ਮੀਟਿੰਗ ਵਿੱਚ ਕਈ ਅਹਿਮ ਮੰਗਾਂ ਮੰਨੇ ਜਾਣ ਦਾ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਕੋਈ ਸਹਿਮਤੀ ਨਾ ਬਣ ਸਕੀ
ਪੰਜਾਬ ਸਰਕਾਰ ਵੱਲੋਂ ਗਠਿਤ ਤਿੰਨ ਮਹਿਲਾ ਆਈ ਏ ਐੱਸ ਅਧਿਕਾਰੀਆਂ ਦੀ ਕਮੇਟੀ ਵੱਲੋਂ ਅੱਜ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਦੂਜੀ ਮੀਟਿੰਗ ਕੀਤੀ ਗਈ। ਇਹ ਮੀਟਿੰਗ ਅੱਜ ਦੇਰ ਸ਼ਾਮ ਇਥੇ ਪਰਿਵੰਦਰ ਸਿੰਘ ਝੋਟਾ ਕਤਲ ਕਾਂਡ ਸਬੰਧੀ ਬਣੀ ਐਕਸ਼ਨ ਕਮੇਟੀ ਅਤੇ ਪਰਿਵਾਰਕ ਮੈਂਬਰਾਂ ਨਾਲ ਇੱਥੋਂ ਦੇ ਜ਼ਿਲ੍ਹਾ ਪਰਿਸ਼ਦ ਹਾਲ ਵਿੱਚ ਹੋਈ ਹੈ।
ਗੌਰਤਲਬ ਹੈ ਕਿ ਦੂਜੇ ਗੇੜ ਦੀ ਇਹ ਮੀਟਿੰਗ ਭਾਵੇਂ ਪੋਸਟਮਾਰਟਮ ਸਮੇਤ ਅੰਤਿਮ ਸਸਕਾਰ ਦਾ ਰਾਹ ਪੱਧਰਾ ਕਰਨ ਲਈ ਰੱਖੀ ਗਈ ਸੀ, ਪਰ ਮੀਟਿੰਗ ਵਿੱਚ ਕਈ ਅਹਿਮ ਮੰਗਾਂ ਮੰਨੇ ਜਾਣ ਦਾ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਕੋਈ ਸਹਿਮਤੀ ਨਹੀਂ ਬਣ ਸਕੀ।
ਇਸ ਮੀਟਿੰਗ ਦੌਰਾਨ ਮਾਨਸਾ ਦੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਤੋਂ ਇਲਾਵਾ ਅਪਨੀਤ ਰਿਆਤ, ਕੰਵਲਜੀਤ ਕੌਰ ਬਰਾੜ ਤੋਂ ਇਲਾਵਾ ਡੀਆਈਜੀ ਹਰਜੀਤ ਸਿੰਘ, ਐਸਐਸਪੀ ਵੈਭਵ ਚੌਧਰੀ ਅਤੇ ਹੋਰ ਉਚ ਅਧਿਕਾਰੀ ਮੌਜੂਦ ਸਨ। ਮੀਟਿੰਗ ਦੌਰਾਨ ਚਾਰ ਜ਼ਖ਼ਮੀਆਂ ਨੂੰ ਪੰਜ-ਪੰਜ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ। ਚਾਰੇ ਜ਼ਖਮੀਆਂ ਦੇ ਇਲਾਜ ਦਾ ਖਰਚ ਪੰਜਾਬ ਸਰਕਾਰ ਵੱਲੋਂ ਦੇਣ ਦਾ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਿਆ ਹੈ।
ਇਸੇ ਤਰ੍ਹਾਂ ਪਰਵਿੰਦਰ ਸਿੰਘ ਝੋਟਾ, ਉਨ੍ਹਾਂ ਦੇ ਪਿਤਾ ਭੀਮ ਸਿੰਘ ਫੌਜੀ ਵੱਲੋਂ ਪਹਿਲਾਂ ਤੋਂ ਲੜੇ ਗਏ ਨਸ਼ਿਆਂ ਖਿਲਾਫ਼ ਸੰਘਰਸ਼ਾਂ ਅਤੇ ਫਲੈਕਸ ਪਾੜਨ ਸਬੰਧੀ ਦਰਜ ਕੀਤੇ ਗਏ ਪੁਲੀਸ ਕੇਸ ਰੱਦ ਕਰਨ ਦਾ ਭਰੋਸਾ ਵੀ ਦਿੱਤਾ ਗਿਆ, ਜਦੋਂ ਕਿ ਪਰਿਵਾਰ ਝੋਟਾ ਦੇ ਪਰਿਵਾਰ ਅਤੇ ਐਕਸ਼ਨ ਕਮੇਟੀ ਨੇ ਇਹ ਸਾਰਾ ਮਾਮਲਾ ਸੀਬੀਆਈ ਨੂੰ ਸੌਂਪਣ ਦੀ ਮੀਟਿੰਗ ਵਿੱਚ ਮੰਗ ਵੀ ਚੁੱਕੀ ਗਈ।
ਇਸ ਤੋਂ ਪਹਿਲਾਂ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਡੀਐੱਸਪੀ ਹਰਜਿੰਦਰ ਸਿੰਘ ਗਿੱਲ ਅਤੇ ਡਰੱਗ ਇੰਸਪੈਕਟਰ ਨਰੇਸ਼ ਕੁਮਾਰ ਸਸਪੈਂਡ ਕਰ ਦਿੱਤੇ ਗਏ ਹਨ। ਇਸ ਦੀ ਪੁਸ਼ਟੀ ਡੀਆਈਜੀ ਹਰਜੀਤ ਸਿੰਘ ਵਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ।




















