Code Of Ethics

Download app

Subscribe To Print Edition

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵਲੋਂ ਰੈਡ ਕਰਾਸ ਇੰਟੀਗ੍ਰੇਟਿਡ ਐਂਡ ਰੀਹੈਬਿਲਿਟੇਸ਼ਨ ਸੈਂਟਰ ਫਾਰ ਐਡਿਕਟਸ ਵਿਖੇ “ਯੂਥ ਅਗੇਨਸਟ ਡਰੱਗਜ਼” ਮੁਹਿੰਮ ਤਹਿਤ ਜਾਗਰੂਕਤਾ ਸੈਮੀਨਾਰ

ਗੁਰਦਾਸਪੁਰ, 3 ਜਨਵਰੀ ( ਪੰਜਾਬੀ ਅੱਖਰ / ਬਿਊਰੋ ) :- ਮਾਣਯੋਗ ਜਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਦਿਲਬਾਗ ਸਿੰਘ ਜੋਹਲ ਅਤੇ ਮਾਣਯੋਗ ਸੀ.ਜੀ.ਐੱਮ ਸ੍ਰੀ ਹਰਪ੍ਰੀਤ ਸਿੰਘ, ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸ੍ਰੀ ਰਣਜੋਧ ਸਿੰਘ ਬੱਲ, ਨੇ ਅੱਜ ਰੈਡ ਕ੍ਰਾਸ ਇੰਟੀਗ੍ਰੇਟਿਡ ਐਂਡ ਰੀਹੈਬਿਲਿਟੇਸ਼ਨ ਸੈਂਟਰ ਫਾਰ ਐਡਿਕਟਸ ਵਿਖੇ “ਯੂਥ ਅਗੇਨਸਟ ਡਰੱਗਜ਼” ਮੁਹਿੰਮ ਤਹਿ ਜਾਗਰੂਕਤਾ ਸੈਮੀਨਾਰ ਵਿੱਚ ਭਾਗ ਲਿਆ। ਇਸ ਸੈਮੀਨਾਰ ਵਿੱਚ ਸੈਂਟਰ ਦੇ ਸਟਾਫ ਸਮੇਤ ਕੁੱਲ 50 ਭਾਗੀਦਾਰਾਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਸ੍ਰੀ ਰਣਜੋਧ ਸਿੰਘ ਬੱਲ ਵੱਲੋਂ ਨਸ਼ਾ ਮੁਕਤੀ ਸਬੰਧੀ ਲੈਕਚਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਨਿਆਂਪਾਲਿਕਾ ਨਸ਼ੇ ਦੀ ਚਪੇਟ ਵਿੱਚ ਆਏ ਨੌਜਵਾਨਾਂ ਦੀ ਹਰ ਸੰਭਵ ਮਦਦ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਨਸ਼ਾ ਪੀੜਤ ਨੌਜਵਾਨਾਂ ਨੂੰ ਐਨ.ਡੀ.ਪੀ.ਐਸ ਐਕਟ ਸਬੰਧੀ ਮੁਫ਼ਤ ਕਾਨੂੰਨੀ ਜਾਣਕਾਰੀ, ਰਜਿਸਟਰਡ ਕੌਂਸਲਿੰਗ ਸੇਵਾਵਾਂ, ਰੀਹੈਬਿਲਿਟੇਸ਼ਨ ਸੈਂਟਰਾਂ ਨਾਲ ਜੋੜਨ, ਜਾਗਰੂਕਤਾ ਪ੍ਰੋਗਰਾਮਾਂ, ਰੈਲੀਆਂ ਅਤੇ ਨੁੱਕੜ ਨਾਟਕਾਂ ਰਾਹੀਂ ਸਹਾਇਤਾ ਪ੍ਰਦਾਨ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਨੌਜਵਾਨਾਂ ਲਈ ਟੋਲ ਫ੍ਰੀ ਹੈਲਪਲਾਈਨ ਨੰਬਰ 15100 ਬਾਰੇ ਵੀ ਜਾਣਕਾਰੀ ਦਿੱਤੀ।

ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋਜੈਕਟ ਡਾਇਰੈਕਟਰ ਰੋਮੇਸ਼ ਮਹਾਜਨ, ਨੈਸ਼ਨਲ ਅਵਾਰਡੀ ਨੇ ਸਭ ਤੋਂ ਪਹਿਲਾਂ ਨਿਆਂਪਾਲਿਕਾ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਕੀਤੀ ਗਈ ਪਹਿਲਕਦਮੀ ਲਈ ਧੰਨਵਾਦ ਕੀਤਾ ਅਤੇ ਪੰਜਾਬ ਸਰਕਾਰ ਵੱਲੋਂ ਅਜਿਹੀਆਂ ਮੁਹਿੰਮਾਂ ਸ਼ੁਰੂ ਕਰਨ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਪੰਜਾਬ ਸਰਕਾਰ ਦੀ ਇਸ ਪਹਿਲ ਦੀ ਵਿਸ਼ੇਸ਼ ਤੌਰ ‘ਤੇ ਤਾਰੀਫ਼ ਕੀਤੀ ਕਿ ਨਸ਼ਾ ਛੱਡ ਚੁੱਕੇ ਸੁਧਰੇ ਹੋਏ ਨੌਜਵਾਨਾਂ ਨੂੰ ਅਗਲੇ ਪੜਾਅ ਵਿੱਚ ਨਸ਼ਿਆਂ ਵਿਰੁੱਧ ਜੰਗ ਦੀ ਅਗਵਾਈ ਲਈ ਅੱਗੇ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੂੰ “ਸੂਰਮੇ” ਮੰਨ ਕੇ “ਪਿੰਡਾਂ ਦੇ ਪਹਰੇਦਾਰ” ਵਜੋਂ ਆਪਣੇ-ਆਪਣੇ ਪਿੰਡਾਂ ਵਿੱਚ ਨਸ਼ਿਆਂ ਦੇ ਖਿਲਾਫ਼ ਅਹਿਮ ਭੂਮਿਕਾ ਨਿਭਾਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ।

ਆਖਰ ਵਿੱਚ ਉਨ੍ਹਾਂ ਸੈਂਟਰ ਵਿੱਚ ਇਲਾਜ ਅਧੀਨ ਮਰੀਜ਼ਾਂ ਨੂੰ ਨਸ਼ਾ ਮੁਕਤ ਜੀਵਨ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਐਨ.ਜੀ.ਓਜ਼ ਤੇ ਪੰਜਾਬ ਸਰਕਾਰ ਨਾਲ ਮਿਲ ਕੇ ਪੰਜਾਬ ਨੂੰ ਨਸ਼ਾ ਮੁਕਤ ਰਾਜ ਬਣਾਉਣ ਲਈ ਸਾਂਝੀ ਕੋਸ਼ਿਸ਼ ਕਰਨ ਦੀ ਅਪੀਲ ਕੀਤੀ।

Advertisment