ਸੰਗਤ ਮੰਡੀ, 30 ਮਾਰਚ

ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਉਨ੍ਹਾਂ ਦਾ ਮੁਕਾਬਲਾ ਜਰਵਾਣਿਆਂ ਨਾਲ ਹੈ ਜਿਨ੍ਹਾਂ ਕੋਲ ਪੈਸੇ ਦੀ ਤਾਕਤ ਹੈ ਪਰ ਉਸ ਕੋਲ ਗੁਰੂ ਦਾ ਓਟ ਆਸਰਾ ਅਤੇ ਲੋਕਾਂ ਦੀ ਤਾਕਤ ਹੈ। ਇਸ ਲਈ ਬਠਿੰਡਾ ਲੋਕ ਸਭਾ ਹਲਕੇ ਤੋਂ ਉਨ੍ਹਾਂ ਨੂੰ ਵੱਡੀ ਜਿੱਤ ਪ੍ਰਾਪਤ ਹੋਵੇਗੀ। ਬਠਿੰਡਾ ਦਿਹਾਤੀ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ‘ਆਪ’ ਉਮੀਦਵਾਰ ਨੇ ਕਿਹਾ ਕਿ ਜੇਕਰ ਲੋਕ ਸਿਆਸਤ ਦੇ ਬੋਹੜ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਸਕਦੇ ਹਨ ਤਾਂ ਹਰਸਿਮਰਤ ਕੌਰ ਬਾਦਲ ਨੂੰ ਵੀ ਹਰਾਉਣਗੇ। ਉਨ੍ਹਾਂ ਆਪਣੇ ਮਰਹੂਮ ਪਿਤਾ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੀ ਗੱਲ ਕਰਦਿਆਂ ਕਿਹਾ ਕਿ ਬਹੁਤੇ ਲੋਕਾਂ ਨੇ ਪੈਸਿਆਂ ਅਤੇ ਤਾਕਤ ਨਾਲ ਸਿਆਸਤ ਕੀਤੀ ਜਦੋਂ ਕਿ ਉਨ੍ਹਾਂ ਦੇ ਪਿਤਾ ਨੇ ਨੀਵੇਂ ਹੋ ਕੇ ਇਮਾਨਦਾਰੀ ਦੀ ਸਿਆਸਤ ਨਾਲ ਲੋਕਾਂ ਦੇ ਦਿਲ ਜਿੱਤੇ ਸਨ। ਇਸ ਮੌਕੇ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਭੱਲਾ ਨੇ ਮੀਟਿੰਗ ਵਿੱਚ ਪਹੁੰਚੇ ਹਲਕਾ ਵਾਸੀਆਂ ਦਾ ਧੰਨਵਾਦ ਕੀਤਾ।





















