ਜਨਵਰੀ ਤੋਂ ਸਤੰਬਰ ਦੌਰਾਨ 4,60,667 ਸੈਲਾਨੀਆਂ ਨੇ ਕੀਤਾ ਲੱਦਾਖ ਦਾ ਦੌਰਾ; ਵਿਦੇਸ਼ੀ ਅਤੇ ਦੇਸੀ ਸੈਲਾਨੀਆਂ ਦੀ ਗਿਣਤੀ ਵਿੱਚ ਵੀ ਭਾਰੀ ਉਛਾਲ
ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ ਸਤੰਬਰ ਤੱਕ 4.60 ਲੱਖ ਤੋਂ ਵੱਧ ਸੈਲਾਨੀ ਪਹੁੰਚੇ ਹਨ, ਜਿਸ ਨਾਲ ਪਿਛਲੇ ਸਾਲ ਇਸ ਖੇਤਰ ਵਿੱਚ ਆਏ ਕੁੱਲ ਸੈਲਾਨੀਆਂ ਦੀ ਗਿਣਤੀ ਪਿੱਛੇ ਛੁੱਟ ਗਈ ਹੈ।
1 ਜਨਵਰੀ ਤੋਂ 30 ਸਤੰਬਰ 2026 ਦਰਮਿਆਨ, ਲੱਦਾਖ ਵਿੱਚ 4,60,667 ਸੈਲਾਨੀ ਆਏ, ਜਦਕਿ ਪੂਰੇ ਸਾਲ 2025 ਦੌਰਾਨ ਇਹ ਗਿਣਤੀ 3,35,872 ਸੀ।
ਲੱਦਾਖ ਵਿੱਚ ਸੈਲਾਨੀਆਂ ਦੀ ਗਿਣਤੀ ਵਿੱਚ ਲਗਾਤਾਰ ਵੱਡਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸਤੰਬਰ 2026 ਵਿੱਚ ਇੱਥੇ 55,582 ਸੈਲਾਨੀ ਪਹੁੰਚੇ, ਜਦਕਿ ਸਤੰਬਰ 2025 ਵਿੱਚ ਇਹ ਗਿਣਤੀ 34,610 ਸੀ।
ਇੱਕ ਅਧਿਕਾਰਤ ਬਿਆਨ ਵਿੱਚ, ਉਪ ਰਾਜਪਾਲ (LG) ਵਿਨੈ ਕੁਮਾਰ ਸਕਸੈਨਾ ਨੇ ਇਸ ਵੱਡੇ ਵਾਧੇ ਦਾ ਸਿਹਰਾ ਬਿਹਤਰ ਕਨੈਕਟੀਵਿਟੀ ਅਤੇ ਲੱਦਾਖ ਬਾਈਕ ਵੀਕ, ਲੱਦਾਖ ਮੈਰਾਥਨ, ਲੱਦਾਖ ਫੈਸਟੀਵਲਜ਼ ਵਰਗੇ ਪ੍ਰੋਗਰਾਮਾਂ ਦੇ ਪ੍ਰਚਾਰ ਨੂੰ ਦਿੱਤਾ।
ਲੱਦਾਖ ਵਿੱਚ ਜਨਵਰੀ ਤੋਂ ਸਤੰਬਰ 2025 ਦਰਮਿਆਨ 2,78,599 ਸੈਲਾਨੀ ਆਏ ਸਨ, ਜਦੋਂ ਕਿ 2026 ਵਿੱਚ ਇਸੇ ਸਮੇਂ ਦੌਰਾਨ ਇਹ ਗਿਣਤੀ ਵੱਧ ਕੇ 4,60,667 ਹੋ ਗਈ, ਜਿਸ ਨਾਲ 65.38% ਦਾ ਵੱਡਾ ਵਾਧਾ ਦਰਜ ਕੀਤਾ ਗਿਆ।
ਦੇਸੀ ਅਤੇ ਵਿਦੇਸ਼ੀ ਦੋਵਾਂ ਵਰਗਾਂ ਦੇ ਸੈਲਾਨੀਆਂ ਦੀ ਆਮਦ ਵਿੱਚ ਵਾਧਾ ਹੋਇਆ ਹੈ। 2026 ਦੇ ਪਹਿਲੇ ਨੌਂ ਮਹੀਨਿਆਂ ਦੌਰਾਨ, ਲੱਦਾਖ ਨੇ 4,20,927 ਘਰੇਲੂ ਸੈਲਾਨੀਆਂ ਅਤੇ 39,740 ਵਿਦੇਸ਼ੀ ਸੈਲਾਨੀਆਂ ਦਾ ਸਵਾਗਤ ਕੀਤਾ, ਜਦਕਿ 2025 ਦੇ ਇਸੇ ਸਮੇਂ ਦੌਰਾਨ 3,03,838 ਘਰੇਲੂ ਅਤੇ 32,034 ਵਿਦੇਸ਼ੀ ਸੈਲਾਨੀ ਆਏ ਸਨ। ਇਹ ਘਰੇਲੂ ਸੈਲਾਨੀਆਂ ਦੀ ਆਮਦ ਵਿੱਚ ਲਗਪਗ 38.54 ਫੀਸਦੀ ਅਤੇ ਵਿਦੇਸ਼ੀ ਸੈਲਾਨੀਆਂ ਵਿੱਚ 24.06 ਫੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ।
ਉਪ ਰਾਜਪਾਲ ਸਕਸੈਨਾ ਨੇ ਗਰਮੀਆਂ ਦੇ ਮੁੱਖ ਸੀਜ਼ਨ ਤੋਂ ਇਲਾਵਾ ਵੀ ਸੈਰ-ਸਪਾਟੇ ਨੂੰ ਵਧਾਉਣ ਲਈ ਤਿਉਹਾਰਾਂ ਅਤੇ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਸਕਸੈਨਾ ਨੇ ਕਿਹਾ, “ਸਾਡਾ ਟੀਚਾ ਆਫ-ਸੀਜ਼ਨ ਅਤੇ ਆਮ ਦਿਨਾਂ ਦੌਰਾਨ ਵੀ ਯਾਤਰਾ ਨੂੰ ਉਤਸ਼ਾਹਿਤ ਕਰਨਾ ਹੈ, ਤਾਂ ਜੋ ਸੈਰ-ਸਪਾਟਾ ਆਰਥਿਕਤਾ ਵਿੱਚ ਵਿਭਿੰਨਤਾ ਲਿਆਂਦੀ ਜਾ ਸਕੇ ਅਤੇ ਸਥਾਨਕ ਨਿਵਾਸੀਆਂ ਲਈ ਲਗਾਤਾਰ ਰੋਜ਼ੀ-ਰੋਟੀ ਦੇ ਮੌਕੇ ਪੈਦਾ ਕੀਤੇ ਜਾ ਸਕਣ। ਪ੍ਰਸ਼ਾਸਨ ਦਾ ਧਿਆਨ ਸਿਰਫ਼ ਸੈਲਾਨੀਆਂ ਦੀ ਗਿਣਤੀ ਵਧਾਉਣ ਤੱਕ ਸੀਮਤ ਨਹੀਂ ਹੈ, ਸਗੋਂ ਇਹ ਯਕੀਨੀ ਬਣਾਉਣ ‘ਤੇ ਵੀ ਹੈ ਕਿ ਸੈਰ-ਸਪਾਟੇ ਦੇ ਵਾਧੇ ਨਾਲ ਸਥਾਨਕ ਭਾਈਚਾਰਿਆਂ ਨੂੰ ਸਿੱਧਾ ਫਾਇਦਾ ਮਿਲੇ।”





















