ਹਾਇਡਰੋ ਪ੍ਰੋਜੈਕਟ ਵਿੱਚ ਸ਼ਿਫਟ ਬਦਲਣ ਵੇਲੇ ਵਾਪਰਿਆ ਹਾਦਸਾ; ਉੱਚ ਪੱਧਰੀ ਜਾਂਚ ਦੇ ਹੁਕਮ
ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਇੱਕ ਨਿਰਮਾਣ ਅਧੀਨ ਹਾਇਡਰੋ ਪ੍ਰੋਜੈਕਟ ਦੀ ਸੁਰੰਗ ਵਿੱਚ ਦੋ ਲੋਕੋ-ਟ੍ਰੇਨਾਂ (ਮਜ਼ਦੂਰਾਂ ਨੂੰ ਲਿਜਾਣ ਵਾਲੀਆਂ ਗੱਡੀਆਂ) ਦੀ ਆਪਸੀ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਵਿੱਚ ਕੁੱਲ 86 ਲੋਕ ਜ਼ਖ਼ਮੀ ਹੋਏ ਹਨ।
ਇਹ ਹਾਦਸਾ ਮੰਗਲਵਾਰ ਰਾਤ ਕਰੀਬ 9:30 ਵਜੇ ਪੀਪਲਕੋਟੀ ਇਲਾਕੇ ਵਿੱਚ ਸਥਿਤ THDC ਹਾਇਡਰੋਇਲੈਕਟ੍ਰਿਕ ਪ੍ਰੋਜੈਕਟ ਦੇ ਅੰਦਰ ਵਾਪਰਿਆ।ਜਾਣਕਾਰੀ ਮੁਤਾਬਕ, ਸੁਰੰਗ ਦੇ ਅੰਦਰ ਮਜ਼ਦੂਰਾਂ ਦੀ ਸ਼ਿਫਟ ਬਦਲੀ ਜਾ ਰਹੀ ਸੀ। ਮਜ਼ਦੂਰਾਂ ਨੂੰ ਅੰਦਰ ਲਿਜਾਣ ਅਤੇ ਬਾਹਰ ਲਿਆਉਣ ਲਈ ਦੋ ਵੱਖ-ਵੱਖ ਰੇਲ ਗੱਡੀਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਸੁਰੰਗ ਦੇ ਅੰਦਰ ਹੀ ਆਪਸ ਵਿੱਚ ਟਕਰਾ ਗਈਆਂ। ਹਾਦਸੇ ਵੇਲੇ ਦੋਵਾਂ ਗੱਡੀਆਂ ਵਿੱਚ ਕੁੱਲ 109 ਮਜ਼ਦੂਰ ਸਵਾਰ ਸਨ।
ਉਤਰਾਖੰਡ ਦੇ ਮੁੜ-ਵਸੇਬਾ ਸਕੱਤਰ ਵਿਨੋਦ ਕੁਮਾਰ ਸੁਮਨ ਨੇ ਦੱਸਿਆ ਕਿ 68 ਜ਼ਖ਼ਮੀਆਂ ਨੂੰ ਚਮੋਲੀ ਦੇ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।, 18 ਹੋਰਾਂ ਦਾ ਇਲਾਜ ਪੀਪਲਕੋਟੀ ਦੇ ਹਸਪਤਾਲ ਵਿੱਚ ਚੱਲ ਰਿਹਾ ਹੈ ਅਤੇ ਚਾਰ ਮਜ਼ਦੂਰਾਂ ਦੇ ਮਾਮੂਲੀ ਫਰੈਕਚਰ ਹੋਏ ਹਨ, ਜਦੋਂਕਿ ਬਾਕੀ ਸਾਰੇ ਖ਼ਤਰੇ ਤੋਂ ਬਾਹਰ ਹਨ। ਕਈਆਂ ਨੂੰ ਮੁਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।
ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਚਮੋਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਗੌਰਵ ਕੁਮਾਰ ਨੇ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਆਫ਼ਤ ਪ੍ਰਬੰਧਨ ਵਿਭਾਗ ਵੱਲੋਂ ਸਬੰਧਤ ਕੰਪਨੀ ਨੂੰ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਅਣਗਹਿਲੀਆਂ ਨੂੰ ਰੋਕਿਆ ਜਾ ਸਕੇ।
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਪ੍ਰਸ਼ਾਸਨ ਦੇ ਸੰਪਰਕ ਵਿੱਚ ਹਨ ਅਤੇ ਨਿਰਦੇਸ਼ ਦਿੱਤੇ ਹਨ ਕਿ ਜ਼ਖ਼ਮੀਆਂ ਦੇ ਇਲਾਜ ਵਿੱਚ ਕੋਈ ਕਮੀ ਨਾ ਛੱਡੀ ਜਾਵੇ। ਜੇਕਰ ਲੋੜ ਪਈ ਤਾਂ ਮਜ਼ਦੂਰਾਂ ਨੂੰ ਵੱਡੇ ਹਸਪਤਾਲਾਂ ਵਿੱਚ ਰੈਫਰ ਕੀਤਾ ਜਾਵੇਗਾ।





















