ਹਾਕੀ: ਓਲੰਪਿਕ ’ਚ ਭਾਰਤ ਦੀ ਆਸਟਰੇਲੀਆ ਖ਼ਿਲਾਫ਼ 52 ਸਾਲਾਂ ਬਾਅਦ ਪਹਿਲੀ ਜਿੱਤ ਭਾਰਤੀ ਟੀਮ ਨੇ ਆਖਰੀ ਪੂਲ ਮੈਚ ’ਚ ਕੰਗਾਰੂਆਂ ਨੂੰ 3-2 ਗੋਲਾਂ ਨਾਲ ਹਰਾਇਆ

 

ਪੈਰਿਸ, 2 ਅਗਸਤ

ਭਾਰਤ ਨੇ ਪੈਰਿਸ ਓਲੰਪਿਕ ਵਿਚ ਪੁਰਸ਼ਾਂ ਦੇ ਪੂਲ-ਬੀ ਦੇ ਹਾਕੀ ਮੁਕਾਬਲੇ ਵਿੱਚ ਅੱਜ ਆਸਟਰੇਲੀਆ ਨੂੰ 3-2 ਨਾਲ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ। ਭਾਰਤ ਦੀ ਓਲੰਪਿਕ ’ਚ ਆਸਟਰੇਲੀਆ ਖ਼ਿਲਾਫ਼ 52 ਸਾਲਾਂ ਬਾਅਦ ਇਹ ਪਹਿਲੀ ਜਿੱਤ ਹੈ। ਇਸ ਤੋਂ ਪਹਿਲਾਂ ਭਾਰਤ ਨੇ ਕੰਗਾਰੂ ਟੀਮ ਨੂੰ 1972 ਦੀਆਂ ਮਿਊਨਿਖ ਓਲੰਪਿਕ ਖੇਡਾਂ ’ਚ ਹਰਾਇਆ ਸੀ। ਪਹਿਲਾਂ ਹੀ ਕੁਆਰਟਰ ਫਾਈਨਲ ’ਚ ਪਹੁੰਚ ਚੁੱਕੇ ਭਾਰਤ ਲਈ ਅੱਜ ਆਖਰੀ ਪੂਲ ਮੈਚ ’ਚ ਅਭਿਸ਼ੇਕ ਨੇ 12ਵੇਂ ਮਿੰਟ ’ਚ ਪਹਿਲਾ ਗੋਲ ਕੀਤਾ ਜਦਕਿ ਕਪਤਾਨ ਹਰਮਨਪ੍ਰੀਤ ਸਿੰਘ ਨੇ 13ਵੇਂ ਤੇ 32ਵੇਂ ਮਿੰਟ ਵਿਚ ਦੋ ਗੋਲ ਕੀਤੇ।

ਵਿਰੋਧੀ ਟੀਮ ਆਸਟਰੇਲੀਆ ਲਈ ਕਰੈਗ ਨੇ 25ਵੇਂ ਤੇ ਗੋਵਰਜ਼ ਨੇ 55ਵੇਂ ਮਿੰਟ ਵਿੱਚ ਗੋਲ ਕੀਤੇ। ਅੱਜ ਦੀ ਜਿੱਤ ਨਾਲ ਭਾਰਤ ਦੇ ਪੰਜ ਮੈਚਾਂ ਵਿੱਚੋਂ ਤਿੰਨ ਜਿੱਤਾਂ, ਇਕ ਡਰਾਅ ਤੇ ਇਕ ਹਾਰ ਨਾਲ 10 ਅੰਕ ਹੋ ਗਏ ਹਨ ਤੇ ਪੂਲ ’ਚ ਬੈਲਜੀਅਮ ਤੋਂ ਬਾਅਦ ਦੂਜੇ ਸਥਾਨ ’ਤੇ ਰਹੀ ਹੈ। ਕੁਆਰਟਰ ਫਾਈਨਲ ’ਚ ਭਾਰਤੀ ਟੀਮ ਦਾ ਮੁਕਾਬਲਾ ਪੂਲ-ਏ ਦੀ ਤੀਜੇ ਨੰਬਰ ਦੀ ਟੀਮ ਨਾਲ ਹੋਵੇਗਾ।

ਮੈਚ ਦੌਰਾਨ ਭਾਰਤੀ ਟੀਮ ਨੇ ਹਮਲਾਵਰ ਖੇਡ ਦਿਖਾਈ। ਆਪਣਾ ਆਖਰੀ ਕੌਮਾਂਤਰੀ ਟੂਰਨਾਮੈਂਟ ਖੇਡ ਰਹੇ ਗੋਲਕੀਪਰ ਪੀਆਰ ਸ੍ਰੀਜੇਸ਼ ਨੇ ਮੈਚ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕੰਧ ਬਣ ਕੇ ਖੜ੍ਹਦਿਆਂ ਆਸਟਰੇਲਿਆਈ ਖਿਡਾਰੀਆਂ ਦੀਆਂ ਗੋਲ ਕਰਨ ਦੀਆਂ ਕਈ ਕੋਸ਼ਿਸ਼ਾਂ ਨਾਕਾਮ ਬਣਾਈਆਂ। ਉਪ ਕਪਤਾਨ ਹਾਰਦਿਕ ਸਿੰਘ ਨੇ ਵਧੀਆ ਖੇਡ ਦਾ ਮੁਜ਼ਾਹਰਾ ਕੀਤਾ ਤੇ ਭਾਰਤੀ ਡਿਫੈਂਡਰਾਂ ਨੇ ਆਸਟਰੇਲੀਆ ਨੂੰ ਜਿੱਤ ਹਾਸਲ ਕਰਨ ਤੋਂ ਰੋਕ ਦਿੱਤਾ।

ਅਜਿਹੀ ਜਿੱਤ ਦੀ ਲੋੜ ਸੀ: ਹਰਮਨਪ੍ਰੀਤ

ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਕੁਆਰਟਰ ਫਾਈਨਲ ਤੋਂ ਪਹਿਲਾਂ ਅਜਿਹੀ ਜਿੱਤ ਜ਼ਰੂਰੀ ਸੀ। ਮੈਚ ਤੋਂ ਬਾਅਦ ਹਰਮਨਪ੍ਰੀਤ ਨੇ ਕਿਹਾ, ‘‘ਇਹ ਅਹਿਮ ਮੈਚ ਸੀ। ਸਾਨੂੰ ਕੁਆਰਟਰ ਫਾਈਨਲ ਤੋਂ ਪਹਿਲਾਂ ਅਜਿਹੀ ਜਿੱਤ ਦੀ ਲੋੜ ਸੀ। ਅਸੀਂ ਸ਼ੁਰੂ ਤੋਂ ਹੀ ਦਬਦਬਾ ਬਣਾਈ ਰੱਖਿਆ। ਆਸਟਰੇਲੀਆ ਨੂੰ ਹਰਾਉਣਾ ਮਾਣ ਵਾਲੀ ਗੱਲ ਹੈ।’’ ਉਨ੍ਹਾਂ ਕਿਹਾ, ‘‘ਕੁਆਰਟਰ ਫਾਈਨਲ ’ਚ ਸਾਨੂੰ ਹੋਰ ਚੌਕਸ ਹੋ ਕੇ ਖੇਡਣਾ ਪਵੇਗਾ। ਕਿਸੇ ਦੀ ਗਲਤੀ ਦੀ ਗੁੰਜਾਇਸ਼ ਨਹੀਂ ਹੈ।’’

ਮੈਂ ਇਸ ਪੀੜ੍ਹੀ ਲਈ ਧੰਨਰਾਜ ਪਿੱਲੇ ਹਾਂ: ਸ੍ਰੀਜੇਸ਼

ਗੋਲਕੀਪਰ ਪੀਆਰ ਸ੍ਰੀਜੇਸ਼ ਨੇ ਕਿਹਾ, ‘‘ਮੈਂ ਮੌਜੂਦਾ ਟੀਮ ਦੇ ਨੌਜਵਾਨ ਖਿਡਾਰੀਆਂ ਲਈ ਧੰਨਰਾਜ ਪਿੱਲੇ ਹਾਂ।’’ ਮੈਚ ਮਗਰੋਂ ਸ੍ਰੀਜੇਸ਼ ਨੇ ਆਖਿਆ, ‘‘ਮੈਂ ਇਸ ਟੀਮ ’ਚ ਚੌਥੀ ਪੀੜ੍ਹੀ ਨਾਲ ਖੇਡ ਰਿਹਾ ਹਾਂ। ਜਦੋਂ ਮੈਂ ਹਾਕੀ ਖੇਡਣੀ ਸ਼ੁਰੂ ਕੀਤੀ ਸੀ ਇਨ੍ਹਾਂ ਵਿੱਚੋਂ ਕੁਝ ਦਾ ਤਾਂ ਜਨਮ ਵੀ ਨਹੀਂ ਹੋਇਆ ਸੀ। ਕੁਝ ਸਾਲ ਪਹਿਲਾਂ ਲੋਕ ਧੰਨਰਾਜ ਪਿੱਲੇ ਲਈ ਜਿੱਤਣਾ ਚਾਹੁੰਦੇ ਸਨ ਤੇ ਹੁਣ ਮੇਰੇ ਲਈ। ਮੈਂ ਇਸ ਪੀੜ੍ਹੀ ਲਈ ਧੰਨਰਾਜ ਪਿੱਲੇ ਹਾਂ। ਮੈਨੂੰ ਹੋਰ ਕੀ ਚਾਹੀਦਾ ਹੈੈ?’’

ਮੁੱਖ ਮੰਤਰੀ ਮਾਨ ਵੱਲੋਂ ਹਾਕੀ ਟੀਮ ਨੂੰ ਵਧਾਈ

ਚੰਡੀਗੜ੍ਹ (ਟਨਸ):

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰਤੀ ਹਾਕੀ ਟੀਮ ਨੂੰ ਪੈਰਿਸ ਓਲੰਪਿਕ ’ਚ ਆਸਟਰੇਲੀਆ ਖ਼ਿਲਾਫ਼ ਇਤਿਹਾਸਕ ਜਿੱਤ ਦਰਜ ਕਰਨ ਲਈ ਵਧਾਈ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ, ‘‘ਭਾਰਤ ਨੇ 52 ਸਾਲਾਂ ਦੇ ਵਕਫ਼ੇ ਮਗਰੋਂ ਆਸਟਰੇਲੀਆ ਨੂੰ ਹਰਾਇਆ ਹੈ। ਇਹ ਬੜੇ ਮਾਣ ਅਤੇ ਸੰਤੁਸ਼ਟੀ ਵਾਲੀ ਗੱਲ ਹੈ। ਉਮੀਦ ਹੈ ਕਿ ਇਹ ਇਤਿਹਾਸਕ ਜਿੱਤ ਦੇਸ਼ ’ਚ ਕੌਮੀ ਖੇਡ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਲਈ ਰਾਹ ਪੱਧਰਾ ਕਰੇਗੀ।’’ ਮਾਨ ਨੇ ਭਾਰਤੀ ਟੀਮ ਨੂੰ ਨਾਕਆਊਟ ਮੈਚਾਂ ਲਈ ਸ਼ੁੱਭ-ਕਾਮਨਾਵਾਂ ਵੀ ਦਿੱਤੀਆਂ।

 

Leave a Comment

[democracy id="1"]

You May Like This