ਵਾਰਿਸ ਪੰਜਾਬ ਦੇ’ ਨੇ ਪੁਲੀਸ ਕਾਰਵਾਈ ਦੀ ਕੀਤੀ ਨਿਖੇਧੀ
ਮੁੱਖ ਮੰਤਰੀ ਭਗਵੰਤ ਮਾਨ ਦੇ ਪੋਸਟਰ ਪਾੜਨ ਦੇ ਮਾਮਲੇ ਵਿੱਚ ਨਾਭਾ ਸਦਰ ਪੁਲੀਸ ਨੇ ਸ਼ਨਿਚਰਵਾਰ ਦੁਪਹਿਰ ਲੁਬਾਣਾ ਟੇਕੂ ਪਿੰਡ ਦੇ ਨਸ਼ਾ ਵਿਰੋਧੀ ਕਾਰਕੁਨ ਕਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਹਾਲਾਂਕਿ ਇਸ ਦੇ ਸਬੰਧ ਵਿੱਚ ਸ਼ਾਮ ਕਰੀਬ ਚਾਰ ਵਜੇ ਜਦੋਂ ਵਾਰਿਸ ਪੰਜਾਬ ਦੇ ਨਾਲ ਜੁੜੇ ਲੋਕ ਨਾਭਾ ਸਦਰ ਥਾਣੇ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਉਦੋਂ ਤੱਕ ਕਰਮਜੀਤ ਸਿੰਘ ਨੂੰ ਜੇਲ੍ਹ ਭੇਜਿਆ ਜਾ ਚੁੱਕਾ ਸੀ।
ਕਰਮਜੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਾਰਿਸ ਪੰਜਾਬ ਦੇ ਦੇ ਵਰਕਰ ਐੱਸ ਜੀ ਪੀ ਸੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਦੀ ਅਗਵਾਈ ਹੇਠ ਨਾਭਾ ਸਦਰ ਥਾਣੇ ਦੇ ਬਾਹਰ ਇਕੱਠੇ ਹੋਏ। ਟੌਹੜਾ ਨੇ ਪੁਲੀਸ ਕਾਰਵਾਈ ਦੀ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ ਸਰਕਾਰ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਰਗਰਮ ਹਨ।
ਕਰਮਜੀਤ ਸਿੰਘ ਦੀ ਕਹਾਣੀ ਵੀ ਬਣੀ ਚਰਚਾ ਦਾ ਵਿਸ਼ਾ
ਕਰਮਜੀਤ ਕਿਸੇ ਸਮੇਂ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਸੀ। ਉਸ ਦੇ ਪਿਤਾ ਮਹਾ ਸਿੰਘ ਨੇ ਦੱਸਿਆ ਕਿ ਇੱਕ ਸਮਾਂ ਅਜਿਹਾ ਸੀ ਜਦੋਂ ਪਰਿਵਾਰ ਨੂੰ ਹਰ ਰੋਜ਼ ਇਹ ਡਰ ਰਹਿੰਦਾ ਸੀ ਕਿ ਸ਼ਾਇਦ ਅੱਜ ਉਸ(ਕਰਮਜੀਤ) ਦੀ ਜ਼ਿੰਦਗੀ ਦਾ ਆਖ਼ਰੀ ਦਿਨ ਹੋਵੇਗਾ, ਇਸ ਦੌਰਾਨ ਨਸ਼ਾ ਛੁਡਾਊ ਕੇਂਦਰ ਵੀ ਕੋਈ ਕੰਮ ਨਾ ਆਏ।
ਮਹਾ ਸਿੰਘ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਦਾਦਾ, ਜੋ ਵੰਡ ਦੇ ਸਮੇਂ ਮੂਲ ਰੂਪ ਵਿੱਚ ਮੁਸਲਿਮ ਸਨ, ਨੇ ਉਸ ਦੌਰ ਦੇ ਹਾਲਾਤਾਂ ਦੌਰਾਨ ਸਿੱਖ ਧਰਮ ਅਪਣਾ ਲਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਕਰਮਜੀਤ ਸਿੰਘ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿੱਚ ਰੋਹਟੀ ਪੁਲ ‘ਤੇ ਲਗਾਏ ਗਏ ਧਰਨੇ ਵਿੱਚ ਵੀ ਸ਼ਾਮਲ ਸੀ। ਉਸ ਦਿਨ ਕਈ ਲੋਕਾਂ ਨੇ ਮੁੱਖ ਮੰਤਰੀ ਦੇ ਪੋਸਟਰ ਪਾੜੇ ਸਨ, ਪਰ ਪੁਲੀਸ ਨੇ ਸਿਰਫ਼ ਉਸ ਦੇ ਪੁੱਤਰ ਨੂੰ ਹੀ ਨਿਸ਼ਾਨਾ ਬਣਾਇਆ ਹੈ।
ਉਧਰ ਨਾਭਾ ਸਦਰ ਥਾਣੇ ਦੇ ਐੱਸਐੱਚਓ ਜਸਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਕਰਮਜੀਤ ਸਿੰਘ ਅਤੇ 20 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।




















