ ਕੀਤੇ ਗਏ ਹਨ ਤਾਂ ਉਹ ਇਸੇ ਹਵਾਈ ਅੱਡੇ ’ਤੇ ਉਤਰੇ ਹਨ। ਹੁਣ ਇਸ ਬਾਰੇ ਇੰਨਾ ਵਿਵਾਦ ਕਿਉਂ ਖੜ੍ਹਾ ਕੀਤਾ ਜਾ ਰਿਹਾ ਹੈ। ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ ਕੋਲੋਂ ਦਿੱਲੀ ਦੀ ਸੱਤਾ ਖੁਸ ਗਈ ਹੈ ਅਤੇ ਪੰਜਾਬ ਵਿੱਚ ਵੀ ਸੱਤਾ ਖੁੱਸਣ ਦਾ ਡਰ ਹੈ। ਇਸੇ ਕਾਰਨ ਹੀ ਉਹ ਕੇਂਦਰ ਦੀ ਭਾਜਪਾ ਸਰਕਾਰ ’ਤੇ ਪੰਜਾਬ ਨੂੰ ਬਦਨਾਮ ਕਰਨ ਤੇ ਪੰਜਾਬ ਨਾਲ ਵਿਤਕਰਾ ਕਰਨ ਦਾ ਦੋਸ਼ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਸਮੇਂ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਵਿੱਚੋਂ ਮਨੁੱਖੀ ਤਸਕਰੀ ਕਰਨ ਵਾਲੇ ਟਰੈਵਲ ਏਜੰਟਾਂ ’ਤੇ ਸ਼ਿਕੰਜਾ ਕੱਸਿਆ ਜਾਵੇਗਾ ਪਰ ਅਜਿਹਾ ਕੁਝ ਵੀ ਨਹੀਂ ਹੋਇਆ ਅਤੇ ਲਗਾਤਾਰ ਪੰਜਾਬ ਵਿੱਚੋਂ ਲੋਕ ਗੈਰਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਲਈ ਮਜਬੂਰ ਹਨ। ਇਸ ਅਸਫਲਤਾ ਵਾਸਤੇ ਮੁੱਖ ਮੰਤਰੀ ਜ਼ਿੰਮੇਵਾਰ ਹਨ ਅਤੇ ਉਨਾਂ ਨੂੰ ਨੈਤਿਕ ਆਧਾਰ ’ਤੇ ਅਸਤੀਫਾ ਦੇਣਾ ਚਾਹੀਦਾ ਹੈ।
ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਇਸ ਵੇਲੇ ਅਮਰੀਕਾ ਵਿੱਚ ਕਿੰਨੇ ਭਾਰਤੀ ਅਜਿਹੇ ਹਨ ਜੋ ਉਥੇ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਹਨ ਪਰ ਉਨ੍ਹਾਂ ਦਾ ਕੋਈ ਵੀ ਪੱਕਾ ਅੰਕੜਾ ਨਹੀਂ ਹੈ ਅਤੇ ਵੱਡੀ ਗਿਣਤੀ ਵਿੱਚ ਅਜਿਹੇ ਭਾਰਤੀ ਅਮਰੀਕਾ ਪੁਲੀਸ ਦੀ ਹਿਰਾਸਤ ਵਿੱਚ ਹਨ, ਅਗਲੇ ਦਿਨਾਂ ਵਿੱਚ ਇਨ੍ਹਾਂ ਪਰਵਾਸੀ ਭਾਰਤੀਆਂ ਨੂੰ ਭਾਰਤ ਡਿਪੋਰਟ ਕੀਤਾ ਜਾਣਾ ਹੈ ਅਤੇ ਇਹ ਅੰਮ੍ਰਿਤਸਰ ਹੀ ਨਹੀਂ ਸਗੋਂ ਹੋਰ ਵੀ ਕਈ ਹਵਾਈ ਅੱਡਿਆਂ ’ਤੇ ਭੇਜੇ ਜਾਣਗੇ।
ਡੰਕੀ ਰੂਟ ਰਾਹੀਂ ਨੌਜਵਾਨਾਂ ਨੂੰ ਵਿਦੇਸ਼ ਨਾ ਭੇਜਣ ਏਜੰਟ: ਰਵਨੀਤ ਬਿੱਟੂ
ਉਨ੍ਹਾਂ ਨੇ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਟਰੈਵਲ ਏਜੰਟਾਂ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਇੱਕ ਦੋ ਮਹੀਨੇ ਪਹਿਲਾਂ ਭੇਜੇ ਹੋਏ ਭਾਰਤੀਆਂ ਨੂੰ ਅਮਰੀਕਾ ਵਿਖੇ ਹਿਰਾਸਤ ਵਿੱਚ ਆਉਣ ਤੋਂ ਰੋਕਣ ਲਈ ਯਤਨ ਕਰਨੇ ਚਾਹੀਦੇ ਹਨ। ਅਜਿਹੇ ਟਰੈਵਲ ਏਜੰਟ ਆਪਣੇ ਵਿਦੇਸ਼ ਬੈਠੇ ਸਾਥੀਆਂ ਨੂੰ ਸੂਚਿਤ ਕਰਨ ਕਿ ਉਹਨਾਂ ਨੂੰ ਡੰਕੀ ਰੂਟ ਰਾਹੀਂ ਨਾ ਭੇਜਿਆ ਜਾਵੇ। ਹੁਣ ਅਮਰੀਕਾ ਵਿੱਚ ਸਰਕਾਰ ਬਦਲ ਚੁੱਕੀ ਹੈ ਅਤੇ ਡੰਕੀ ਰੂਟ ਰਾਹੀਂ ਜਾਣ ਵਾਲਿਆਂ ਨੂੰ ਸਰਹੱਦ ’ਤੇ ਹੀ ਹਿਰਾਸਤ ਵਿੱਚ ਲੈ ਕੇ ਡਿਪੋਰਟ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਵਾਪਸ ਪਰਤ ਰਹੇ ਪੰਜਾਬ ਦੇ ਲੋਕਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ ਉਨ੍ਹਾਂ ਨੂੰ ਨੌਕਰੀ ਦਿੱਤੀ ਜਾਵੇ ਅਤੇ ਧੋਖੇ ਨਾਲ ਟਰੈਵਲ ਏਜੰਟਾਂ ਵੱਲੋਂ ਖੋਹੀ ਗਈ ਉਨ੍ਹਾਂ ਦੀ ਧੰਨ ਰਾਸ਼ੀ ਵਾਪਸ ਕਰਵਾਈ ਜਾਵੇ।
ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਬਦਤਰ ਹੋ ਚੁੱਕੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਮੁੱਖ ਮੰਤਰੀ ਵੀ ਬਦਲਿਆ ਜਾ ਸਕਦਾ ਹੈ ਕਿਉਂਕਿ ਇਸ ਵੇਲੇ ਕਈ ਹੋਰ ‘ਆਪ’ ਆਗੂ ਮੁੱਖ ਮੰਤਰੀ ਬਣਨ ਦਾ ਦਾਅਵਾ ਕਰ ਰਹੇ ਹਨ, ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਤੋਂ ਅੱਜ ਹਰ ਵਰਗ ਖੁਸ਼ !